ਵਿਧਾਇਕ ਗਿੱਲ ਨੇ ਬੀਤੇ ਕੱਲ ਪ੍ਰੈਸ ਕਾਨਫਰੰਸ ਕਰਕੇ ਲਗਾਇਆ ਸੀ ਵਿਰੋਧੀ ਧਿਰਾਂ ’ਤੇ ਦੁਕਾਨਦਾਰਾਂ ਨੂੰ ਗੁੰਮਰਾਹ ਕਰਨ ਦਾ ਦੋਸ਼
ਸੁਖਜਿੰਦਰ ਮਾਨ
ਬਠਿੰਡਾ, 14 ਅਪ੍ਰੈਲ : ਪਿਛਲੇ ਕੁੱਝ ਦਿਨਾਂ ਤੋਂ ਸ਼ਹਿਰ ਦੇ ਪਾਸ਼ ਵਪਾਰਕ ਇਲਾਕੇ ਮੰਨੇ ਜਾਂਦੇ ਮਾਲ ਰੋਡ ’ਤੇ ਬਣੀਆਂ ਦੁਕਾਨਾਂ ਅਤੇ ਸ਼ੋਅਰੂਮਾਂ ਦੇ ਅੱਗਿਓ ਨਗਰ ਨਿਗਮ ਵਲੋਂ ਥੜ੍ਹੀਆਂ ਤੋੜੇ ਜਾਣ ਦੇ ਮਾਮਲੇ ’ਚ ਹੁਣ ਕਾਂਗਰਸੀ ਤੇ ਅਕਾਲੀ ਕੋਂਸਲਰਾਂ ਨੇ ਧਰਨੇ ਵਿਚ ਪੁੱਜ ਕੇ ਇਸ ਸਬੰਧ ਵਿਚ ਪਾਸ ਕੀਤੇ ਮਤੇ ਨੂੰ ਰੱਦ ਕਰਨ ਦੇ ਭਰੋਸੇ ਤੋਂ ਬਾਅਦ ਪਿਛਲੇ ਕਈ ਦਿਨਾਂ ਤੋਂ ਧਰਨੇ ’ਤੇ ਬੈਠੇ ਦੁਕਾਨਦਾਰਾਂ ਨੇ ਅੱਜ ਅਪਣੇ ਧਰਨੇ ਨੂੰ ਸਮਾਪਤ ਕਰ ਦਿੱਤਾ ਹੈ। ਇਸ ਮਸਲੇ ਵਿਚ ਵਿਰੋਧੀ ਧਿਰਾਂ ਵਲੋਂ ਸਰਕਾਰ ਨੂੰ ਘੇਰੇ ਜਾਣ ’ਤੇ ਬੀਤੇ ਕੱਲ ਸਥਾਨਕ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਨਗਰ ਨਿਗਮ ’ਤੇ ਕਾਬਜ਼ ਧਿਰਾਂ ਉਪਰ ਦੁਕਾਨਦਾਰਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਅੰਕੜੇ ਰੱਖਦਿਆਂ ਦਾਅਵਾ ਕੀਤਾ ਸੀ ਕਿ 20 ਮਾਰਚ ਨੂੰ ਨਿਗਮ ਦੇ ਜਨਰਲ ਹਾਊਸ ਦੀ ਹੋਈ ਮੀਟਿੰਗ ਵਿਚ ਸਰਬਸੰਮਤੀ ਨਾਲ ਇਸ ਪ੍ਰਸਤਾਵ ਨੂੰ ਪਾਸ ਕੀਤਾ ਸੀ ਪ੍ਰੰਤੂ ਹੁਣ ਸਰਕਾਰ ਉਪਰ ਚਿੱਕੜ ਸੁੱਟਿਆ ਜਾ ਰਿਹਾ ਹੈ। ਵਿਧਾਇਕ ਦੀ ਕਾਨਫਰੰਸ ਤੋਂ ਬਾਅਦ ਪੈਦਾ ਹੋਈ ਸਥਿਤੀ ਨੂੰ ਲੈ ਕੇ ਅੱਜ ਵੱਡੀ ਗਿਣਤੀ ਵਿਚ ਕੋਂਸਲਰ ਤੇ ਹੋਰ ਆਗੂ ਮਾਲ ਰੋਡ ਉਪਰ ਦੁਕਾਨਦਾਰ ਐਸੋਸੀਏਸ਼ਨ ਵੱਲੋਂ ਲਗਾਏ ਜਾ ਰਹੇ ਧਰਨੇ ਵਿਚ ਪੁੱਜੇ ਹੋਏ ਸਨ। ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ ਅਤੇ ਡਿਪਟੀ ਮੇਅਰ ਹਰਮਿੰਦਰ ਸਿੰਘ ਸਿੱਧੂ ਨੇ ਕਮਿਸ਼ਨਰ ਰਾਹੁਲ ਸਿੰਧੂ ਨੂੰ ਘੇਰਦਿਆਂ ਦਾਅਵਾ ਕੀਤਾ ਕਿ ਉਕਤ ਪ੍ਰਸਾਤਵ ਨੂੰ ਨਿਗਮ ਅਧਿਕਾਰੀਆਂ ਨੇ ਕੋਂਸਲਰਾਂ ਨੂੰ ਧੋਖੇ ਵਿਚ ਰੱਖ ਕੇ ਪਾਸ ਕਰਵਾਇਆ ਹੈ, ਜਿਸਨੂੰ ਹੁਣ ਐਫਐਡਸੀਸੀ ਦੀ ਮੀਟਿੰਗ ਸੱਦ ਕੇ ਰੱਦ ਕਰ ਦਿੱਤਾ ਜਾਵੇਗਾ। ਉਨ੍ਹਾਂ ਇਸ ਮਸਲੇ ਵਿਚ ਕਮਿਸ਼ਨਰ ਦੇ ਨਾਲ-ਨਾਲ ਮੇਅਰ ਰਮਨ ਗੋਇਲ ਨੂੰ ਵੀ ਨਿਸ਼ਾਨੇ ’ਤੇ ਲਿਆ, ਜਿੰਨ੍ਹਾਂ ਨੂੰ ਪਿਛਲੇ ਦਿਨੀਂ ਕਾਂਗਰਸ ਪਾਰਟੀ ਵਲੋਂ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਬਾਹਰ ਕੱਢ ਦਿੱਤਾ ਸੀ। ਦੋਨਾਂ ਮੇਅਰਾਂ ਨੇ ਦਾਅਵਾ ਕੀਤਾ ਕਿ ਕਿਸੇ ਵੀ ਪ੍ਰਸਾਤਵ ਨੂੰ ਮੀਟਿੰਗ ਵਿਚ ਲਿਆਉਣ ਦੀ ਜਿੰਮੇਵਾਰੀ ਕਮਿਸ਼ਨਰ ਅਤੇ ਮੇਅਰ ਦੀ ਹੁੰਦੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕਮਿਸ਼ਨਰ ਵੱਲੋਂ ਜਦੋਂ ਕੋਈ ਪ੍ਰਸਤਾਵ ਲਿਆਂਦਾ ਜਾਂਦਾ ਹੈ ਤਾਂ ਇਸਦੇ ਲਈ ਬਕਾਇਦਾ ਸੱਤਾਧਾਰੀ ਧਿਰ ਦੇ ਸਥਾਨਕ ਵਿਧਾਇਕ ਨੂੰ ਵਿਸਵਾਸ ਵਿਚ ਲਿਆ ਜਾਂਦਾ ਹੈ, ਜਿਸਦੇ ਚੱਲਦੇ ਇਹ ਸੰਭਵ ਨਹੀਂ ਕਿ ਮੌਜੂਦਾ ਵਿਧਾਇਕ ਨੂੰ ਇਸ ਪ੍ਰਸਤਾਵ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਧਰ ਇਸ ਮਤੇ ਦੀ ਹਿਮਾਇਤ ਕਰਨ ਵਾਲੇ ਅਕਾਲੀ ਦਲ ਦੇ ਨਿਗਮ ’ਚ ਆਗੂ ਕੌਂਸਲਰ ਹਰਪਾਲ ਢਿੱਲੋਂ ਨੇ ਵੀ ਅਪਣੀ ਗਲਤੀ ਨੂੰ ਸਵੀਕਾਰ ਕਰਦਿਆਂ ਦਾਅਵਾ ਕੀਤਾ ਕਿ ਹੁਣ ਉਹ ਇਸ ਗਲਤੀ ਨੂੰ ਸੁਧਾਰਨ ਲਈ ਮਤੇ ਨੂੰ ਰੱਦ ਕਰਨ ਲਈ ਯਤਨ ਕਰਨਗੇ। ਉਧਰ ਇਸ ਮੌਕੇ ਮਾਲ ਰੋਡ ਦੁਕਾਨਦਾਰ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਜੌਹਲ ਨੇ ਸਮੂਹ ਆਗੂਆਂ ਨੂੰ ਅਪੀਲ ਕੀਤੀ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਨੂੰ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ, ਜਿਸਦੇ ਚੱਲਦੇ ਇਸ ਮਸਲੇ ਦਾ ਤੁਰੰਤ ਹੱਲ ਕਰਵਾਇਆ ਜਾਵੇ। ਇਸ ਮੌਕੇ ਸਾਬਕਾ ਚੇਅਰਮੈਨ ਕੇ.ਕੇ.ਅਗਰਵਾਲ ਤੋਂ ਇਲਾਵਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਰਾਜਨ ਗਰਗ ਸਹਿਤ ਸਾਬਕਾ ਮੇਅਰ ਬਲਵੰਤ ਰਾਏ ਨਾਥ ਅਤੇ ਦਰਜ਼ਨਾਂ ਹੋਰ ਆਗੂ ਤੇ ਕੋਂਸਲਰ ਵੀ ਪੁੱਜੇ ਹੋਏ ਸਨ।
Share the post "ਮਾਲ ਰੋਡ ਵਿਵਾਦ: ਕਾਂਗਰਸੀ ਤੇ ਅਕਾਲੀ ਕੋਂਸਲਰਾਂ ਵਲੋਂ ਸਕੀਮ ਰੱਦ ਕਰਨ ਦੇ ਐਲਾਨ ਤੋਂ ਬਾਅਦ ਦੁਕਾਨਦਾਰਾਂ ਨੇ ਚੁੱਕਿਆ ਧਰਨਾ"