ਬੱਚਿਆਂ ਨੂੰ ਲੱਗਣ ਵਾਲੀਆਂ ਕਿਤਾਬਾਂ ਤੇ ਵਰਦੀਆਂ ਮਿਲਦੀਆਂ ਹਨ ‘ਖ਼ਾਸ’ ਦੁਕਾਨਾਂ ’ਤੇ
ਸੁਖਜਿੰਦਰ ਮਾਨ
ਬਠਿੰਡਾ, 2 ਅਪ੍ਰੈਲ: ਸੂਬੇ ਦੇ ਕੁੱਝ ਨਾਮਵਾਰ ਸਕੂਲਾਂ ਵਲੋਂ ਦਾਖਲਿਆਂ ਸਮੇਂ ਵਿਦਿਆਰਥੀਆਂ ਦੀਆਂ ਕਿਤਾਬਾਂ ਤੇ ਵਰਦੀਆਂ ਦੇ ਮਾਮਲੇ ’ਚ ਦੁਕਾਨਦਾਰਾਂ ਨਾਲ ਮਿਲਕੇ ਕੀਤੀ ਜਾਂਦੀ ਕਥਿਤ ‘ਲੁੱਟ’ ਦਾ ਸਿਲਸਿਲਾ ਹਾਲੇ ਵੀ ਬਦਸਤੂਰ ਜਾਰੀ ਹੈ, ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਲੁੱਟ ਨੂੰ ਬੰਦ ਕਰਵਾਉਣ ਦੀਆਂ ਸਖ਼ਤ ਹਿਦਾਇਤਾਂ ਜਾਰੀ ਕੀਤੀਆਂ ਹਨ। ਸਿੱਖਿਆ ਖੇਤਰ ਨਾਲ ਜੁੜੇ ਮਾਹਰਾਂ ਮੁਤਾਬਕ ਪੰਜਾਬ ਭਰ ’ਚ 200 ਦੇ ਕਰੀਬ ਇੰਨ੍ਹਾਂ ਸਕੂਲਾਂ ’ਚ ਬੱਚਿਆਂ ਨੂੰ ਦਾਖ਼ਲ ਕਰਵਾਉਣ ਲਈ ਮਾਪਿਆਂ ਦੀ ਹੋੜ ਦਾ ਭਰਪੂਰ ਫ਼ਾਈਦਾ ਉਠਾਇਆ ਜਾਂਦਾ ਹੈ। ਇਹੀਂ ਨਹੀਂ, ਇੰਨ੍ਹਾਂ ਵਿਚੋਂ ਕਾਫ਼ੀ ਸਾਰੇ ਸਕੂਲਾਂ ਵਿਚ ਤਾਂ ਕਿਤਾਬਾਂ ਖੁਦ ਸਕੂੁਲਾਂ ਵਲੋਂ ਅਪਣੇ ਪੱਧਰ ’ਤੇ ਦਿੱਤੀਆਂ ਜਾਂਦੀਆਂ ਹਨ ਜਦੋਂਕਿ ਕਈ ਸਕੂਲਾਂ ਵਲੋਂ ਸਿਫ਼ਾਰਿਸ਼ ਕੀਤੀਆਂ ਕਿਤਾਬਾਂ ਸਿਰਫ਼ ਕੁੱਝ ਇੱਕ ਦੁਕਾਨਾਂ ’ਤੇ ਹੀ ਮਿਲਦੀਆਂ ਹਨ। ਪੰਜਾਬ ਦੀ ਤਰ੍ਹਾਂ ਬਠਿੰਡਾ ਦੇ ਵਿਚ ਵੀ ਇਹ ਰੀਤ ਲਗਾਤਾਰ ਜਾਰੀ ਹੈ। ਸੂਤਰਾਂ ਮੁਤਾਬਕ ਸ਼ਹਿਰ ਦੇ ਅੱਧੀ ਦਰਜ਼ਨ ਨਾਮਵਾਰ ਸਕੂਲਾਂ ਵਲੋਂ ਸਿਫ਼ਾਰਿਸ਼ ਕੀਤੀਆਂ ਕਿਤਾਬਾਂ ਤੇ ਵਰਦੀਆਂ ਹਾਲੇ ਵੀ ਸਿਰਫ਼ ਸਬੰਧਤ ਇੱਕ-ਇੱਕ ਦੁਕਾਨ ਤੋਂ ਮਿਲਦੀਆਂ ਹਨ। ਇੰਨ੍ਹਾਂ ਵਿਚੋਂ ਇੱਕ ਸਕੂਲ ਵਲੋਂ ਤਾਂ ਹਾਲੇ ਵੀ ਅਪਣੇ ਸਕੂਲ ਦੀ ਕੰਟੀਨ ਤੋਂ ਹੀ ਕਿਤਾਬਾਂ ਵਿਦਿਆਰਥੀਆਂ ਨੂੰ ਦਿੱਤੀਆਂ ਜਾਂਦੀਆਂ ਹਨ ਜਦੋਂਕਿ ਇੱਕ ਹੋਰ ਸਕੂਲ ਵਲੋਂ ਲਿਖੀਆਂ ਕਿਤਾਬਾਂ ਸ਼ਹਿਰ ਦੇ 100 ਫੁੱਟੀ ਨਜਦੀਕ ਇੱਕ ਮਸਹੂਰ ਬੁੱਕ ਡਿੱਪੂ ਤੋਂ ਮਿਲਦੀਆਂ ਹਨ। ਮਜਬੂਰੀ ਵੱਸ ਮਾਪਿਆਂ ਵਲੋਂ ਇੰਨ੍ਹਾਂ ਵਿਸੇਸ ਕਿਤਾਬਾਂ ਦੀਆਂ ਦੁਕਾਨਾਂ ਅੱਗੇ ਲਾਈਨਾਂ ਲਗਾ ਕੇ ਨਾ ਸਿਰਫ਼ ਮਹਿੰਗੇ ਮੁੱਲ ਦੀਆਂ ਕਿਤਾਬਾਂ ਲਈਆਂ ਜਾਂਦੀਆਂ ਹਨ, ਬਲਕਿ ਸਕੂਲ ਪ੍ਰਬੰਧਕਾਂ ਨੂੰ ਪੁੱਛਣ ’ਤੇ ਬੱਚੇ ਦਾ ਨਾਮ ਕੱਟਣ ਤੱਕ ਦੀ ਧਮਕੀ ਸਹਿਣੀ ਪੈਂਦੀ ਹੈ। ਸਥਾਨਕ ਸ਼ਹਿਰ ਦੇ ਇੱਕ ਮਸਹੂਰ ਸਕੂਲ ’ਚ ਐਲਕੇਜੀ ਜਮਾਤ ਵਿਚ ਦਾਖ਼ਲਾ ਦਿਵਾਉਣ ਵਾਲੇ ਸ਼ਹਿਰ ਦੇ ਇੱਕ ਨੌਜਵਾਨ ਸੌਨਕ ਜੋਸ਼ੀ ਨੇ ਦਸਿਆ ਕਿ ‘‘ ਸਕੂਲ ਪ੍ਰਬੰਧਕਾਂ ਵਲੋਂ ਦਿੱਤੀ ਪਰਚੀ ’ਚ ਸਿਫ਼ਾਰਿਸ਼ ਕੀਤੀਆਂ ਕਿਤਾਬਾਂ ਸਿਰਫ਼ ਇੱਕ ਹੀ ਦੁਕਾਨ ਤੋਂ ਮਿਲਦੀਆਂ ਹਨ, ਜਿੱਥੇ ਲਾਈਨਾਂ ਵਿਚ ਲੱਗਣ ਤੋਂ ਬਾਅਦ ਵੀ ਵਾਰੀ ਨਹੀਂ ਆਉਂਦੀ। ’’ ਪ੍ਰਾਈਵੇਟ ਸਕੂਲਾਂ ਦੇ ਕਥਿਤ ਇਸ ਗੌਰਖਧੰਦੇ ਨੂੰ ਨੇੜੇ ਤੋਂ ਜਾਣਨ ਵਾਲੇ ਇੱਕ ਕਿਤਾਬ ਡਿੱਪੂ ਦੇ ਮਾਲਕ ਨੇ ਦਸਿਆ ਕਿ ‘‘ ਜੇਕਰ ਇੰਨ੍ਹਾਂ ਮਸ਼ਹੂਰ ਸਕੂਲਾਂ ਵਿਚ ਲੱਗਣ ਵਾਲੀਆਂ ਕਿਤਾਬਾਂ ਨੂੰ ਅਪਣੀ ਦੁਕਾਨ ’ਤੇ ਵੇਚਣਾ ਹੈ ਤਾਂ ਫ਼ਿਰ ਇੰਨ੍ਹਾਂ ਸਕੂਲਾਂ ਦੇ ਪ੍ਰਬੰਧਕਾਂ ਦੀਆਂ ਸ਼ਰਤਾਂ ਨੂੰ ਵੀ ਮੰਨਣਾ ਪੈਂਦਾ ਹੈ। ’’ ਸੂਤਰਾਂ ਮੁਤਾਬਕ ਇਨ੍ਹਾਂ ਸਕੂਲਾਂ ਵਲੋਂ ਜਿਹੜੇ ਪਬਲੀਸ਼ਰਾਂ ਦੀਆਂ ਕਿਤਾਬਾਂ ਸਿਫ਼ਾਰਿਸ਼ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਬਾਰੇ ਅਪਣੇ ਸਕੂਲ ਦੀ ਵੈਬਸਾਈਟ ’ਤੇ ਪਹਿਲਾਂ ਕੁੱਝ ਨਹੀਂ ਦਸਿਆ ਜਾਂਦਾ ਤੇ ਨਾ ਹੀ ਅਪਣੇ ਚਹੇਤੇ ਦੁਕਾਨਦਾਰ ਨੂੰ ਛੱਡ ਸਬੰਧਤ ਸ਼ਹਿਰ ਦੇ ਕਿਤਾਬਾਂ ਦੀਆਂ ਦੁਕਾਨਾਂ ਵਾਲਿਆਂ ਨੂੰ ਇਸ ਸਬੰਧੀ ਕੁੱਝ ਦਸਿਆ ਜਾਂਦਾ ਹੈ। ਜਿਸ ਕਾਰਨ ਮਾਪੇ ਐਨ ਸਕੂਲ ਲੱਗਣ ਮੌਕੇ ਉਕਤ ਚਹੇਤੇ ਦੁਕਾਨਦਾਰਾਂ ਤੋਂ ਕਿਤਾਬਾਂ ਖਰੀਦਣ ਲਈ ਮਜਬੂਰ ਹੁੰਦੇ ਹਨ। ਪਤਾ ਚੱਲਿਆ ਹੈ ਕਿ ਦੋ ਦਿਨ ਪਹਿਲਾਂ ਬਠਿੰਡਾ ਤੋਂ ਬਦਲ ਕੇ ਗਏ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਅਜਿਹੇ ਸਕੂਲਾਂ ’ਤੇ ਸਿਕੰਜ਼ਾ ਕਸਣ ਲਈ ਕਾਫ਼ੀ ਵਧੀਆਂ ਯੋਜਨਾ ਬਣਾਈ ਸੀ, ਜਿਸਦੇ ਤਹਿਤ ਜ਼ਿਲ੍ਹੇ ਦੇ ਕਰੀਬ ਇੱਕ ਦਰਜ਼ਨ ਸਕੂਲਾਂ ਨੂੰ ਉਨ੍ਹਾਂ ਵਲੋਂ ਲਾਗੂ ਕੀਤੀਆਂ ਜਾਣ ਵਾਲੀਆਂ ਕਿਤਾਬਾਂ ਤੇ ਵਰਦੀਆਂ ਬਾਰੇ ਇੱਕ ਦਰਜ਼ਨ ਦੇ ਕਰੀਬ ਸਵਾਲ ਪੁੱਛੇ ਗਏ ਸਨ, ਜਿੰਨ੍ਹਾਂ ਨੂੰ ਇੰਨ੍ਹਾਂ ਸਕੂਲਾਂ ਵਲੋਂ ਕਤਈ ਹੀ ਲਾਗੂ ਨਹੀਂ ਕੀਤਾ ਜਾਂਦਾ।
ਬਾਕਸ
ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ ਵਿਰੁਧ ਹੋਵੇਗੀ ਸਖ਼ਤੀ: ਜ਼ਿਲ੍ਹਾ ਸਿੱਖਿਆ ਅਫ਼ਸਰ
ਬਠਿੰਡਾ: ਉਧਰ ਇਸ ਮਾਮਲੇ ਵਿਚ ਗੱਲ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲਮੈਂਟਰੀ ਸਿਵ ਕੁਮਾਰ ਗੋਇਲ ਨੇ ਦਸਿਆ ਕਿ ‘‘ ਕਈ ਸਿਕਾਇਤਾਂ ਧਿਆਨ ਵਿਚ ਆਈਆਂ ਹਨ ਤੇ ਇੰਨ੍ਹਾਂ ਸਕੂਲਾਂ ਦੀਆਂ ਮਨਮਾਨੀਆਂ ਰੋਕਣ ਲਈ ਚਿੱਠੀ ਦੇ ਰੂਪ ਵਿਚ ਕੁੱਝ ਸਵਾਲ ਪੁੱਛੇ ਗਏ ਹਨ, ਜਿੰਨ੍ਹਾਂ ਦਾ ਜਲਦੀ ਜਵਾਬ ਮੰਗਿਆ ਹੈ। ’’
ਮੁੱਖ ਮੰਤਰੀ ਦੇ ਆਦੇਸਾਂ ਦੇ ਬਾਵਜੂਦ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਜਾਰੀ!
6 Views