ਸੁਖਜਿੰਦਰ ਮਾਨ
ਬਠਿੰਡਾ, 15 ਫ਼ਰਵਰੀ : ਸੂਬਾ ਸਰਕਾਰ ਵਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਤੇ ਪੂਰਾ ਮਾਣ-ਸਨਮਾਨ ਦੇਣ ਲਈ ਹਰ ਤਰ੍ਹਾਂ ਦੇ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਰ੍ਹਾਂ ਅਸੀਂ ਘਰ ਵਿੱਚ ਮਾਂ ਦੀ ਕਦਰ ਕਰਦੇ ਹਾਂ, ਉਸੇ ਤਰ੍ਹਾਂ ਸਾਨੂੰ ਮਾਂ-ਬੋਲੀ ਦੀ ਵੀ ਕਦਰ ਕਰਨੀ ਚਾਹੀਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚੇਅਰਮੈਨ ਸ਼ੂਗਰਫੈਡ ਪੰਜਾਬ ਸ. ਨਵਦੀਪ ਜੀਦਾ ਵਲੋਂ ਸਥਾਨਕ ਸ਼ਹੀਦ ਮੇਜਰ ਰਵੀ ਇੰਦਰ ਸਿੰਘ ਸੰਧੂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਤੋਂ ਕੱਢੀ ਗਈ ਰੈਲੀ ਨੂੰ ਹਰੀ ਝੰਡੀ ਦਿਖਾਉਣ ਉਪਰੰਤ ਕੀਤਾ। ਇਸ ਮੌਕੇ ਚੇਅਰਮੈਨ ਨਵਦੀਪ ਜੀਦਾ ਨੇ ਜ਼ਿਲ੍ਹਾ ਭਾਸ਼ਾ ਦਫ਼ਤਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਆਪਣੀ ਮਾਂ ਬੋਲੀ ਲਈ ਜਜ਼ਬੇ ਨਾਲ ਕੀਤੇ ਜਾ ਰਹੇ ਕੰਮਾਂ ਤੋਂ ਇਲਾਵਾ ’ਮੈਂ ਪੰਜਾਬੀ, ਬੋਲੀ ਪੰਜਾਬੀ’ ਨਾਮ ਹੇਠ 21 ਫ਼ਰਵਰੀ ਤੱਕ ਚਲਾਈ ਜਾ ਰਹੀ ਮੁਹਿੰਮ ਦੇ ਅਧੀਨ ਅੱਜ ਪੰਦਰਵੇਂ ਦਿਨ ਸ਼ਹਿਰ ਸਮੇਤ ਜ਼ਿਲ੍ਹੇ ਦੇ 29 ਪਿੰਡਾਂ ਵਿੱਚ 6300 ਵਿਦਿਆਰਥੀਆਂ ਵੱਲੋਂ ਕੱਢੀਆਂ ਗਈਆਂ ਜਾਗਰੂਕਤਾ ਰੈਲੀਆਂ ਦੀ ਸ਼ਲਾਘਾ ਵੀ ਕੀਤੀ। ਇਸ ਦੌਰਾਨ ਜ਼ਿਲ੍ਹਾ ਭਾਸ਼ਾ ਅਫ਼ਸਰ ਸ. ਕੀਰਤੀ ਕਿਰਪਾਲ ਨੇ ਦੱਸਿਆ ਕਿ ਅੱਜ ਪੈਦਲ ਜਾਗਰੂਕਤਾ ਰੈਲੀਆਂ ਦਾ ਆਖ਼ਰੀ ਦਿਨ ਹੈ। ਪਿਛਲੇ ਪੰਦਰਾਂ ਦਿਨਾਂ ਵਿੱਚ ਵਿਭਾਗ ਵਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ, ਪੰਜਾਬੀ ਅਡਵੈਂਚਰ ਗਰੁੱਪ, ਆੜੀ-ਆੜੀ ਸਾਈਕਲਿੰਗ ਗਰੁੱਪ ਤੇ ਆਟੋ ਯੂਨੀਅਨ ਦੇ ਸਹਿਯੋਗ ਸਦਕਾ ਪੂਰੇ ਜ਼ਿਲ੍ਹੇ ਅਤੇ ਖ਼ਾਸ ਤੌਰ ’ਤੇ ਬਠਿੰਡਾ ਸ਼ਹਿਰ ਵਾਸੀਆਂ ਨੂੰ ਮਾਂ-ਬੋਲੀ ਦੀ ਮਹੱਤਤਾ ਅਤੇ ਉਨ੍ਹਾਂ ਦੇ ਉਸ ਪ੍ਰਤੀ ਨੈਤਿਕ ਫ਼ਰਜ਼ ਬਾਬਤ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਵਿਖੇ ਮਿਤੀ 16 ਤੇ 17 ਫ਼ਰਵਰੀ 2023 ਨੂੰ ਭਾਸ਼ਾ ਸੈਮੀਨਾਰ ਤੇ 21 ਰੋਜ਼ਾ ਮੁਹਿੰਮ ਦੀ ਸਮਾਪਤੀ ’ਤੇ ਮਿਤੀ 20 ਤੇ 21 ਫ਼ਰਵਰੀ 2023 ਨੂੰ ਦੋ ਰੋਜ਼ਾ ਪੰਜਾਬੀ ਮਾਂ-ਬੋਲੀ ਮੇਲਾ ਕਰਵਾਇਆ ਜਾ ਰਿਹਾ ਹੈ । ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ ਕੱਢੀ ਗਈ ਰੈਲੀ ਸ਼ਹੀਦ ਮੇਜਰ ਰਵੀ ਇੰਦਰ ਸਿੰਘ ਸੰਧੂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਤੋਂ ਗੋਲ ਡਿੱਗੀ ਬਜ਼ਾਰ, ਅਮਰੀਕ ਸਿੰਘ ਰੋਡ, ਐੱਸ.ਐੱਸ.ਡੀ ਗਰਲਜ਼ ਕਾਲਜ ਹੁੰਦੀ ਹੋਈ ਵਾਪਿਸ ਸਕੂਲ ਪਹੁੰਚੀ। ਰੈਲੀ ਦੌਰਾਨ ਵਿਦਿਆਰਥੀਆਂ ਵੱਲੋਂ ਰਸਤੇ ਵਿੱਚ ਆਉਂਦੀਆਂ ਦੁਕਾਨਾਂ ਤੇ ਸੰਸਥਾਵਾਂ ਨੂੰ ਮਾਂ-ਬੋਲੀ ਦੀ ਮਹੱਤਤਾ ਬਾਬਤ ਜਾਗਰੂਕ ਕਰਦੇ ਹੋਏ, ਸ਼ਨਾਖਤੀ ਬੋਰਡਾਂ ਨੂੰ ਪਹਿਲਾਂ ਪੰਜਾਬੀ ਅਤੇ ਬਾਅਦ ਵਿੱਚ ਕਿਸੇ ਵੀ ਹੋਰ ਭਾਸ਼ਾ ’ਚ ਲਿਖਣ ਦੀ ਅਪੀਲ ਨੂੰ ਦੁਕਾਨਦਾਰਾਂ ਨੇ ਖਿੜੇ ਮੱਥੇ ਸਵੀਕਾਰ ਕੀਤਾ।ਇਸ ਮੌਕੇ ਲੈਕਚਰਾਰ ਸ਼ਪਿੰਦਰ ਸਿੰਘ, ਸੰਗੀਤ ਅਧਿਆਪਕ ਬਲਕਰਨ ਬੱਲ, ਪ੍ਰਿੰਸੀਪਲ ਸ. ਕਰਮਜੀਤ ਸਿੰਘ, ਖੋਜ ਅਫ਼ਸਰ ਨਵਪ੍ਰੀਤ ਸਿੰਘ, ਰਿਸ਼ੂ ਕੁਮਾਰ ਤੋਂ ਇਲਾਵਾ ਹੋਰ ਸਟਾਫ਼ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ ।
Share the post "ਮਾਂ ਦੀ ਤਰ੍ਹਾਂ ਸਾਨੂੰ ਮਾਂ-ਬੋਲੀ ਦੀ ਵੀ ਕਦਰ ਕਰਨੀ ਚਾਹੀਦੀ ਹੈ : ਚੇਅਰਮੈਨ ਨਵਦੀਪ ਜੀਦਾ"