ਰਾਜਿੰਦਰਾ ਕਾਲਜ ਵਿਖੇ ਮਾਲ ਵਿਭਾਗ ਦੀ ਰੈਵੇਨਿਊ ਕਾਨਫਰੰਸ ਆਯੋਜਿਤ
*ਅਧਿਕਾਰੀਆਂ ਨੂੰ ਆਮ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਕਰਨ ਦੇ ਦਿੱਤੇ ਨਿਰਦੇਸ਼
ਸੁਖਜਿੰਦਰ ਮਾਨ
ਬਠਿੰਡਾ, 14 ਅਕਤੂਬਰ : ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਦੀ ਰਹਿਨੁਮਾਈ ਹੇਠ ਸਥਾਨਕ ਰਾਜਿੰਦਰਾ ਕਾਲਜ ਵਿਖੇ ਮਾਲ ਵਿਭਾਗ ਦੀ ਰੈਵੇਨਿਊ ਕਾਨਫਰੰਸ ਹੋਈ। ਇਸ ਮੌਕੇ ਉਨ੍ਹਾਂ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਮਾਲ ਵਿਭਾਗ ਨਾਲ ਸਬੰਧਤ ਕਾਰਜਾਂ ਨੂੰ ਪਹਿਲ ਦੇ ਆਧਾਰ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਾਰੇ ਬੁਲਾਰਿਆਂ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਨੂੰ ਧਿਆਨ ਨਾਲ ਸੁਣਿਆ ਅਤੇ ਹੋਰਨਾਂ ਅਫ਼ਸਰਾਂ ਤੇ ਬੁਲਾਰਿਆਂ ਵੱਲੋਂ ਕੀਤੇ ਗਏ ਸਵਾਲਾਂ ਤੇ ਸ਼ੰਕਿਆਂ ਦੇ ਤਸੱਲੀਬਖ਼ਸ਼ ਜਵਾਬ ਦਿੱਤੇ। ਇਸ ਕਾਨਫਰੰਸ ਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਤੋਂ ਇਲਾਵਾ ਜ਼ਿਲ੍ਹੇ ਭਰ ਦੇ ਐਸ.ਡੀ.ਐਮਜ਼, ਸੀ.ਆਰ.ਓ., ਪਟਵਾਰੀ ਅਤੇ ਕਾਨੂੰਗੋ ਤੋਂ ਇਲਾਵਾ ਵੱਖ-ਵੱਖ ਅਫ਼ਸਰਾਂ ਨਾਲ ਤਾਇਨਾਤ ਦਫ਼ਤਰੀ ਅਮਲੇ ਵੱਲੋਂ ਭਾਗ ਲਿਆ ਗਿਆ। ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਬਲਕਰਨ ਸਿੰਘ ਵੱਲੋਂ ਮਾਲ ਵਿਭਾਗ ਨਾਲ ਸਬੰਧਤ ਇੰਤਕਾਲਾਂ ਦੀ ਭੂਮਿਕਾ ਬਾਰੇ ਖੁੱਲ੍ਹ ਕੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ।ਸ੍ਰੀ ਵਿਨੋਦ ਕੁਮਾਰ ਬਾਂਸਲ (ਸੇਵਾ ਮੁਕਤ ਪੀਸੀਐਸ ਅਧਿਕਾਰੀ) ਨੇ ਇਸ ਮੌਕੇ ਮਾਲ ਵਿਭਾਗ ਸਬੰਧੀ ਤਕਸੀਮ ਦੇ ਕੇਸਾਂ ਬਾਰੇ ਵੱਡਮੁੱਲੀ ਜਾਣਕਾਰੀ ਦਿੱਤੀ ਗਈ ਤੇ ਪ੍ਰਿੰਸੀਪਲ ਪਟਵਾਰ ਸਕੂਲ ਸ੍ਰੀ ਗੁਰਮੇਲ ਸਿੰਘ ਵੱਲੋਂ ਮਾਲ ਵਿਭਾਗ ਦੇ ਮੁੱਦਿਆ ਬਾਰੇ ਚਾਨਣਾ ਪਾਇਆ ਗਿਆ।