ਮੁੱਖ ਮੰਤਰੀ ਤੇ ਉਹਨਾਂ ਦੀ ਕੈਬਨਿਟ ਦੇ ਆਪ ਦੇ ਪ੍ਰਚਾਰ ਵਾਸਤੇ ਗੁਜਰਾਤ ਜਾਣ ਕਾਰਨ ਸਾਰਾ ਪ੍ਰਸ਼ਾਸਨਿਕ ਢਾਂਚਾ ਢਹਿ ਢੇਰੀ ਹੋਇਆ
ਕਿਹਾ ਕਿ ਕੋਈ ਵੀ ਸੁਰੱਖਿਅਤ ਨਹੀਂ, ਮਿੱਥ ਕੇ ਕਤਲ ਤੇ ਫਿਰੌਤੀਆਂ ਨਿੱਤ ਦਾ ਕੰਮ ਬਣਿਆ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 29 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਸੂਬੇ ਵਿਚ ਕਾਨੂੰਨ ਵਿਵਸਥਾ ਕਾਇਮ ਰੱਖਣ ਅਤੇ ਸੂਬੇ ਵਿਚ ਫਿਰਕੂ ਸਦਭਾਵਨਾ ਬਣਾਈ ਰੱਖਣ ਵਿਚ ਵੀ ਫੇਲ੍ਹ ਹੋਣ ਦੀ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਜਾਏ ਢੁਕਵੇਂ ਕਦਮ ਚੁੱਕ ਕੇ ਪੰਜਾਬੀਆਂ ਵਿਚ ਵਿਸ਼ਵਾਸ ਬਹਾਲ ਕਰਨ ਦੇ, ਮੁੱਖ ਮੰਤਰੀ ਆਪਣੀ ਵਜ਼ਾਰਤ ਸਮੇਤ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਨ ਵਾਸਤੇ ਗੁਜਰਾਤ ਭੱਜ ਗਏ ਹਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬੀਆਂ ਨੇ ਹਾਂ ਪੱਖੀ ਤਬਦੀਲੀ ਵਾਸਤੇ ਆਪ ਨੂੰ ਵੱਡਾ ਫਤਵਾ ਦਿੱਤਾ ਸੀ ਨਾ ਕਿ ਸੂਬੇ ਦੇ ਸਰੋਤ ਦੇਸ਼ ਭਰ ਵਿਚ ਆਪ ਦੇ ਪ੍ਰਭਾਵ ਦਾ ਵਿਸਥਾਰ ਕਰਨ ਵਾਸਤੇ ਸੂਬੇ ਦੇ ਸਰੋਤਾਂ ਨੂੰ ਬਰਬਾਦ ਕਰਨ ਲਈ ਤੇ ਪੰਜਾਬ ਵਿਚ ਕੁਪ੍ਰਸ਼ਾਸਨ ਲਈ ਦਿੱਤਾ ਸੀ। ਉਹਨਾਂ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਅਜਿਹੇ ਹਾਲਾਤ ਕਦੇ ਨਹੀਂ ਬਣੇ ਕਿ ਚੁਣੀ ਹੋਈ ਸਰਕਾਰ ਆਪਣੇ ਲੋਕਾਂ ਨੂੰ ਭੁੱਲ ਗਈ ਤੇ ਸੂਬੇ ਨੂੰ ਅਰਾਜਕਤਾ ਵਿਚ ਧੱਕ ਦਿੱਤਾ। ਸ: ਬਾਦਲ ਨੇ ਕਿਹਾ ਕਿ ਪੰਜਾਬ ਵਿਚ ਅੱਜ ਕੋਈ ਵੀ ਸੁਰੱਖਿਅਤ ਨਹੀਂ ਹੈ। ਉਹਨਾਂ ਕਿਹਾ ਕਿ ਮਿੱਥ ਕੇ ਕਤਲ ਕਰਨਾ ਨਿੱਤ ਦਾ ਕੰਮ ਹੋ ਗਿਆ ਹੈ ਤੇ ਅੱਜ ਬਟਾਲਾ ਨੇੜੇ ਇਕ ਅਕਾਲੀ ਵਰਕਰ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਅਸੀਂ ਵੇਖਿਆ ਸੀ ਕਿ ਕਿਵੇਂ ਨੌਜਵਾਨਾਂ ਦੀ ਪਸੰਦ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ, ਪੰਜਾਬ ਪੁਲਿਸ ਇੰਟਰੈਲੀਜੈਂਸ ਦਫਤਰ ’ਤੇ ਆਰ ਪੀ ਜੀ ਹਮਲਾ ਹੋਇਆ, ਹਿੰਦੂ ਤੇ ਸਿੱਖ ਟਕਰਾਅ ਹੋਏ ਤੇ ਗੈਂਗਸਟਰ ਦੀਪਕ ਟੀਨੂੰ ਪੁਲਿਸ ਦੀ ਹਿਰਾਸਤ ਵਿਚੋਂ ਫਰਾਰ ਹੋ ਗਿਆ। ਉਹਨਾਂ ਕਿਹਾ ਕਿ ਆਪ ਸਰਕਾਰ ਨੂੰ ਸੱਤਾ ਵਿਚ ਆਏ ਨੂੰ 8 ਮਹੀਨੇ ਹੋਏ ਹਨ ਪਰ ਉਸਨੇ ਸੂਬੇ ਨੂੰ 20 ਸਾਲ ਪਛਾੜ ਦਿੱਤਾ ਹੈ ਤੇ ਲੋਕਾਂ ਨੂੰ 1980ਵਿਆਂ ਦਾ ਕਾਲਾ ਦੌਰ ਚੇਤੇ ਆਉਣ ਲੱਗ ਪਿਆਹੈ ਜੋ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਕਾਰਨ ਤੇ ਫਿਰਕੂ ਟਕਰਾਅ ਦੇ ਨਤੀਜੇ ਵਜੋਂ ਆਇਆਸੀ। ਉਨਾਂ ਜ਼ੋਰ ਦੇ ਕੇ ਕਿਹਾ ਕਿ ਫਿਰੌਤੀਆਂ ਦੇ ਸਭਿਆਚਾਰ ਦੀ ਸੂਬੇ ਦੀਆਂ ਜੇਲ੍ਹਾਂ ਵਿਚ ਪੁਸ਼ਤ ਪਨਾਹੀ ਕੀਤੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਦੇ ਮਨਾਂ ਵਿਚ ਖੌਫ ਤੇ ਦਹਿਸ਼ਤ ਦਾ ਮਾਹੌਲ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਹਾਲ ਹੀ ਵਿਚ ਕਈ ਨਿਵੇਸ਼ਕ ਮਿਲੇ ਹਨ ਜਿਹਨਾਂ ਨੇ ਉਹਨਾਂ ਨੂੰ ਦੱਸਿਆ ਹੈ ਕਿ ਪੰਜਾਬ ਵਿਚ ਮੌਜੂਦਾ ਸਮਾਂ ਨਿਵੇਸ਼ ਲਈ ਢੁਕਵਾਂ ਨਹੀਂ ਹੈ। ਉਹਨਾਂ ਕਿਹਾ ਕਿ ਇਥੇ ਦੇ ਸਥਾਨਕ ਵਪਾਰੀ ਵੀ ਹੁਣ ਸੂਬੇ ਤੋਂ ਬਾਹਰ ਜਾਣ ਨੂੰ ਤਰਜੀਹ ਦੇਣ ਲੱਗ ਪਏ ਹਨ। ਉਹਨਾਂ ਕਿਹਾ ਕਿ ਇਸ ਕਾਰਨ ਨੌਕਰੀਆਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਬੇਰੋਜ਼ਗਾਰੀ ਵੱਘ ਰਹੀ ਹੈ, ਜਿਸ ਬਾਰੇ ਨੌਜਵਾਨਾਂ ਨੇ ਉਹਨਾਂ ਨੂੰ ਦੱਸਿਆ ਹੈ ਕਿ ਕਿਵੇਂ ਉਹਨਾਂ ਨੇ ਸੂਬੇ ਵਿਚ ਖਰਾਬ ਹੋਏ ਮਾਹੌਲ ਕਾਰਨ ਉਦਯੋਗ ਬੰਦ ਹੋਣ ਨਾਲ ਆਪਣੇ ਰੋਜ਼ਗਾਰ ਗੁਆਏ ਹਨ। ਉਹਨਾਂ ਕਿਹਾ ਕਿ ਸੂਬੇ ਦੇ ਮਾੜੇ ਹਾਲਾਤਾਂ ਦਾ ਸਭ ਤੋਂ ਵੱਡਾ ਅਸਰ ਦੋ ਪ੍ਰਮੁੱਖ ਭਾਈਚਾਰਿਆਂ ਦੀ ਆਪਸੀ ਸਾਂਝ ’ਤੇ ਪਿਆ ਹੈ ਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਹੁਤ ਮਿਹਨਤ ਨਾਲ ਕਾਇਮ ਕੀਤੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਹੁਣ ਬੀਤੇ ਦੀ ਗੱਲ ਦਿਸਦੀ ਹੈ। ਸ: ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਬਜਾਏ ਦਰੁੱਸਤੀ ਵਾਲੇ ਕਦਮ ਚੁੱਕਣ ਦੇ ਆਮ ਆਦਮੀ ਪਾਰਟੀ ਲੋਕਾਂ ਨੂੰ ਗੁੰਮਰਾਹ ਕਰਨ ਲਈ ਸਸਤੀ ਸ਼ੋਹਰਤ ਖੱਟਣ ਵਾਸਤੇ ਪ੍ਰਾਪੇਗੰਡੇ ’ਤੇ ਉਤਰ ਆਈ ਹੈ। ਉਹਨਾਂ ਕਿਹਾ ਕਿ ਐਂਟੀ ਗੈਂਗਸਟਰ ਫੋਰਸ ਜਿਸਦਾ ਕਰੋੜਾਂ ਰੁਪਏ ਦੇ ਇਸ਼ਤਿਹਾਰ ਦੇ ਕੇ ਪ੍ਰਚਾਰ ਕੀਤਾ ਗਿਆ, ਪੂਰੀ ਤਰ੍ਹਾਂ ਫਲਾਪ ਸਾਬਤਹੋਈ ਹੈ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਸੂਬੇ ਵਿਚ ਗੈਂਗਸਟਰਾਂ ਦੀ ਸਰਗਰਮੀ ਵਿਚ ਵਾਧਾ ਹੋਇਆ ਹੈ ਤੇ ਇਸੇ ਕਾਰਨ ਕਤਲਾਂ ਤੇ ਫਿਰੌਤੀ ਦੀਆਂ ਘਟਨਾਵਾਂ ਵਧੀਆਂ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਲੁੱਟ ਖੋਹ ਤੇ ਡਾਕੇ ਵੀ ਵੱਧ ਗਏ ਹਨ ਜਿਸ ਕਾਰਨ ਆਮ ਆਦਮੀ ਪ੍ਰੇਸ਼ਾਨ ਹੈ।
Share the post "ਮੁੱਖ ਮੰਤਰੀ ਕਾਨੂੰਨ ਵਿਵਸਥਾ ਤੇ ਫਿਰਕੂ ਸਦਭਾਵਨਾ ਕਾਇਮ ਰੱਖਣ ਵਿਚ ਫੇਲ੍ਹ ਹੋਣ ਦੀ ਜ਼ਿੰਮੇਵਾਰੀ ਲੈਂਦਿਆਂ ਅਸਤੀਫਾ ਦੇਣ : ਸੁਖਬੀਰ ਸਿੰਘ ਬਾਦਲ"