WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਚੰਡੀਗੜ੍ਹਪੰਜਾਬ

ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਆਲਮੀ ਸੈਰ-ਸਪਾਟੇ ਦੇ ਸਥਾਨ ਵਜੋਂ ਵਿਕਸਤ ਕਰਨ ਦੀ ਸ਼ੁਰੂਆਤ

ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ ਪਰ ਲੋਕਾਂ ਦੀਆਂ ਦੁਆਵਾਂ ਲੈਣ ਲਈ ਕੰਮ ਜਾਰੀ ਰਹਿਣਾ ਚਾਹੀਦਾ ਹੈ
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਰੋਜ਼ਗਾਰ ਮੁਹੱਈਆ ਕਰ ਕੇ ਉਨ੍ਹਾਂ ਦੇ ਹੱਥਾਂ ਵਿੱਚ ਟਿਫ਼ਨ ਦੇਣਾ ਚਾਹੁੰਦਾ ਹਾਂ: ਭਗਵੰਤ ਸਿੰਘ ਮਾਨ
ਪਹਿਲੇ ਟੂਰਿਜ਼ਮ ਸੰਮੇਲਨ ਤੇ ਟਰੈਵਲ ਮਾਰਟ ਦਾ ਕੀਤਾ ਉਦਘਾਟਨ
ਫ਼ਿਰੋਜ਼ਪੁਰ ਵਿੱਚ ਸਾਰਾਗੜ੍ਹੀ ਯਾਦਗਾਰ ਨੂੰ ਮੁਕੰਮਲ ਕਰਨ ਅਤੇ ਅੰਮ੍ਰਿਤਸਰ ਵਿੱਚ ਸੈਲੀਬ੍ਰੇਸ਼ਨ ਡੈਸਟੀਨੇਸ਼ਨ ਸਥਾਪਨ ਕਰਨ ਦਾ ਕੀਤਾ ਐਲਾਨ
ਜੇ ਦੇਸ਼ ਨੂੰ ਨੰਬਰ ਇਕ ਬਣਾਉਣਾ ਹੈ ਤਾਂ ਪੰਜਾਬ ਨੂੰ ਲਾਜ਼ਮੀ ਵਿਸ਼ਵ ਦਾ ਮੋਹਰੀ ਸੂਬਾ ਬਣਾਉਣਾ ਪਵੇਗਾ
ਐਸ.ਏ.ਐਸ. ਨਗਰ (ਮੋਹਾਲੀ), 11 ਸਤੰਬਰ: ਸੂਬੇ ਦੇ ਲੋਕਾਂ ਦੀ ਮਿਸ਼ਨਰੀ ਭਾਵਨਾ ਨਾਲ ਸੇਵਾ ਕਰਨ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਨੂੰ ਆਲਮੀ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨ ਦਾ ਐਲਾਨ ਕੀਤਾ ਹੈ। ਇੱਥੇ ਐਮਿਟੀ ਯੂਨੀਵਰਸਿਟੀ ਵਿੱਚ ਪਹਿਲੇ ਟੂਰਿਜ਼ਮ ਸੰਮੇਲਨ ਤੇ ਟਰੈਵਲ ਮਾਰਟ ਦੇ ਉਦਘਾਟਨੀ ਸਮਾਰੋਹ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ ਪਰ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੇ ਕੰਮਾਂ ਨੂੰ ਸਭ ਤੋਂ ਵੱਧ ਤਰਜੀਹ ਜ਼ਰੂਰ ਮਿਲੇ ਤਾਂ ਕਿ ਤੁਹਾਨੂੰ ਲੋਕਾਂ ਦੀਆਂ ਦੁਆਵਾਂ ਤੇ ਸ਼ੁੱਭ ਇੱਛਾਵਾਂ ਮਿਲਣ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰ ਕੇ ਉਨ੍ਹਾਂ ਦੇ ਹੱਥਾਂ ਵਿੱਚ ਟਿਫ਼ਨ (ਰੋਟੀ ਵਾਲੇ ਡੱਬੇ) ਦੇਖਣਾ ਚਾਹੁੰਦੇ ਹਨ ਤਾਂ ਕਿ ਉਹ ਨਸ਼ਿਆਂ ਦੇ ਟੀਕਿਆਂ ਤੋਂ ਦੂਰ ਹੋਣ। ਉਨ੍ਹਾਂ ਉਮੀਦ ਜਤਾਈ ਕਿ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨਾ ਇਸ ਪਵਿੱਤਰ ਕਾਰਜ ਲਈ ਇਕ ਪ੍ਰੇਰਕ ਵਜੋਂ ਕੰਮ ਕਰੇਗਾ ਕਿਉਂਕਿ ਇਸ ਨਾਲ ਸੂਬੇ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਖੁੱਲ੍ਹਣਗੇ।
