ਮਾਂ ਦੇ ਦੁੱਧ ਵਿੱਚ ਸਾਰੇ ਪੌਸ਼ਟਿਕ ਤੱਤ: ਡਾਕਟਰ ਗੁਰਮੇਲ ਸਿੰਘ
ਸੁਖਜਿੰਦਰ ਮਾਨ
ਬਠਿੰਡਾ, 4 ਮਈ : ਸਿਹਤ ਬਲਾਕ ਨਥਾਣਾ ਵਿਖੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਸੁਖਵਿੰਦਰ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਗੁਰਮੇਲ ਸਿੰਘ ਵੱਲੋਂ ਬਲਾਕ ਦੀਆਂ ਸਮੂਹ ਆਸ਼ਾ ਵਰਕਰਾਂ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਗਰਭਵਤੀ ਔਰਤਾਂ ਅਤੇ ਮਾਵਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਸੰਬੰਧੀ ਜਾਗਰੁਕ ਕਰਨ ਲਈ ਕਿਹਾ ਗਿਆ। ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਨਵਜਨਮੇ ਬੱਚੇ ਦੀ ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਲਈ ਮਾਂ ਦੇ ਦੁੱਧ ਦੀ ਬਹੁਤ ਮਹੱਤਤਾ ਹੈ ਅਤੇ ਇਸ ਦੁੱਧ ਦਾ ਕੋਈ ਬਦਲ ਨਹੀਂ ਹੈ, ਇਸ ਲਈ ਜਨਮ ਤੋਂ ਪਹਿਲੇ ਘੰਟੇ ਦੇ ਅੰਦਰ ਹੀ ਮਾਂ ਦਾ ਦੁੱਧ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ, ਕਿਊਂਕਿ ਪਹਿਲਾ ਤੇ ਬਾਉਲਾ ਦੁੱਧ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ।ਡਾਕਟਰ ਗੁਰਮੇਲ ਸਿੰਘ ਨੇ ਕਿਹਾ ਕਿ ਮਾਂ ਦਾ ਪਹਿਲਾ ਪੀਲਾ ਗਾੜ੍ਹਾ ਦੁੱਧ ਬੱਚੇ ਦੀ ਸਿਹਤ ਲਈ ਜ਼ਰੂਰੀ ਖੁਰਾਕ ਹੈ। ਉਨ੍ਹਾਂ ਕਿਹਾ ਕਿ ਪਹਿਲੇ ਛੇ ਮਹੀਨੇ ਤੱਕ ਬੱਚੇ ਨੂੰ ਸਿਰਫ਼ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ। ਦੁੱਧ ਦੇ ਪੌਸ਼ਟਿਕ ਤੱਤਾਂ ਨਾਲ ਜਿਥੇ ਬੱਚਾ ਬਿਮਾਰੀਆਂ ਨਾਲ ਲੜਣ ਲਈ ਸਕਤੀ ਹਾਸਲ ਕਰਦਾ ਹੈ ਉੱਥੇ ਹੀ ਇਹ ਬੱਚੇ ਦੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਬਹੁਤ ਜਰੂਰੀ ਹੈ। ਮਾਂ ਦੇ ਦੁੱਧ ਨਾਲ ਬੱਚੇ ਨੂੰ ਪ੍ਰੋਟੀਨ, ਖਣਿਜ ਪਦਾਰਥ ਤੇ ਵਿਟਾਮਿਨਜ਼ ਦੀ ਮਾਤਰਾ ਸੰਪੂਰਨ ਰੂਪ ਵਿਚ ਮਿਲਦੀ ਹੈ। ਉਨ੍ਹਾਂ ਕਿਹਾ ਕਿ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣ ਨਾਲ ਦਸਤ, ਸੋਕੜਾ, ਸ਼ੂਗਰ ਆਦਿ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ। ਉਨ੍ਹਾਂ ਕਿਹਾ ਕਿ ਛੇ ਮਹੀਨੇ ਤੱਕ ਬੱਚੇ ਨੂੰ ਪਾਣੀ ਪਿਲਾਉਣ ਦੀ ਜਰੂਰਤ ਨਹੀਂ ਹੁੰਦੀ ਬਲਕਿ ਮਾਂ ਦਾ ਦੁੱਧ ਹੀ ਬੱਚੇ ਦੀ ਪਾਣੀ ਦੀ ਜਰੂਰਤ ਪੂਰੀ ਕਰਦਾ ਹੈ। ਛੇ ਮਹੀਨੇ ਤੋਂ ਬਾਅਦ ਬੱਚਿਆਂ ਨੂੰ ਮਾਂ ਦੇ ਦੁੱਧ ਦੇ ਨਾਲ-ਨਾਲ ਤਰਲ ਭੋਜਣ ਦੇਣਾ ਚਾਹੀਦਾ ਹੈ। ਬੱਚੇ ਨੂੰ ਘੱਟੋ ਘੱਟ 2 ਸਾਲ ਤੱਕ ਮਾਂ ਦਾ ਦੁੱਧ ਜ਼ਰੂਰ ਪਿਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੁੱਧ ਪਿਲਾਉਣ ਨਾਲ ਮਾਂ ਨੂੰ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਦਾ ਖਤਰਾ ਘੱਟ ਜਾਂਦਾ ਹੈ। ਇਸ ਤੋਂ ਇਲਾਵਾ ਦਿਲ ਦੀਆਂ ਬਿਮਾਰੀਆਂ ਤੇ ਮੋਟਾਪਾ ਹੋਣ ਦਾ ਖਤਰਾ ਵੀ ਨਹੀਂ ਰਹਿੰਦਾ।ਬਲਾਕ ਐਜੂਕੇਟਰ ਰੋਹਿਤ ਜਿੰਦਲ ਨੇ ਦੱਸਿਆ ਕਿ ਸਿਹਤ ਬਲਾਕ ਨਥਾਣਾ ਅਧੀਨ ਪਿੰਡਾਂ ਵਿੱਚ ਸਿਹਤ ਸਟਾਫ ਅਤੇ ਆਸ਼ਾ ਵਰਕਰਾਂ ਵੱਲੋਂ ਮਾਵਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਰਮੀ ਦੇ ਮੌਸਮ ਦੌਰਾਨ ਬੱਚੇ ਨੂੰ ਦੁੱਧ ਚੁਘਾਉਣ ਸਮੇਂ ਸਤਨਾਂ ਦੀ ਸਫਾਈ ਕਰਨੀ ਚਾਹੀਦੀ ਹੈ। ਸਮਾਜ ਵਿੱਚ ਜਨਮ ਸਮੇਂ ਬੱਚੇ ਨੂੰ ਗੁੜ੍ਹਤੀ ਦੇਣ ਨਾਲ ਬੱਚੇ ਨੂੰ ਇਨਫੈਕਸ਼ਨ ਦਾ ਖਤਰਾ ਹੋਣ ਅਤੇ ਇਸ ਗਲਤ ਰਵਾਇਤ ਦੂਰ ਕਰਨ ਬਾਰੇ ਜਾਗਰੂਕ ਕਰਦਿਆਂ ਪ੍ਰਚਾਰ ਸਮੱਗਰੀ ਵੰਡੀ ਗਈ।
Share the post "ਮਾਂ ਦਾ ਦੁੱਧ ਬੱਚੇ ਦੀ ਮਾਨਸਿਕ ਅਤੇ ਸਰੀਰਿਕ ਤੰਦਰੁਸਤੀ ਲਈ ਜਰੂਰੀ: ਡਾ. ਸੁਖਵਿੰਦਰ ਸਿੰਘ"