ਅਨੁਸ਼ਾਸਨਹੀਣਤਾ ਲਈ ਵਿਦਿਆਰਥੀ ਮੁਅੱਤਲ, ਮਾਮਲੇ ਦੀ ਜਾਂਚ ਲਈ ਕਮੇਟੀ ਦਾ ਗਠਨ…
ਸੁਖਜਿੰਦਰ ਮਾਨ
ਬਠਿੰਡਾ, 21 ਮਈ : ਬਠਿੰਡਾ ਦੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਮੁੜ ਚਰਚਾ ਵਿਚ ਹੈ। ਯੂਨੀਵਰਸਿਟੀ ’ਚ ਸੁਰੱਖਿਆ ਪ੍ਰਬੰਧਾਂ ਦੀ ਲਾਪਰਵਾਹੀ ਦੇ ਚੱਲਦਿਆਂ ਬੀਤੀ ਦੇਰ ਸ਼ਾਮ ਕੁੱਝ ਬਾਹਰਲੇ ਨੌਜਵਾਨਾਂ ਨੇ ਯੂਨੀਵਰਸਿਟੀ ਦੇ ਹੀ ਇੱਕ ਵਿਦਿਆਰਥੀ ਦੀ ਮੱਦਦ ਨਾਲ ਇੱਥੇ ਪੜ੍ਹਣ ਵਾਲੇ ਕੁੱਝ ਬਾਹਰਲੇ ਸੂਬਿਆਂ ਨਾਲ ਸਬੰਧਤ ਵਿਦਿਆਰਥੀਆਂ ’ਤੇ ਹਮਲਾ ਕਰ ਦਿੱਤਾ। ਤਲਵਾਰਾਂ ਤੇ ਹੋਰ ਖ਼ਤਰਨਾਕ ਹਥਿਆਰਾਂ ਨਾਲ ਲੈਸ ਹੋ ਕੇ ਇੰਨ੍ਹਾਂ ਬਾਹਰਲੇ ਨੌਜਵਾਨਾਂ ਵਲੋਂ ਬੇਰਹਿਮੀ ਨਾਲ ਕੀਤੇ ਹਮਲੇ ਵਿਚ ਜੈਪੂਰ ਨਾਲ ਸਬੰਧਤ ਇੱਕ ਵਿਦਿਆਰਥੀ ਦੇ ਹੱਥਾਂ ਦੀਆਂ ਉਂਗਲਾਂ ਕੱਟੀਆਂ ਗਈਆਂ। ਇਸ ਘਟਨਾ ਵਿਚ ਜਖਮੀ ਹੋਏ ਵਿਦਿਆਰਥੀ ਨੂੰ ਪਹਿਲਾਂ ਸਿਵਲ ਹਸਪਤਾਲ ਤੇ ਬਾਅਦ ਵਿਚ ਗੰਭੀਰ ਹਾਲਾਤ ਦੇਖਦਿਆਂ ਇੱਕ ਪ੍ਰਾਈਵੇਟ ਹਸਪਤਾਲ ਵਿਚ ਰੈਫ਼ਰ ਕੀਤਾ ਗਿਆ। ਯੂਨੀਵਰਸਿਟੀ ਦੇ ਪ੍ਰਬੰਧਕਾਂ ਦੀ ਲਾਪਰਵਾਹੀ ਤੋਂ ਦੁਖੀ ਵਿਦਿਆਰਥੀਆਂ ਨੇ ਦੇਰ ਰਾਤ ਯੂੁਨੀਵਰਸਿਟੀ ਦੇ ਗੇਟ ਟੱਗੇ ਰੋਸ਼ ਪ੍ਰਦਰਸ਼ਨ ਕਰਦਿਆਂ ਧਰਨਾ ਲਗਾ ਦਿੱਤਾ। ਘਟਨਾ ਦਾ ਪਤਾ ਚੱਲਦੇ ਹੀ ਕੈਨਾਲ ਕਲੌਨੀ ਦੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਸਥਿਤੀ ਨੂੰ ਸੰਭਾਲਿਆ। ਪੁਲਿਸ ਸੂਤਰਾਂ ਮੁਤਾਬਕ ਇਹ ਵੀ ਗੱਲ ਸਾਹਮਣੇ ਆਈ ਕਿ ਇੰਨ੍ਹੀ ਵੱਡੀ ਘਟਨਾ ਵਾਪਰਨ ਦੇ ਬਾਵਜੂਦ ਪੁਲਿਸ ਨੂੰ ਸੂਚਨਾ ਵਿਦਿਆਰਥੀਆਂ ਵਲੋਂ ਹੀ ਮਿਲੀ ਅਤੇ ਰਾਤ ਸਮੇਂ ਯੂਨੀਵਰਸਿਟੀ ਦਾ ਕੋਈ ਅਧਿਕਾਰੀ ਦੇਖਣ ਨੂੰ ਨਹੀਂ ਮਿਲਿਆ, ਜਦੋਂਕਿ ਉਪ ਕੁਲਪਤੀ ਸਹਿਤ ਹੋਰਨਾਂ ਅਧਿਕਾਰੀਆਂ ਨੂੰ ਇਸੇ ਯੂਨੀਵਰਸਿਟੀ ਅੰਦਰ ਆਲੀਸ਼ਾਨ ਕੋਠੀਆਂ ਮਿਲੀਆਂ ਹੋਈਆਂ ਹਨ। ਉਧਰ ਕੈਨਾਲ ਕਲੌਨੀ ਪੁਲਿਸ ਨੇ ਜਖਮੀ ਵਿਦਿਆਰਥੀ ਪਾਰਥ ਪਾਠਕ ਵਾਸੀ ਜੈਪੂਰ (ਰਾਜਸਥਾਨ) ਦੀ ਸਿਕਾਇਤ ਉਪਰ ਯੂਨੀਵਰਸਿਟੀ ਦੇ ਨਾਲ ਹੀ ਸਬੰਧਤ ਇੱਕ ਬੀ. ਫਾਰਮ ਦੇ ਵਿਦਿਆਰਥੀ ਰਿਤਿਕ ਕਟਾਰੀਆ ਸਹਿਤ ਕੋਈ ਹੋਰ ਅਣਪਛਾਤੇ ਨੌਜਵਾਨਾਂ ਵਿਰੁਧ ਧਾਰਾ 324 ਤੇ 34 ਆਈ.ਪੀ.ਸੀ ਆਦਿ ਧਾਰਾਵਾਂ ਸਹਿਤ ਕੇਸ ਦਰਜ਼ ਕਰ ਲਿਆ ਹੈ। ਥਾਣਾ ਮੁਖੀ ਸਬ ਇੰਸਪੈਕਟਰ ਪਾਰਸ ਚਾਹਲ ਨੇ ਦਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਭਲਕੇ ਇਸ ਸਬੰਧ ਵਿਚ ਯੂਨੀਵਰਸਿਟੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ। ਰਾਤ ਸਮੇਂ ਯੂਨੀਵਰਸਿਟੀ ਦੇ ਗੇਟ ਅੱਗੇ ਇਕੱਤਰ ਹੋਏ ਵਿਦਿਆਰਥੀਆਂ ਨੇ ਦੋਸ਼ ਲਗਾਇਆ ਕਿ ਦੋ-ਤਿੰਨ ਪਹਿਲਾਂ ਯੂਨੀਵਰਸਿਟੀ ਵਿਚ ਲੜਾਈ ਹੋਈ ਸੀ ਪ੍ਰੰਤੂ ਇਸਦੀ ਜਾਂਚ ਕਰਨ ਦੀ ਬਜਾਏ ਨੇ ਇਸਨੂੰ ਦਬਾਅ ਦਿੱਤਾ, ਜਿਸ ਕਾਰਨ ਹੁਣ ਇਹ ਭਿਆਨਕ ਘਟਨਾ ਵਾਪਰ ਗਈ। ਇਹ ਵੀ ਪਤਾ ਲੱਗਿਆ ਹੈ ਕਿ ਦੂਜੇ ਸੂਬਿਆਂ ’ਚ ਕਾਨਫਰੰਸਾਂ ਤੇ ਹੋਰਨਾਂ ਪ੍ਰਬੰਧਾਂ ਦੇ ਨਾਮ ’ਤੇ ਲੱਖਾਂ ਰੁਪਏ ਖਰਚ ਕਰਨ ਵਾਲੀ ਯੂਨੀਵਰਸਟੀ ਦੇ ਪ੍ਰਬੰਧਕ ਡੱਬਵਾਲੀ ਰੋਡ ’ਤੇ ਹੋਸਟਲ ਵਾਲੇ ਪਾਸੇ ਕੰਧ ’ਚ 30 ਫੁੱਟ ਦੇ ਪਏ ਪਾੜ ਨੂੰ ਪੂਰਨ ਵਿਚ ਕਾਮਯਾਬ ਨਹੀਂ ਹੋਏ, ਜਿਸ ਕਾਰਨ ਆਊਟਸਾਈਡਰ ਬੇਖੌਫ਼ ਹੋ ਕੇ ਯੂੁਨੀਵਰਸਿਟੀ ਦੇ ਅੰਦਰ ਆ ਜਾਂਦੇ ਹਨ। ਇਸਤੋਂ ਇਲਾਵਾ ਵਿਦਿਆਰਥੀਆਂ ਨੇ ਇਹ ਵੀ ਦੋਸ਼ ਲਗਾਏ ਕਿ ਬੇਸ਼ੱਕ ਯੂਨੀਵਰਸਿਟੀ ਪ੍ਰਬੰਧਕ ਦਾਅਵਾ ਕਰਦੇ ਹਨ ਕਿ ਇੱਥੇ ਆਊਟਸਾਈਡਰਾਂ ਦੀ ਆਮਦ ’ਤੇ ਰੋਕ ਹੈ ਪ੍ਰੰਤੂ ਸੁਰੱਖਿਆ ਪ੍ਰਬੰਧ ਇੰਨ੍ਹੇ ਢਿੱਲੇ ਹਨ ਕਿ ਇੱਥੇ ਕੋਈ ਵੀ ਆ ਜਾ ਸਕਦਾ ਹੈ। ਜਿਸ ਕਾਰਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਬਾਕਸ
ਜਿੰਮੇਵਾਰ ਵਿਦਿਆਰਥੀ ਨੂੰ ਯੂਨੀਵਰਸਿਟੀ ਵਿਚੋਂ ਮੁਅੱਤਲ ਕੀਤਾ
ਬਠਿੰਡਾ: ਉਧਰ ਪਹਿਲਾਂ ਹੀ ਵਿਦਿਆਰਥੀਆਂ ਨੂੰ ਤਰਸ ਰਹੀ ਯੂਨੀਵਰਸਿਟੀ ਦੇ ਪ੍ਰਬੰਧਕ ਨੇ ਇਸ ਘਟਨਾ ਕਾਰਨ ਹੋ ਰਹੀ ਬਦਨਾਮੀ ਦੇ ਚੱਲਦਿਆਂ ਅੱਜ ਬਾਅਦ ਦੁਪਿਹਰ ਇੱਕ ਪ੍ਰੈਸ ਰਿਲੀਜ ਕਰਕੇ ਦਾਅਵਾ ਕੀਤਾ ਕਿ ਯੂਨੀਵਰਸਿਟੀ ਦੇ ਹੀ ਇੱਕ ਵਿਦਿਆਰਥੀ ਉਪਰ ਬਾਹਰਲੇ ਵਿਦਿਆਰਥੀਆਂ ਦੀ ਮੱਦਦ ਨਾਲ ਹਮਲਾ ਕਰਨ ਵਾਲੇ ਜਿੰਮੇਵਾਰ ਵਿਦਿਆਰਥੀ ਰਿਤਿਕ ਕਟਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਡੀਨ ਵਿਦਿਆਰਥੀ ਭਲਾਈ ਡਾ: ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿਚ ਇੱਕ ਕਮੇਟੀ ਬਣਾਈ ਹੈ ਜੋ ਮਾਮਲੇ ਦੀ ਵਿਸਥਾਰ ਨਾਲ ਜਾਂਚ ਕਰਕੇ ਆਪਣੀ ਰਿਪੋਰਟ 3 ਦਿਨਾਂ ਵਿੱਚ ਪੇਸ਼ ਕਰੇਗੀ ।
Share the post "ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਮੁੜ ਚਰਚਾ ’ਚ, ਤੇਜਧਾਰ ਹਥਿਆਰਾਂ ਦੇ ਨਾਲ ਵਿਦਿਆਰਥੀ ’ਤੇ ਹਮਲਾ"