ਸੁਖਜਿੰਦਰ ਮਾਨ
ਬਠਿੰਡਾ, 31 ਮਾਰਚ: ਰਾਜਸਥਾਨ ਦੇ ਇੱਕ ਹਸਪਤਾਲ ਦੀ ਮਹਿਲਾ ਡਾਕਟਰ ਅਰਚਨਾ ਸ਼ਰਮਾ ਵਲੋਂ ਅਪਣੇ ਵਿਰੁਧ ਪਰਚਾ ਦਰਜ਼ ਹੋਣ ਤੋਂ ਬਾਅਦ ਕੀਤੀ ਖ਼ੁਦਕਸ਼ੀ ਦੇ ਮਾਮਲੇ ਵਿਚ ਅੱਜ ਸ਼ਾਮ ਬਠਿੰਡਾ ਦੇ ਡਾਕਟਰਾਂ ਵਲੋਂ ਸਥਾਨਕ ਸ਼ਹਿਰ ਵਿਚ ਕੈਂਡਲ ਮਾਰਚ ਕੱਢਿਆ ਗਿਆ। ਆਈਐੱਮਏ ਦੀ ਅਗਵਾਈ ਹੇਠ ਇਕੱਠੇ ਹੋੲੈ ਸਥਾਨਕ ਸ਼ਹਿਰ ਦੇ ਡਾਕਟਰਾਂ ਨੇ ਸਥਾਨਕ ਫਾਇਰ ਬਿ੍ਗੇਡ ਚੌਂਕ ਵਿਚ ਡਾ: ਅਰਚਨਾ ਸ਼ਰਮਾ ਨੂੰ ਸ਼ਰਧਾਂਜਲੀ ਦਿੰਦਿਆਂ ਸਰਕਾਰਾਂ ਨੂੰ ਡਾਕਟਰਾਂ ਦੀ ਹਿਫ਼ਾਜ਼ਤ ਯਕੀਨੀ ਬਣਾਉਣ ਲਈ ਕਿਹਾ ਗਿਆ। ਆਈਐਮਏ ਦੇ ਜ਼ਿਲ੍ਹਾ ਪ੍ਰਧਾਨ ਡਾ: ਵਿਕਾਸ ਛਾਬੜਾ ਅਤੇ ਜਨਰਲ ਸਕੱਤਰ ਡਾ: ਰਵੀਕਾਂਤ ਗੁਪਤਾ ਨੇ ਇਸ ਮੌਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੀ ਰਾਜਸਥਾਨ ਸਰਕਾਰ ਤੋਂ ਪੀੜਤ ਡਾਕਟਰ ਨੂੰ ਇਨਸਾਫ਼ ਦੇਣ ਦੀ ਮੰਗ ਕਰਦਿਆਂ ਉਸਦੀ ਮੌਤ ਲਈ ਜਿੰਮੇਵਾਰ ਕਥਿਤ ਦੋਸ਼ੀਆਂ ਨੂੰ ਤੁਰੰਤ ਗਿ੍ਰਫਤਾਰ ਕਰਨ ਲਈ ਵੀ ਕਿਹਾ। ਇਸਤੋਂ ਇਲਾਵਾ ਮਿ੍ਰਤਕ ਡਾਕਟਰ ਵਿਰੁਧ ਪਰਚਾ ਦਰਜ਼ ਕਰਨ ਵਾਲੇ ਪੁਲਿਸ ਅਧਿਕਾਰੀਆਂ ਵਿਰੁਧ ਵੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਆਈ.ਐਮ.ਏ ਦੇ ਅਹੁੱਦੇਦਾਰਾਂ ਨੇ ਦੋਸ਼ ਲਗਾਇਟਾ ਕਿ ਮਹਰੂਮ ਡਾ: ਅਰਚਨਾ ਸ਼ਰਮਾ ਵਿਰੁੱਧ ਕਥਿਤ ਤੌਰ ’ਤੇ ਗੈਰ-ਕਾਨੂੰਨੀ ਢੰਗ ਨਾਲ ਐਫਆਈਆਰ ਦਰਜ ਕਰਕੇ ਉਸਨੂੰ ਝੂਠੇ ਕੇਸ ਵਿਚ ਫ਼ਸਾਇਆ ਗਿਆ। ਜਿਸ ਵਿਚ ਉਥੇ ਦੇ ਸਿਆਸਤਦਾਨ, ਪੁਲਿਸ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਜਿੰਮੇਵਾਰ ਹਨ। ਗੌਰਤਲਬ ਹੈ ਕਿ ਅਪਰੇਸ਼ਨ ਦੌਰਾਨ ਮਰੀਜ਼ ਨੂੰ ਬਚਾਉਣ ਦੀ ਕੋਸ਼ਿਸ਼ ਦੇ ਬਾਵਜੂਦ ਵੀ ਔਰਤ ਦੀ ਮੌਤ ਹੋ ਗਈ ਸੀ ਜਦੋਂਕਿ ਉਸਦੇ ਬੱਚੇ ਨੂੰ ਬਚਾ ਲਿਆ ਗਿਆ ਸੀ। ਇਸ ਮਾਮਲੇ ਵਿਚ ਡਾਕਟਰ ਅਰਚਨਾ ਸ਼ਰਮਾ ਵਿਰੁਧ ਕੇਸ ਦਰਜ਼ ਕਰ ਲਿਆ ਗਿਆ ਸੀ। ਜਿਸਤੋਂ ਪ੍ਰੇਸ਼ਾਨ ਹੋ ਕੇ ਉਕਤ ਡਾਕਟਰ ਨੇ ਫ਼ਾਹਾ ਲੈ ਕੇ ਆਤਮਹੱਤਿਆ ਕਰ ਲਈ ਸੀ। ਹਾਲਾਂਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਮੁੁਅੱਤਲ ਕਰ ਦਿੱਤਾ ਹੈ ਪਰੰਤੂ ਇਸ ਘਟਨਾ ਕਾਰਨ ਡਾਕਟਰਾਂ ਵਿਚ ਗੁੱਸਾ ਹੈ।
Share the post "ਮਿ੍ਰਤਕ ਡਾਕਟਰ ਅਰਚਨਾ ਸ਼ਰਮਾ ਦੀ ਖੁਦਕਸ਼ੀ ਮਾਮਲੇ ’ਚ ਬਠਿੰਡਾ ਦੇ ਡਾਕਟਰਾਂ ਨੇ ਕੱਢਿਆ ਕੈਂਡਲ ਮਾਰਚ"