ਏਅਰੋ ਸ਼ੋਅ ਅਤੇ ਲਾਈਵ ਮਾਡਲ ਨੇ ਆਕਰਸ਼ਿਤ ਕੀਤੇ ਹਜ਼ਾਰਾਂ ਵਿਦਿਆਰਥੀ
ਸੁਖਜਿੰਦਰ ਮਾਨ
ਬਠਿੰਡਾ, 3 ਫਰਵਰੀ : ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ‘‘ਵਿਗਿਆਨ ਮੇਲਾ-2023 (ਤੀਜਾ ਐਕਸਪੋ)’’ ਦਾ ਅੱਜ ਮੁੱਖ ਕੈਂਪਸ ਵਿਖੇ ਸ਼ਾਨਦਾਰ ਆਯੋਜਨ ਕੀਤਾ ਗਿਆ। ਏਅਰੋ ਸ਼ੋਅ, ਲਾਈਵ ਮਾਡਲ ਅਤੇ ਵੱਖ-ਵੱਖ ਪ੍ਰਦਰਸ਼ਨੀਆਂ ਹਜ਼ਾਰਾਂ ਉਤਸੁਕ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਵਿਗਿਆਨ ਮੇਲੇ ਦਾ ਉਦੇਸ਼ ਵਿਦਿਆਰਥੀਆਂ ਵਿੱਚ ਵਿਗਿਆਨਕ ਸੁਭਾਅ ਵਿਕਸਿਤ ਕਰਨਾ, ਨਵੀਨਤਮ ਤਕਨਾਲੋਜੀ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਵਿਗਿਆਨ ਦੀ ਮਹੱਤਤਾ ਨੂੰ ਰੇਖਾਂਕਿਤ ਕਰਨਾ ਸੀ। ਵੱਖ-ਵੱਖ ਸਕੂਲਾਂ/ਕਾਲਜਾਂ ਅਤੇ ਮਾਨਤਾ ਪ੍ਰਾਪਤ ਸੰਸਥਾਵਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਇਸ ਵਿਲੱਖਣ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ ਅਤੇ ਮਾਹਿਰਾਂ ਨਾਲ ਸਾਇੰਸ ਅਤੇ ਟੈਕਨਾਲੋਜੀ ਬਾਰੇ ਗਿਆਨ ਹਾਸਿਲ ਕੀਤਾ।ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ. ਬੂਟਾ ਸਿੰਘ ਸਿੱਧੂ ਨੇ ਉਭਰਦੇ ਵਿਗਿਆਨੀਆਂ ਦੀ ਪ੍ਰਸ਼ੰਸਾ ਕਰਨ ਅਤੇ ਵਿਦਿਆਰਥੀਆਂ ਨੂੰ ਨਵੀਨਤਮ ਤਕਨਾਲੋਜੀਆਂ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਪ੍ਰੋਗਰਾਮ ਦਾ ਉਦਘਾਟਨ ਕੀਤਾ।ਸ. ਯਾਦਵਿੰਦਰ ਸਿੰਘ ਖੋਖਰ ਵੱਲੋਂ ਆਯੋਜਿਤ ਐਰੋ ਸ਼ੋਅ ਅਤੇ ਮਾਡਲ ਪ੍ਰਦਰਸ਼ਨੀਆਂ ਉਤਸੁਕ ਵਿਦਿਆਰਥੀਆਂ ਵਿੱਚ ਮੁੱਖ ਖਿੱਚ ਦਾ ਕੇਂਦਰ ਸਨ। ਐਡਮਿਸ਼ਨ ਸੈੱਲ ਦੇ ਚੇਅਰਮੈਨ ਡਾ: ਕਰਨਵੀਰ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਫ਼ਾਜ਼ਿਲਕਾ ਅਤੇ ਆਸ-ਪਾਸ ਦੇ ਵੱਖ-ਵੱਖ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀ, ਕੰਸਟੀਚਿਉਐਂਟ ਅਤੇ ਐਫ਼ੀਲਿਏਟਡ ਕਾਲਜਾਂ ਦੇ ਵਿਦਿਆਰਥੀਆਂ ਸਮੇਤ ਲਗਭਗ 10,000 ਵਿਅਕਤੀਆਂ ਨੇ ਸਾਇੰਸ ਮੇਲੇ ਦਾ ਦੌਰਾ ਕੀਤਾ।ਪ੍ਰੋ: ਸੁਰਿੰਦਰ ਬੀਰ ਸਿੰਘ ਪ੍ਰਿੰਸੀਪਲ (ਸੇਵਾਮੁਕਤ) ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਲੁਧਿਆਣਾ ਅਤੇ ਨਾਮਵਰ ਲੈਕਚਰਾਰ ਡਾ. ਜਸਵਿੰਦਰ ਸਿੰਘ, ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਨੇ ਵਿਗਿਆਨ ਦੇ ਫਲਸਫੇ ਅਤੇ ਕੁਦਰਤ ਅਤੇ ਜੀਵਨ ਨੂੰ ਸਮਝਣ ਲਈ ਇਸ ਦੀ ਮਹੱਤਤਾ ਬਾਰੇ ਚਰਚਾ ਕੀਤੀ। ਮਾਹਿਰਾਂ ਨੇ ਕਰੀਅਰ ਕਾਉਂਸਲਿੰਗ ’ਤੇ ਪ੍ਰਭਾਵਸ਼ਾਲੀ ਲੈਕਚਰ ਵੀ ਦਿੱਤੇ।ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਗੁਰਿੰਦਰਪਾਲ ਸਿੰਘ ਬਰਾੜ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
Share the post "ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ‘‘ਵਿਗਿਆਨ ਮੇਲਾ-2023 (ਤੀਜਾ ਐਕਸਪੋ)’’ ਦਾ ਸ਼ਾਨਦਾਰ ਆਯੋਜਨ"