ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 10 ਜੁਲਾਈ: ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਲਗਾਤਾਰ ਬਰਸਾਤਾਂ ਤੇ ਹੜ੍ਹਾਂ ਦੇ ਪਾਣੀ ਕਾਰਨ ਜਿਹੜੇ ਹਜ਼ਾਰਾਂ ਲੋਕਾਂ ਦੇ ਘਰ ਤਬਾਹ ਹੋਏਹਨ, ਉਹਨਾਂ ਨੂੰ ਤੁਰੰਤ ਰਾਹਤ ਪ੍ਰਦਾਨ ਕੀਤੀ ਜਾਵੇ ਅਤੇ ਹਜ਼ਾਰਾਂ ਏਕੜ ਵਿਚ ਜਿਹੜੇ ਕਿਸਾਨਾਂ ਦੀ ਝੋਨੇ ਦੀ ਫਸਲ ਤਬਾਹ ਹੋਈ ਹੈ, ਉਹਨਾਂ ਨੂੰ ਵੀ ਰਾਹਤ ਪ੍ਰਦਾਨ ਕੀਤੀ ਜਾਵੇ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਮੁੱਖ ਮੰਤਰੀ ਜਸ਼ਨ ਮਨਾਉਣ ਵਿਚ ਅਤੇ ਗੁਆਂਢੀ ਰਾਜ ਹਰਿਆਣਾ ਵਿਚ ਚੋਣਾਂ ਦੀਆਂ ਤਿਆਰੀਆਂ ਦੇ ਦੌਰਿਆਂ ਵਿਚ ਰੁੱਝੇ ਹਨ ਤੇ ਹੜ੍ਹਾਂ ਨਾਲ ਨਜਿੱਠਣ ਵਾਸਤੇ ਸਮੀਖਿਆ ਮੀਟਿੰਗਾਂ ਤੇ ਅਗਾਉਂ ਤਿਆਰੀਆਂ ਕਰਨ ਵਿਚ ਨਾਕਾਮ ਸਾਬਤ ਹੋਏ ਹਨ।ਉਹਨਾਂ ਕਿਹਾ ਕਿ ਮੌਜੂਦਾ ਦੌਰ ਵਿਚ ਚਲ ਰਹੀ ਭਾਰੀ ਬਰਸਾਤ ਨੂੰ ਲੈ ਕੇ ਅਗਾਊਂ ਚੇਤਾਵਨੀਆਂ ਦਿੱਤੀਆਂ ਗਈਆਂ ਸਨ ਪਰ ਮੁੱਖ ਮੰਤਰੀ ਨੇ ਉਹਨਾਂ ’ਤੇ ਗੌਰ ਕਰਨ ਦੀ ਲੋੜ ਨਹੀਂ ਸਮਝਦੀ ਤੇ ਉਹ ਜਸ਼ਨ ਮਨਾਉਣ ਵਿਚ ਅਤੇ ਅਰਵਿੰਦ ਕੇਜਰੀਵਾਲ ਦੇ ਸਿਆਸੀ ਹਿੱਤਾਂ ਦੀ ਪੂਰਤੀ ਵਿਚ ਰੁੱਝੇ ਰਹੇ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਜਦੋਂ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਗਿਆ ਤਾਂ ਆਮ ਆਦਮੀ ਪਾਰਟੀ ਸਰਕਾਰ ਸੁੱਤੀ ਪਈ ਫੜੀ ਗਈ। ਉਹਨਾਂ ਕਿਹਾ ਕਿ ਜੇਕਰ ਅੱਜ ਲੋਕ ਮੁਸੀਬਤਾਂ ਝੱਲ ਰਹੇ ਹਨ ਤਾਂ ਇਸਦਾ ਕਾਰਨ ਸਰਕਾਰ ਦੀ ਤਿਆਰੀ ਦੀ ਘਾਟ ਹੈ ਕਿਉਂਕਿ ਸਰਕਾਰ ਤਾਂ ਜ਼ਮੀਨੀ ਪੱਧਰ ’ਤੇ ਕੋਈ ਵੀ ਰਾਹਤ ਦੇਣ ਵਿਚ ਨਾਕਾਮ ਰਹਿਣ ਦੇ ਬਾਵਜੂਦ ਰਾਹਤਾਂ ਦੇਣ ਦੀ ਇਸ਼ਤਿਹਾਰਬਾਜ਼ੀ ਵਿਚ ਰੁੱਝੀ ਹੈ।ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੂਬੇ ਵਿਚ ਹਾਊਸਿੰਗ ਕਲੌਨੀਆਂ ਤੇ ਸ਼ਹਿਰੀ ਸਮੂਹਾਂ ਵਿਚ ਵੱਡੇ ਨੁਕਸਾਨ ਹੋਏ ਹਨ ਕਿਉਂਕਿ ਸਰਕਾਰ ਪਾਣੀ ਦੀਆਂ ਨਿਕਾਸੀ ਸਹੂਲਤਾਂ ਦਾ ਸਹੀ ਪ੍ਰਬੰਧ ਨਹੀਂ ਕਰ ਸਕੀ ਜਿਸ ਕਾਰਨ ਸ਼ਹਿਰੀ ਖੇਤਰਾਂ ਵਿਚੋਂ ਪਾਣੀ ਦੀ ਨਿਕਾਸੀ ਦਾ ਸਹੀ ਸਬੱਬ ਨਹੀਂ ਬਣਿਆ। ਉਹਨਾਂ ਕਿਹਾ ਕਿ ਇਸੇ ਤਰੀਕੇ ਪਿੰਡਾਂ ਵਿਚ ਡਰੇਨਾਂ ਦੀ ਸਫਾਈ ਵਾਸਤੇ ਸਮੇਂ ਸਿਰ ਕੋਈ ਕਦਮ ਨਹੀਂ ਚੁੱਕੇ ਗਏ ਜਿਸ ਕਾਰਨ ਲੋਕਾਂ ਦੀਆਂ ਮੁਸੀਬਤਾਂ ਹੁਣ ਬਹੁਤ ਵੱਧ ਗਈਆਂ ਹਨ।