40 Views
ਦੇਸ਼ ਚ ਸਭ ਤੋਂ ਵੱਧ ਗੰਨੇ ਦਾ ਭਾਅ ਦੇਣ ਵਾਲਾ ਸੂਬਾ ਬਣਿਆ ਪੰਜਾਬ
ਚੰਡੀਗੜ੍ਹ,1 ਦਸੰਬਰ (ਅਸ਼ੀਸ਼ ਮਿੱਤਲ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਗੰਨਾ ਕਾਸ਼ਤਕਾਰਾਂ ਨੂੰ ਵੱਡਾ ਤੋਹਫਾ ਦਿੰਦਿਆਂ ਸ਼ੁਕਰਵਾਰ ਨੂੰ ਗੰਨੇ ਦਾ ਭਾਅ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਵੱਲੋਂ ਜਾਰੀ ਟਵੀਟ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਵਿੱਚ ਗੰਨੇ ਦੇ ਭਾਅ ਚ ਵਿੱਚ 11 ਰੁਪਏ ਦਾ ਵਾਧਾ ਕੀਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਪੰਜਾਬ ਗੰਨਾ ਕਾਸ਼ਤਕਾਰਾਂ ਨੂੰ ਸਭ ਤੋਂ ਵੱਧ ਭਾਅ ਦੇਣ ਵਾਲਾ ਸੂਬਾ ਬਣ ਗਿਆ ਹੈ। ਪੰਜਾਬ ਤੋਂ ਬਾਅਦ ਦੂਜੇ ਨੰਬਰ ਉੱਪਰ ਗੁਆਂਢੀ ਸੂਬਾ ਹਰਿਆਣਾ ਹੈ, ਜਿਸਦੇ ਵੱਲੋਂ ਆਪਣੇ ਗੰਨਾਂ ਕਾਸ਼ਤਕਾਰਾਂ ਨੂੰ 386 ਰੁਪਏ ਕੁਇੰਟਲ ਭਾਅ ਦਿੱਤਾ ਜਾ ਰਿਹਾ ਹੈ।
ਦੱਸਣਾ ਬਣਦਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਹੀ ਗੰਨਾ ਕਾਸ਼ਤਕਾਰਾਂ ਵੱਲੋਂ ਭਾਅ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਇਸ ਸਬੰਧ ਵਿੱਚ ਮੁੱਖ ਮੰਤਰੀ ਵੱਲੋਂ ਆਪਣੇ ਉੱਚ ਅਧਿਕਾਰੀਆਂ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਪਿਛਲੇ ਦਿਨੀ ਹੋਈ ਮੀਟਿੰਗ ਵਿੱਚ ਇਸ ਮੁੱਦੇ ‘ਤੇ ਚਰਚਾ ਕਰਦਿਆਂ ਕਿਸਾਨਾਂ ਦੀ ਬਾਂਹ ਫੜਨ ਦਾ ਭਰੋਸਾ ਦਿੱਤਾ ਸੀ। ਅੱਜ ਜਾਰੀ ਟਵੀਟ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ “ਪੰਜਾਬ ‘ਚ 11 ਰੁਪਏ ਦਾ ਇੱਕ ਸ਼ੁਭ ਸ਼ਗਨ ਹੁੰਦਾ ਹੈ …ਅੱਜ ਪੰਜਾਬ ਦੇ ਗੰਨਾ ਕਾਸ਼ਤਾਕਾਰਾਂ ਨੂੰ 11 ਰੁਪਏ ਕੀਮਤ ‘ਚ ਵਾਧਾ ਕਰਕੇ ਪੰਜਾਬ ਦਾ ਗੰਨੇ ਦਾ ਰੇਟ ਸਾਰੇ ਦੇਸ਼ ਤੋਂ ਵੱਧ ਪੰਜਾਬ ਵਿੱਚ 391 ਰੁਪਏ ਕਰਕੇ ਸ਼ੁਭ ਸ਼ਗਨ ਕੀਤਾ ਜਾਂਦਾ ਹੈ..ਆਉਣ ਵਾਲੇ ਦਿਨਾਂ ‘ਚ ਹਰ ਵਰਗ ਦੇ ਪੰਜਾਬੀਆਂ ਨੂੰ ਮਿਲਣਗੀਆਂ ਖੁਸ਼ਖਬਰੀਆਂ ..ਤੁਹਾਡਾ ਪੈਸਾ ਤੁਹਾਡੇ ਨਾਮ..” ।
ਮੁੱਖ ਮੰਤਰੀ ਦੇ ਇਸ ਐਲਾਨ ਤੋਂ ਬਾਅਦ ਗੰਨਾ ਕਾਸ਼ਤਕਾਰ ਕਿਸਾਨਾਂ ਵਿੱਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ। ਦੱਸਣਾ ਬਣਦਾ ਹੈ ਪਿਛਲੇ ਸਾਲ ਵੀ ਮੌਜੂਦਾ ਭਗਵੰਤ ਮਾਨ ਸਰਕਾਰ ਵੱਲੋਂ ਗੰਨੇ ਦੇ ਭਾਅ ਵਿੱਚ 30 ਰੁਪਏ ਦਾ ਵਾਧਾ ਕੀਤਾ ਗਿਆ ਸੀ। ਉਧਰ ਪੰਜਾਬ ਦੇ ਵਿੱਚ ਹੁਣ ਗੰਨੇ ਦੀ ਪੜਾਈ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਅਤੇ ਸੂਬੇ ਵਿੱਚ ਮੌਜੂਦਾ ਸਮੇਂ 16 ਦੇ ਕਰੀਬ ਖੰਡ ਮਿੱਲਾਂ ਹਨ। ਜਿੰਨਾਂ ਵਿੱਚੋਂ ਅੱਧੀਆਂ ਸਹਿਕਾਰੀ ਖੇਤਰ ਦੀਆਂ ਤੇ ਬਾਕੀ ਪ੍ਰਾਈਵੇਟ ਮਿੱਲਾਂ ਹਨ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਪੰਜਾਬ ਦੇ ਵਿੱਚ ਇਸ ਸੀਜਨ ਦੌਰਾਨ ਕਰੀਬ 97,000 ਹੈਕਟੇਅਰ ਰਕਬਾ ਗੰਨੇ ਹੇਠ ਹੈ, ਜਿਸ ਤੋਂ 677 ਲੱਖ ਕੁਇੰਟਲ ਗੰਨੇ ਦੀ ਪੈਦਾਵਾਰ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਪਿਛਲੇ ਕੁਝ ਸਮੇਂ ਦੌਰਾਨ ਸੂਬੇ ਵਿੱਚ ਗੰਨੇ ਦੀ ਕਾਸ਼ਤ ਹੇਠਲੇ ਰਕਬੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ।