ਸੁਖਜਿੰਦਰ ਮਾਨ
ਬਠਿੰਡਾ, 6 ਅਪ੍ਰੈਲ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਇਲੈਕਟਰੀਕਲ ਇੰਜਨੀਅਰਿੰਗ ਵਿਭਾਗ ਵੱਲੋਂ “ਊਰਜਾ ਆਡਿਟਿੰਗ ਅਤੇ ਸੋਲਰ ਸਿਸਟਮ ਲਈ ਟਿਕਾਊ ਹੱਲ”ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜੋ ਅੱਜ ਇਥੇ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ ਸਮਾਪਤ ਹੋਈ । ਇਹ ਵਰਕਸ਼ਾਪ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਵੱਲੋਂ ਸਪਾਂਸਰ ਕੀਤੀ ਗਈ ਸੀ। ਇਸ ਵਰਕਸ਼ਾਪ ਵਿੱਚ ਯੂਨੀਵਰਸਿਟੀ ਮੇਨ ਕੈਂਪਸ ਅਤੇ ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਲਗਭਗ 100 ਪ੍ਰਤੀਭਾਗੀਆਂ ਨੇ ਭਾਗ ਲਿਆ। ਇਸ ਵਰਕਸ਼ਾਪ ਦਾ ਉਦੇਸ਼ ਲਾਗੂ ਨਿਯਮਾਂ, ਨੀਤੀਆਂ ਅਤੇ ਮਾਪਦੰਡਾਂ ਦੀ ਪਾਲਣਾ ਵਿੱਚ ਵਾਤਾਵਰਣ ਸਥਿਰਤਾ ਦੇ ਢਾਂਚੇ ਦੀ ਪਛਾਣ ਕਰਨਾ, ਮਾਤਰਾ ਨਿਰਧਾਰਤ ਕਰਨਾ, ਵਰਣਨ ਕਰਨਾ ਅਤੇ ਤਰਜੀਹ ਦੇਣਾ ਸ਼ਾਮਿਲ ਸੀ। ਪ੍ਰੋਗਰਾਮ ਕੋਆਰਡੀਨੇਟਰ, ਡਾ. ਆਸ਼ੀਸ਼ ਬਾਲਦੀ ਨੇ ਦੱਸਿਆ ਕਿ ਐਮ.ਆਰ.ਐਸ.ਪੀ.ਟੀ.ਯੂ. ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੁਆਰਾ ਮਿਸ਼ਨ ਲਾਈਫ ਤਹਿਤ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਪਛਾਣੇ ਗਏ ਵੱਖ-ਵੱਖ ਵਿਸ਼ਿਆਂ ’ਤੇ ਜਾਗਰੂਕਤਾ ਮੁਹਿੰਮ, ਵਰਕਸ਼ਾਪਾਂ, ਮੁਕਾਬਲਿਆਂ ਅਤੇ ਪ੍ਰਦਰਸ਼ਨੀ ਦੀ ਸ਼੍ਰੇਣੀ ਵਿੱਚ ਲਗਭਗ 25 ਅਜਿਹੇ ਸਮਾਗਮਾਂ ਦਾ ਆਯੋਜਨ ਕਰ ਰਹੀ ਹੈ। ਉਨ੍ਹਾਂ ਨੇ ਇਨ੍ਹਾਂ ਸਮਾਗਮਾਂ ਦੇ ਆਯੋਜਨ ਲਈ ਪੀ.ਐਸ.ਸੀ.ਐਸ.ਟੀ. ਦਾ ਵਿਸ਼ੇਸ਼ ਧੰਨਵਾਦ ਕੀਤਾ।ਵਰਕਸ਼ਾਪ ਦੌਰਾਨ ਇੰਜ. ਅਸ਼ਵਨੀ ਗੋਇਲ ਨੇ ਸੂਰਜੀ ਸਥਾਪਨਾਵਾਂ ਅਤੇ ਸੰਚਾਲਨ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਅਤੇ ਸੰਭਾਵਿਤ ਹੱਲਾਂ ’ਤੇ ਆਪਣਾ ਮਾਹਿਰ ਭਾਸ਼ਣ ਦਿੱਤਾ।