ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 29 ਜੂਨ : ਜ਼ਿਲ੍ਹੇ ਦੇ ਥਾਣਾ ਸੰਗਤ ਅਧੀਨ ਆਉਂਦੇ ਪਿੰਡ ਪਥਰਾਲਾ ’ਚ ਕੁੱਝ ਦਿਨ ਪਹਿਲਾਂ ਰਾਤ ਨੂੰ ਚੋਰੀ ਦੀ ਨੀਅਤ ਨਾਲ ਘਰ ’ਚ ਵੜੇ ਨੌਜਵਾਨਾਂ ’ਤੇ ਗੋਲੀ ਚਲਾਉਣੀ ਘਰ ਦੇ ਮਾਲਕਾਂ ਨੂੰ ਮਹਿੰਗੀ ਪੈ ਗਈ ਹੈ। ਇਸ ਮਾਮਲੇ ਵਿਚ ਪਹਿਲਾਂ ਜਿੱਥੇ ਸੰਗਤ ਪੁਲਿਸ ਨੇ ਘਰ ਦੇ ਮਾਲਕ ਦੀ ਸਿਕਾਇਤ ’ਤੇ ਕਥਿਤ ਚੋਰਾਂ ਵਿਰੁਧ ਪਰਚਾ ਦਰਜ ਕੀਤਾ ਸੀ ਪ੍ਰੰਤੂ ਹੁਣ ਗੋਲੀ ਲੱਗਣ ਕਾਰਨ ਜਖਮੀ ਹੋਏ ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਅਪਣੀ ਰੱਖਿਆ ਲਈ ਗੋਲੀ ਚਲਾਉਣ ਵਾਲੇ ਵਿਅਕਤੀਆਂ ਨੂੰ ਹੀ ਕਾਤਲ ਬਣਾ ਦਿੱਤਾ ਹੈ। ਇਸ ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਸਿਕਾਇਤ ’ਤੇ ਪਥਰਾਲਾ ਦੇ ਦੋ ਭਰਾਵਾਂ ਕੇ ਉਸਦੇ ਵਿਰੁਧ ਕਤਲ ਦਾ ਮੁਕੱਦਮਾ ਦਰਜ਼ ਕਰ ਦਿੱਤਾ ਹੈ। ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਇਸ ਘਟਨਾ ਨੂੰ ਲੈ ਕੇ ਪਿਛਲੇ ਕੁੱਝ ਦਿਨਾਂ ਤੋਂ ਪਿੰਡ ’ਚ ਤਨਾਅ ਬਣਿਆ ਹੋਇਆ ਸੀ। ਮਿਲੀ ਸੂਚਨਾ ਮੁਤਾਬਕ ਪਿੰਡ ਪਥਰਾਲਾ ਦੇ ਇੱਕ ਜਿਮੀਦਾਰ ਪ੍ਰੀਤਮ ਸਿੰਘ ਤੇ ਜਗਸੀਰ ਸਿੰਘ ਵਿਚ ਤਿੰਨ ਦਿਨ ਪਹਿਲਾਂ ਪਿੰਡ ਦੇ ਹੀ ਦੋ ਨੌਜਵਾਨ ਅੰਗਰੇਜ ਸਿੰਘ ਤੇ ਕਾਕਾ ਸਿੰਘ ਕਥਿਤ ਤੌਰ ’ਤੇ ਚੋਰੀ ਦੀ ਨੀਅਤ ਨਾਲ ਘਰ ਵਿਚ ਦਾਖ਼ਲ ਹੋ ਗਏ ਸਨ ਪ੍ਰੰਤੂ ਇਸਦਾ ਪਤਾ ਘਰ ਵਾਲਿਆਂ ਨੂੰ ਲੱਗ ਗਿਆ ਤੇ ਉਨ੍ਹਾਂ ਅਪਣੇ ਬਚਾਅ ਲਈ ਗੋਲੀ ਚਲਾ ਦਿੱਤੀ। ਇੱਕ ਨੌਜਵਾਨ ਦੇ ਗੋਲੀ ਲੱਗ ਗਈ, ਜਿਸ ਕਾਰਨ ਉਹ ਜਖਮੀ ਹੋ ਗਿਆ। ਬਾਅਦ ਵਿਚ ਉਸਦੀ ਪਹਿਚਾਣ ਪਿੰਡ ਦੇ ਹੀ ਅੰਗਰੇਜ ਸਿੰਘ ਦੇ ਤੌਰ ’ਤੇ ਹੋਈ। ਇਸਤੋਂ ਇਲਾਵਾ ਉਸਦੇ ਨਾਲ ਆਏ ਨੌਜਵਾਨ ਦੀ ਪਹਿਚਾਣ ਕਾਕਾ ਵਜੋਂ ਹੋਈ। ਇਸ ਮਾਮਲੇ ਵਿਚ ਜਿੱਥੇ ਜਖਮੀ ਨੌਜਵਾਨ ਨੂੰ ਇਲਾਜ ਲਈ ਏਮਜ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ ਸੀ, ਉਥੇ ਪ੍ਰੀਤਮ ਸਿੰਘ ਦੀ ਸਿਕਾਇਤ ਉਪਰ ਦੋਨਾਂ ਨੌਜਵਾਨਾਂ ਵਿਰੁਧ ਪਰਚਾ ਦਰਜ਼ ਕਰ ਲਿਆ ਗਿਆ ਸੀ। ਪ੍ਰੰਤੂ ਬੀਤੀ ਰਾਤ ਇਲਾਜ ਦੌਰਾਨ ਅੰਗਰੇਜ ਸਿੰਘ ਦੀ ਮੌਤ ਹੋ ਗਈ। ਸੂਚਨਾ ਮੁਤਾਬਕ ਮੌਤ ਤੋਂ ਬਾਅਦ ਕਾਫ਼ੀ ਵੱਡੀ ਗਿਣਤੀ ਵਿਚ ਅੰਗਰੇਜ ਸਿੰਘ ਦੇ ਪ੍ਰਵਾਰ ਵਾਲੇ ਤੇ ਹੋਰ ਸਮਰਥਕ ਇਕੱਠੇ ਹੋ ਕੇ ਅੱਜ ਥਾਣੇ ਪੁੱਜੇ ਸਨ, ਜਿੰਨ੍ਹਾਂ ਇਸ ਮਾਮਲੇ ਵਿਚ ਗੋਲੀ ਚਲਾਉਣ ਵਾਲਿਆਂ ਵਿਰੁਧ ਕਾਰਵਾਈ ਦੀ ਮੰਗ ਕੀਤੀ ਸੀ। ਇਸਦੀ ਪੁਸ਼ਟੀ ਕਰਦਿਆਂ ਥਾਣਾ ਸੰਗਤ ਦੇ ਮੁਖੀ ਜਸਵਿੰਦਰ ਸਿੰਘ ਨੇ ਦਸਿਆ ਕਿ ਮ੍ਰਿਤਕ ਨੌਜਵਾਨ ਅੰਗਰੇਜ ਸਿੰਘ ਦੇ ਪਿਤਾ ਹੰਸਾ ਸਿੰਘ ਦੇ ਬਿਆਨਾਂ ਉਪਰ ਫ਼ਿਲਹਾਲ ਪ੍ਰੀਤਮ ਸਿੰਘ ਤੇ ਜਗਸੀਰ ਸਿੰਘ ਵਿਰੁਧ ਪਰਚਾ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਤਫ਼ਤੀਸ ਜਾਰੀ ਹੈ ਤੇ ਨੌਜਵਾਨ ਦੀ ਮੌਤ ਦੇ ਕਾਰਨਾਂ ਨੂੰ ਜਾਂਚਿਆ ਜਾ ਰਿਹਾ ਹੈ।
ਮੁਦਈ ਬਣੇ ਕਾਤਲ, ਘਰੇਂ ਚੋਰੀ ਕਰਨ ਆਏ ਨੌਜਵਾਨ ’ਤੇ ਗੋਲੀ ਚਲਾਉਣੀ ਮਹਿੰਗੀ ਪਈ
9 Views