ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ, 24 ਜੁਲਾਈ : ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੀ ਸੂਬਾ ਪੱਧਰੀ ਮੀਟਿੰਗ ਈਸੜੂ ਭਵਨ ਵਿੱਚ ਲੁਧਿਆਣਾ ਵਿਖੇ ਕੀਤੀ ਗਈ, ਜਿਸ ਵਿੱਚ ਪੰਜਾਬ ਦੇ ਠੇਕਾ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ ਨੰ:31),ਪਾਵਰਕਾਮ ਅਤੇ ਟਰਾਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ,ਪੀ.ਐੱਸ.ਪੀ.ਸੀ.ਐੱਲ.ਅਤੇ ਪੀ.ਐੱਸ.ਟੀ.ਸੀ.ਐੱਲ.ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ,ਜੀ.ਐੱਚ.ਟੀ.ਪੀ.ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਲਹਿਰਾ ਮੁਹੱਬਤ,ਵੇਰਕਾ ਮਿਲਕ ਅਤੇ ਕੈਟਲ ਫੀਡ ਪਲਾਂਟ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ,ਜਲ ਸਪਲਾਈ ਅਤੇ ਸੀਵਰੇਜ਼ ਬੋਰਡ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ,ਸਾਂਝਾ ਮੰਚ ਠੇਕਾ ਮੁਲਾਜ਼ਮ ਯੂਨੀਅਨ ਰੋਪੜ,ਪੀ.ਡਬਲਿਊ.ਡੀ.(ਇਲੈੱਕਟਰੀਕਲ) ਆਊਟਸੋਰਸ਼ਡ ਮੁਲਾਜ਼ਮ ਯੂਨੀਅਨ ਪੰਜਾਬ ਅਤੇ ਸਿਹਤ ਵਿਭਾਗ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਆਗੂਆਂ ਨੇ ਹਿੱਸਾ ਲਿਆ । ਮੀਟਿੰਗ ਵਿੱਚ ਪੱਕੇ ਕੰਮ ਖੇਤਰ ਵਿੱਚ ਪੱਕਾ ਰੋਜ਼ਗਾਰ ਲਾਗੂ ਕਰਨ,ਘੱਟੋ-ਘੱਟ ਗੁਜ਼ਾਰੇ ਦੇ ਕਾਨੂੰਨ1948 ਮੁਤਾਬਿਕ ਤਨਖਾਹ ਨਿਸ਼ਚਿਤ ਕਰਨ ਅਤੇ ਅਨੇਕਾਂ ਮੰਗਾਂ ਦੇ ਨਾਲ ਮੁੱਖ ਮੰਤਰੀ ਪੰਜਾਬ ਦੇ ਠੇਕਾ ਮੁਲਾਜ਼ਮਾਂ ਪ੍ਰਤੀ ਧਾਰਨ ਕੀਤੇ ਦੁਸ਼ਮਣਾਂ ਵਰਗੇ ਵਿਹਾਰ ਤੇ ਚਰਚਾ ਕਰਕੇ ਇਸ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਸੱਤਾ ਵਿੱਚ ਆਉਣ ਸਮੇਂ ਮੁਲਾਜ਼ਮਾਂ ਦੇ ਵਿੱਚ ਭਰਮ ਸੀ ਕਿ ਸ਼ਾਇਦ ਇਹ ਸਰਕਾਰ ਉਹਨਾਂ ਦੀਆਂ ਇਹ ਬੁਨਿਆਦੀ ਅਤੇ ਗੰਭੀਰ ਸਮੱਸਿਆਵਾਂ ਦਾ ਲਾਜ਼ਮੀ ਹੀ ਕੋਈ ਹਾਂ ਪੱਖੀ ਹੱਲ ਕਰੇਗੀ,ਪਰ ਇਸ ਭਰਮ ਵਿੱਚੋਂ ਮੋਰਚੇ ਵੱਲੋੰ ਸੰਘਰਸ਼ ਦੀ ਥਾਂ ਗੱਲਬਾਤ ਰਾਹੀਂ ਮੰਗਾਂ ਦਾ ਹੱਲ ਕਰਨ ਦੀ ਦਰੁਸਤ ਪਹੁੰਚ ਅਪਣਾਕੇ ਚੱਲਣ ਦਾ ਫੈਸਲਾ ਕੀਤਾ ਗਿਆ ਪਰ ਪਿਛਲੇ ਇੱਕ ਸਾਲ ਤੋਂ ਵੱਧ ਅਰਸੇ ਵਿੱਚ ਉਹਨਾਂ ਵੱਲੋੰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂਆਂ ਨਾਲ ਮੀਟਿੰਗ ਕਰਨ ਦੀ ਅਪੀਲ ਨੂੰ ਲਗਾਤਾਰ ਠੁਕਰਾ ਦਿੱਤਾ ਹੈ। ਮੀਟਿੰਗ ਵਿਚ ਕਿਹਾ ਗਿਆ ਕਿ ਵੱਖ-ਵੱਖ ਜੋਨਾਂ ਵਿੱਚ ਵੱਖ-ਵੱਖ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਦੀਆਂ ਸਾਂਝੀਆਂ ਅਤੇ ਵੱਧਵੀਆਂ ਮੀਟਿੰਗਾਂ ਕਰਕੇ ਸੰਘਰਸ਼ ਦੀ ਸਫਲਤਾ ਲਈ ਵਿਉਂਤਬੰਦੀ ਤਹਿ ਕੀਤੀ ਜਾਵੇਗੀ ਉਸ ਨੂੰ ਅਮਲ ਵਿੱਚ ਲਾਗੂ ਕਰਨ ਲਈ ਯਤਨ ਕੀਤੇ ਜਾਣਗੇ ਇਸ ਅਰਸੇ ਵਿੱਚ 05 ਅਗਸਤ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਰ ਵਿੱਚ ਜਿੱਥੇ ਵੀ ਜਾਣਗੇ ਉੱਥੇ ਹੀ ਉਹਨਾਂ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ,ਮੀਟਿੰਗ ਵਿੱਚ ਸ਼ਾਮਿਲ ਵਰਿੰਦਰ ਸਿੰਘ ਮੋਮੀ,ਬਲਿਹਾਰ ਸਿੰਘ ਕਟਾਰੀਆ,ਪਵਨਦੀਪ ਸਿੰਘ,ਗੁਰਵਿੰਦਰ ਸਿੰਘ ਪੰਨੂੰ,ਜਗਰੂਪ ਸਿੰਘ ਲਹਿਰਾ,ਸਿਮਰਨਜੀਤ ਸਿੰਘ ਨੀਲੋਂ,ਸ਼ੇਰ ਸਿੰਘ ਖੰਨਾ,ਸੁਰਿੰਦਰ ਕੁਮਾਰ ਅਤੇ ਜਸਪ੍ਰੀਤ ਸਿੰਘ ਗਗਨ ਆਦਿ ਹਾਜ਼ਰ ਸਨ।
Share the post "ਮੁੱਖ ਮੰਤਰੀ ਦੇ ਠੇਕਾ ਮੁਲਾਜ਼ਮਾਂ ਪ੍ਰਤੀ ਨਾਂਹ ਪੱਖੀ ਵਿਹਾਰ ਵਿਰੁੱਧ ਤਿੱਖੇ ਸੰਘਰਸ਼ ਦਾ ਐਲਾਨ"