ਗਿਆਨੀ ਜ਼ੈਲ ਸਿੰਘ ਕੈਂਪਸ ਦੀ ਇਲੈਕਟਰੀਕਲ ਇੰਜੀਨੀਅਰਿੰਗ ਵਿਭਾਗ ਦੀ ਮੁਖੀ ਡਾ. ਗਗਨਦੀਪ ਕੌਰ ਨੇ ਰਾਸ਼ਟਰੀ ਊਰਜਾ ਨੀਤੀ ਅਤੇ ਭਾਰਤ ਸਰਕਾਰ ਦੇ ਆਦੇਸ਼ ਅਤੇ ਨਵਿਆਉਣਯੋਗ ਊਰਜਾ ਸਰੋਤਾਂ ਨੂੰ ਵਧਾਉਣ ਲਈ ਵਚਨਬੱਧਤਾ ਬਾਰੇ ਆਪਣਾ ਭਾਸ਼ਣ ਦਿੱਤਾ।ਆਈ.ਕੇ.ਜੀ.ਪੀ.ਟੀ.ਯੂ. ਜਲੰਧਰ ਤੋਂ ਡਾ. ਅਖਿਲ ਗੁਪਤਾ ਨੇ ਸੂਰਜੀ ਊਰਜਾ ਲਈ ਟਿਕਾਊ ਹੱਲ ’ਤੇ ਭਾਸ਼ਣ ਦਿੱਤਾ ਅਤੇ ਸੈਸ਼ਨ ਨੂੰ ਕੇਸ ਸਟੱਡੀਜ਼ ਰਾਹੀਂ ਇੰਟਰਐਕਟਿਵ ਬਣਾਇਆ। ਜਦੋਂ ਕਿ ਕੋਟੂਰਪੁਰਮ, ਚੇਨਈ (ਤਾਮਿਲਨਾਡੂ) ਤੋਂ ਸ਼੍ਰੀ ਸੇਂਥਿਲ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ “ਐਨਰਜੀ ਆਡਿਟ”ਉੱਤੇ ਆਪਣੀ ਕੇਸ ਸਟੱਡੀ ਪੇਸ਼ ਕੀਤੀ । ਡਾ. ਮੀਨੂੰ ਅਸਿਸਟੈਂਟ ਪ੍ਰੋਫੈਸਰ (ਕੈਮਿਸਟਰੀ) ਨੇ ‘‘ਪ੍ਰਮਾਣਤਾ ਫਰੇਮਵਰਕ ਅਨੁਸਾਰ ਗ੍ਰੀਨ ਅਭਿਆਸ’’ ਵਿਸ਼ੇ ’ਤੇ ਆਪਣਾ ਮਾਹਿਰ ਭਾਸ਼ਣ ਦਿੱਤਾ। ਪ੍ਰੋ.(ਡਾ.) ਸੰਜੀਵ ਕੁਮਾਰ ਅਗਰਵਾਲ ਨੇ ਅਸਲ ਜੀਵਨ ਵਿੱਚ ਅਜਿਹੀਆਂ ਵਰਕਸ਼ਾਪਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ।ਇਸ ਵਰਕਸ਼ਾਪ ਦੇ ਆਯੋਜਨ ਵਿਚ ਇਲੈਕਟਰੀਕਲ ਇੰਜੀਨੀਅਰਿੰਗ ਵਿਭਾਗ ਦੀ ਮੁਖੀ ਡਾ. ਗਗਨਦੀਪ ਕੌਰ, ਫੈਕਲਟੀ ਅਤੇ ਸਟਾਫ ਨੇ ਕ੍ਰਮਵਾਰ ਕਨਵੀਨਰ ਅਤੇ ਪ੍ਰਬੰਧਕੀ ਕਮੇਟੀ ਵਜੋਂ ਮੁੱਖ ਭੂਮਿਕਾਵਾਂ ਨਿਭਾਈਆਂ।ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਅਤੇ ਰਜਿਸਟਰਾਰ, ਡਾ: ਗੁਰਿੰਦਰ ਪਾਲ ਸਿੰਘ ਬਰਾੜ ਨੇ ਸਮੁੱਚੀ ਪ੍ਰਬੰਧਕੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ।
Share the post "ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਮਿਸ਼ਨ ਲਾਈਫ ਤਹਿਤ ਦੋ-ਰੋਜ਼ਾ ਵਰਕਸ਼ਾਪ ਦਾ ਆਯੋਜਨ"