ਸ: ਮਜੀਠੀਆ ਨੇ ਮੁੱਖ ਮੰਤਰੀ ਨੂੰ ਚੇਤੇ ਕਰਵਾਇਆ ਕਿ ਉਹਨਾਂ ਨੂੰ ਪੰਜਾਬੀਆਂ ਨੇ ਚੁਣਿਆ ਹੈ ਤੇ ਉਹਨਾਂ ਦੀ ਜ਼ਿੰਮੇਵਾਰੀ ਪੰਜਾਬੀਆਂ ਦੀ ਸੇਵਾ ਕਰਨ ਦੀ ਹੈ ਨਾ ਕਿ ਦਿੱਲੀ ਵਿਚਲੇ ਆਪਣੇ ਸਿਆਸੀ ਆਕਾਵਾਂ ਦੀ ਸੇਵਾ ਕਰਨ ਦੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਲੋਕਾਂ ਨੂੰ ਫੌਰੀ ਤੇ ਸਮੇਂ ਸਿਰ ਰਾਹਤ ਪ੍ਰਦਾਨ ਕਰਨ ਵਾਸਤੇ ਆਪਣੇ ਚੋਣ ਦੌਰੇ ਘਟਾਉਣੇ ਪੈਣਗੇ। ਉਹਨਾਂ ਮੰਗ ਕੀਤੀ ਕਿ ਬਰਸਾਤਾਂ ਕਾਰਨ ਜਿਹਨਾਂ ਦੇ ਘਰ ਢਹਿ ਗਏਹਨ, ਸਰਕਾਰ ਉਹਨਾਂ ਨੂੰ 5-5 ਲੱਖ ਰੁਪਏ ਅਤੇ ਕਿਸਾਨ ਜਿਹਨਾਂ ਦੀ ਸਾਰੀ ਫਸਲ ਤਬਾਹ ਹੋ ਗਈ ਹੈ ਨੂੰ 25-25 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਅਗਾਊਂ ਮੁਆਵਜ਼ਾ ਦੇਵੇ। ਉਹਨਾਂ ਕਿਹਾ ਕਿ ਇਸਦੇ ਨਾਲ ਹੀ ਫਸਲਾਂ ਦੀ ਤਬਾਹੀ ਦਾ ਹਿਸਾਬ ਲਾਉਣ ਵਾਸਤੇ ਸਮੇਂ ਸਿਰ ਗਿਰਦਾਵਰੀ ਵੀ ਕੀਤੀ ਜਾਵੇ। ਉਹਨਾਂ ਕਿਹਾ ਕਿ ਇਹ ਸਭ ਤੁਰੰਤ ਕੀਤਾ ਜਾਵੇ ਤੇ ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਕਿ ਉਹ ਬੀਤੇ ਸਮੇਂ ਵਾਂਗ ਸੰਕਟ ਨਾਲ ਨਜਿੱਠਣ ਵਾਸਤੇ ਮੁਆਵਜ਼ੇ ਦੇ ਐਲਾਨ ਤੱਕ ਹੀ ਸੀਮਤ ਨਾ ਰਹਿ ਜਾਵੇ। ਉਹਨਾਂ ਕਿਹਾ ਕਿ ਆਪ ਸਰਕਾਰ ਬਹੁਤ ਸ਼ਰਾਰਤੀ ਹੈ ਜੋ ਫਸਲਾਂ ਦੇ ਮੁਆਵਜ਼ੇ ਦਾ ਐਲਾਨ ਕਰ ਕੇ ਉਸਦੀ ਇਸ਼ਤਿਹਾਰਬਾਜ਼ੀ ਕਰਨ ਲੱਗ ਜਾਂਦੀ ਹੈ ਤੇ ਫਿਰ ਮੁਆਵਜ਼ਾ ਦੇਣਾ ਭੁੱਲ ਜਾਂਦੀ ਹੈ। ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਘਰਾਂ ਦੇ ਮਾਲਕਾਂ, ਕਿਸਾਨਾਂ ਤੇ ਗਰੀਬਾਂ ਸਮੇਤ ਜਿਹੜੇ ਵੀ ਲੋਕ ਭਾਰੀ ਬਰਸਾਤਾਂ ਤੇ ਹੜ੍ਹਾਂ ਕਾਰਨ ਪ੍ਰਭਾਵਤ ਹੋਏ ਹਨ, ਉਹਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ।
Share the post "ਮੁੱਖ ਮੰਤਰੀ ਜਸ਼ਨ ਮਨਾਉਣੇ ਤੇ ਚੋਣ ਦੌਰੇ ਬੰਦ ਕਰ ਕੇ ਹੜ੍ਹਾਂ ਨਾਲ ਪ੍ਰਭਾਵਤ ਲੋਕਾਂ ਨੂੰ ਸਮੇਂ ਸਿਰ ਮਦਦ ਪਹੁੰਚਾਉਣ: ਮਜੀਠੀਆ"