ਹਰ ਘਰ ਸੁਨੇਹਾ ਦੇਣ ਲਈ ਮਜ਼ਦੂਰ ਜੱਥਾ ਕੀਤਾ ਤਿਆਰ
ਪੰਜਾਬੀ ਖ਼ਬਰਸਾਰ ਬਿਉਰੋ
ਗੋਨਿਆਣਾ , 23 ਜਨਵਰੀ : ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 26 ਜਨਵਰੀ ਨੂੰ ਬਠਿੰਡਾ ਵਿਖੇ ਪੁੱਜ ਰਹੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਲੇ ਝੰਡਿਆਂ ਨਾਲ ਹੋ ਰਹੇ ਵਿਰੋਧ ਪ੍ਰਦਰਸ਼ਨ ਵਿੱਚ ਮਜ਼ਦੂਰਾਂ ਦੀ ਭਰਵੀ ਸਮੂਲੀਅਤ ਕਰਵਾਉਣ ਲਈ ਪਿੰਡ ਮਹਿਮਾ ਸਰਜਾ ਦੀ ਦਾਣਾ ਮੰਡੀ ਵਿੱਚ ਮਜ਼ਦੂਰਾਂ ਦੀ ਰੈਲੀ ਕੀਤੀ ਗਈ । ਰੈਲੀ ਨੂੰ ਸਬੋਧਨ ਕਰਦੇ ਹੋਏ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਿਲਾ ਕਨਵੀਨਰ ਮਾਸਟਰ ਸੇਵਕ ਨੇ ਕਿਹਾ ਕਿ ਮਜ਼ਦੂਰਾਂ ਦੇ ਸਾਂਝੇ ਮੋਰਚੇ ਵੱਲੋਂ ਕੀਤੇ ਸੰਘਰਸ਼ ਦੇ ਦਬਾਅ ਅਧੀਨ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਦਾ ਨਿਪਟਾਰਾ ਕਰਨ ਲਈ ਰੱਖੀਆਂ ਮੀਟਿੰਗਾਂ ਚ ਸ਼ਾਮਲ ਹੋਣ ਤੋਂ ਮੁੱਖ ਮੰਤਰੀ ਵਾਰ- ਵਾਰ ਟਾਲਾ ਵੱਟਕੇ ਦਲਿਤ ਮਜ਼ਦੂਰ ਨਾਲ ਵਿਤਕਰੇਬਾਜ਼ੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਸ਼ੇਸ਼ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਜ਼ਦੂਰ ਵਿਰੋਧੀ ਮਾਨਸਿਕਤਾ ਕਾਰਨ ਦਲਿਤ ਮਜ਼ਦੂਰਾਂ ਦਾ ਕਿਸੇ ਵੀ ਥਾਂ ’ਤੇ ਮਾਣ ਸਤਿਕਾਰ ਨਹੀਂ । ਉਹ ਸਰਕਾਰੀ ਦਫਤਰਾਂ ਵਿੱਚ ਖੱਜਲ ਖੁਆਰ ਹੋ ਰਹੇ ਹਨ । ਉਨਾਂ ਕਿਹਾ ਕਿ ਮਜ਼ਦੂਰ ਮੰਗਾਂ ਪ੍ਰਤੀ ਮੁੱਖ ਮੰਤਰੀ ਦੇ ਨਾਂਹ ਪੱਖੀ ਰਵੱਈਆ ਨੂੰ ਦੇਖਦੇ ਹੋਏ ਜੱਥੇਬੰਦੀਆਂ ਵੱਲੋਂ 26 ਜਨਵਰੀ ਨੂੰ ਬਠਿੰਡਾ ਵਿਖੇ ਕਾਲੇ ਝੰਡਿਆਂ ਨਾਲ ਹੋ ਰਹੇ ਤਿੱਖੇ ਵਿਰੋਧ ਵਿੱਚ ਮਜ਼ਦੂਰਾਂ ਨੂੰ ਪਰਿਵਾਰਾਂ ਸਮੇਤ ਸ਼ਾਮਲ ਹੋਣ ਦੀ ਲੋੜ ਹੈ । ਉਨਾਂ ਐਲਾਨ ਕੀਤਾ ਕਿ 700 ਰੁਪਏ ਮਨਰੇਗਾ ਦਿਹਾੜੀ ਕਰਵਾਉਣ, ਰਿਹਾਇਸ਼ੀ ਪਲਾਟ ਲੈਣ, ਮਜ਼ਦੂਰਾਂ ਦੇ ਸਾਰੇ ਕਰਜ਼ੇ ਮਾਫ ਕਰਵਾਉਣ, ਪੱਕਾ ਰੁਜ਼ਗਾਰ ਲੈਣ, ਚੋਣਾਂ ਦੌਰਾਨ ਐਲਾਨੀਆਂ ਗਰੰਟੀਆਂ ਲਾਗੂ ਕਰਾਉਣ, ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰਕੇ ਵਾਧੂ ਨਿਕਲਦੀਆਂ ਜ਼ਮੀਨਾਂ ਦੀ ਵੰਡ ਬੇਜ਼ਮੀਨੇ ਮਜ਼ਦੂਰਾਂ ਕਿਸਾਨਾਂ ’ਚ ਵੰਡਾਉਣ ਆਦਿ ਮੰਗਾਂ ਪੂਰੀਆਂ ਕਰਵਾਉਣ ਲਈ ਸੰਘਰਸ਼ ਹਰ ਹਾਲਤ ਜਾਰੀ ਰੱਖਿਆ ਜਾਵੇਗਾ। ਜੇਕਰ ਸਰਕਾਰ ਦੀ ਮਜ਼ਦੂਰਾਂ ਪ੍ਰਤੀ ਬੇਰੁਖੀ ਇਸੇ ਤਰਾਂ ਜਾਰੀ ਰਹੀ ਤਾਂ 9 ਫਰਵਰੀ ਨੂੰ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਕੋਠੀ ਤੱਕ ਰੋਸ ਮਾਰਚ ਕੀਤਾ ਜਾਵੇਗਾ ਅਤੇ ਮਾਰਚ ਮਹੀਨੇ ਸਰਕਾਰ ਵਿਰੁੱਧ ਪੱਕਾ ਮੋਰਚਾ ਲਾਇਆ ਜਾਵੇਗਾ । ਰੈਲੀ ਵਿੱਚ ਸਵਰਨ ਸਿੰਘ , ਹੰਸਾ ਸਿੰਘ ਤੇ ਪੰਮਾ ਸਿੰਘ ਅਦਿ ਆਗੂ ਵੀ ਸ਼ਾਮਲ ਸਨ।
Share the post "ਮੁੱਖ ਮੰਤਰੀ ਦੇ ਕਾਲਿਆਂ ਝੰਡਿਆਂ ਨਾਲ ਵਿਰੋਧ ਪ੍ਰਦਰਸ਼ਨ ਦੀ ਸਫਲਤਾ ਲਈ ਮਜ਼ਦੂਰਾਂ ਕੀਤੀ ਰੈਲੀ"