ਦੇਸ਼ ਤੇ ਵਿਸ਼ਵ ਭਰ ਤੋਂ ਆਈਆਂ ਉੱਘੀਆਂ ਹਸਤੀਆਂ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਕੋਈ ਸਿਆਸੀ ਸਮਾਰੋਹ ਨਹੀਂ ਹੈ, ਸਗੋਂ ਇਹ ਅਜਿਹਾ ਸਮਾਗਮ ਹੈ, ਜੋ ਸੂਬੇ ਦੀ ਰੂਹ, ਮਿੱਟੀ ਤੇ ਦਿਲ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਆਪਣਾ ਕਾਰਜਕਾਲ ਸੰਭਾਲਣ ਦੇ ਪਹਿਲੇ ਦਿਨ ਤੋਂ ਹੀ ਉਨ੍ਹਾਂ ਦਾ ਸੁਪਨਾ ਗਤੀਸ਼ੀਲ ਤੇ ਗੁਰੂਆਂ ਦੇ ਵਰੋਸਾਏ ਪੰਜਾਬ ਦੇ ਛੁਪੇ ਹੋਏ ਪਹਿਲੂਆਂ ਤੋਂ ਲੋਕਾਂ ਨੂੰ ਜਾਣੂੰ ਕਰਵਾਉਣਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨਾਲ ਵੱਡੀ ਗਿਣਤੀ ਵਿੱਚ ਸੈਲਾਨੀ ਸੂਬੇ ਵੱਲ ਖਿੱਚੇ ਆਉਣਗੇ। ਉਨ੍ਹਾਂ ਅਫ਼ਸੋਸ ਜ਼ਾਹਰ ਕੀਤਾ ਕਿ ਪਿਛਲੀ ਕਿਸੇ ਵੀ ਸਰਕਾਰ ਨੇ ਇਸ ਦਿਸ਼ਾ ਵਿੱਚ ਕੰਮ ਕਰਨ ਦਾ ਸੋਚਿਆ ਤੱਕ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਭੂਗੋਲਿਕ ਪੱਖੋਂ ਵੀ ਪੰਜਾਬ ਵਰੋਸਾਈ ਹੋਈ ਧਰਤ ਹੈ ਅਤੇ ਸੂਬਾ ਸਰਕਾਰ ਦੀ ਇੱਛਾ ਸੈਰ-ਸਪਾਟਾ ਖ਼ੇਤਰ ਨੂੰ ਨਵੀਂ ਉੱਚਾਈ ਉਤੇ ਲੈ ਕੇ ਜਾਣ ਦੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਰੋਜ਼ਾਨਾ ਇਕ ਲੱਖ ਸ਼ਰਧਾਲੂ ਦਰਸ਼ਨਾਂ ਲਈ ਆਉਂਦੇ ਹਨ ਅਤੇ ਹੁਣ ਸੂਬਾ ਸਰਕਾਰ ਦਾ ਧਿਆਨ ਪੰਜਾਬ ਦੀਆਂ ਹੋਰ ਥਾਵਾਂ ਦੇ ਵਿਸ਼ੇਸ਼ ਪਹਿਲੂਆਂ ਨੂੰ ਉਜਾਗਰ ਕਰਨ ਉਤੇ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਹਰੇਕ ਪਿੰਡ ਵਿੱਚ ਸ਼ਹੀਦਾਂ ਦੀਆਂ ਯਾਦਗਾਰਾਂ ਹਨ, ਜਿਨ੍ਹਾਂ ਆਜ਼ਾਦੀ ਤੋਂ ਪਹਿਲਾਂ ਤੇ ਬਾਅਦ ਵਿੱਚ ਦੇਸ਼ ਦੀ ਖ਼ਾਤਰ ਜਾਨਾਂ ਕੁਰਬਾਨ ਕੀਤੀਆਂ, ਜਿਸ ਬਾਰੇ ਦੁਨੀਆ ਨੂੰ ਦੱਸਣ ਦੀ ਲੋੜ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਦਾ ਹਰੇਕ ਇੰਚ ਗੁਰੂਆਂ, ਪੀਰਾਂ-ਫ਼ਕੀਰਾਂ, ਸ਼ਹੀਦਾਂ ਤੇ ਕਵੀਆਂ ਦੀ ਚਰਨ ਛੋਹ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ‘ਗਲੋਬਲ ਸਿਟੀਜ਼ਨ’ ਹਨ, ਜਿਨ੍ਹਾਂ ਆਪਣੀ ਸਖ਼ਤ ਮਿਹਨਤ ਤੇ ਸਮਰਪਣ ਨਾਲ ਵਿਸ਼ਵ ਭਰ ਵਿੱਚ ਆਪਣੀ ਵੱਖਰੀ ਪਛਾਣ ਸਥਾਪਤ ਕੀਤੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਸਖ਼ਤ ਮਿਹਨਤ ਤੇ ਸਹਿਣਸ਼ੀਲਤਾ ਦੀ ਭਾਵਨਾ ਗੁੜ੍ਹਤੀ ਵਿੱਚ ਮਿਲੀ ਹੈ, ਜਿਸ ਕਾਰਨ ਉਨ੍ਹਾਂ ਦੁਨੀਆ ਭਰ ਵਿੱਚ ਆਪਣੇ ਲਈ ਵੱਖਰਾ ਮੁਕਾਮ ਸਥਾਪਤ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਹੈ, ਜਿਸ ਕਾਰਨ ਪੰਜਾਬੀਆਂ ਨੇ ਹਰੇਕ ਖ਼ੇਤਰ ਵਿੱਚ ਮੱਲਾਂ ਮਾਰੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਸਮਾਜ ਸੇਵਾ ਵਿੱਚ ਵੀ ਸਿਰਕੱਢ ਹਨ, ਜਿਹੜੇ ਹਰੇਕ ਸੰਕਟ ਦੇ ਸਮੇਂ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਿਆਰ ਹੁੰਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀਆਂ ਦੇ ਅਮੀਰ ਦੇ ਸ਼ਾਨਾਮੱਤੇ ਵਿਰਸੇ ਨੇ ਸਦੀਆਂ ਤੋਂ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜੇ ਦੇਸ਼ ਨੂੰ ਨੰਬਰ ਇਕ ਬਣਾਉਣਾ ਹੈ ਤਾਂ ਪੰਜਾਬ ਨੂੰ ਜ਼ਰੂਰ ਵਿਸ਼ਵ ਭਰ ਵਿੱਚ ਮੋਹਰੀ ਸੂਬਾ ਬਣਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਅਤਿ-ਆਧੁਨਿਕ ਬੁਨਿਆਦੀ ਢਾਂਚਾ ਤੇ ਸਹੂਲਤਾਂ ਹਨ ਅਤੇ ਸੂਬਾ ਸਰਕਾਰ ਇਨ੍ਹਾਂ ਦਾ ਵਿਸਤਾਰ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਅਤੇ ਇਸ ਦੇ ਲੋਕਾਂ ਦੀ ਤਰੱਕੀ ਤੇ ਖ਼ੁਸ਼ਹਾਲੀ ਦੇ ਉਦੇਸ਼ ਨਾਲ ਇਸ ਮਹਾਨ ਕਾਰਜ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਨਿਵੇਸ਼ਕਾਂ ਨਾਲ ਸਿੱਧਾ ਸੰਵਾਦ ਰਚਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਵੱਡੇ ਮਾਣ ਵਾਲੀ ਗੱਲ ਹੈ ਕਿ ਸਾਰੇ ਨਿਵੇਸ਼ਕ ਤੇ ਉੱਦਮੀ ਦੂਰ-ਦੁਰਾਡਿਓਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੁੱਜੇ ਹਨ। ਉਨ੍ਹਾਂ ਉਮੀਦ ਜਤਾਈ ਕਿ ਪੁਰਜ਼ੋਰ ਕੋਸ਼ਿਸ਼ਾਂ ਨਾਲ ਆਉਣ ਵਾਲੇ ਦਿਨਾਂ ਵਿੱਚ ਸੈਰ-ਸਪਾਟਾ ਖ਼ੇਤਰ ਨੂੰ ਵੱਡਾ ਹੁਲਾਰਾ ਮਿਲੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੂੰ ਵਿਸ਼ਵ ਸੈਰ-ਸਪਾਟਾ ਸਥਾਨ ਵਜੋਂ ਉਭਾਰਨ ਵਿੱਚ ਸਾਡੀ ਸਰਕਾਰ ਕੋਈ ਕਮੀ ਨਹੀਂ ਛੱਡੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਲਾਮਿਸਾਲ ਕੋਸ਼ਿਸ਼ਾਂ ਰਾਹੀਂ ਪੰਜਾਬ ਵਿੱਚ 50840 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਉਨ੍ਹਾਂ ਕਿਹਾ ਕਿ ਟਾਟਾ ਸਟੀਲ ਨੇ ਜਮਸ਼ੇਦਪੁਰ ਤੋਂ ਬਾਅਦ ਸਭ ਤੋਂ ਵੱਡਾ ਨਿਵੇਸ਼ ਪੰਜਾਬ ਵਿੱਚ ਕੀਤਾ ਹੈ। ਇਸ ਤੋਂ ਇਲਾਵਾ ਜਿੰਦਲ ਸਟੀਲ, ਵਰਬਿਓ, ਕਲਾਸ, ਟੈਫੇ, ਹਿੰਦੋਸਤਾਨ ਲਿਵਰ ਤੇ ਹੋਰ ਕੰਪਨੀਆਂ ਵੀ ਪੰਜਾਬ ਵਿੱਚ ਨਿਵੇਸ਼ ਕਰ ਰਹੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਪੰਜਾਬ ਦੇ 2.25 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ।  ਮੁੱਖ ਮੰਤਰੀ ਨੇ ਅੰਮ੍ਰਿਤਸਰ ਵਿੱਚ 50 ਤੋਂ 100 ਏਕੜ ਜ਼ਮੀਨ ਵਿੱਚ ‘ਸੈਲੀਬ੍ਰੇਸ਼ਨ ਡੈਸਟੀਨੇਸ਼ਨ’ ਦੀ ਸਥਾਪਨਾ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਖ਼ੁਸ਼ੀ ਦੇ ਮੌਕਿਆਂ ਉਤੇ ਜਸ਼ਨ ਮਨਾਉਣ ਲਈ ਇਸ ਸੈਲੀਬ੍ਰੇਸ਼ਨ ਪੁਆਇੰਟ ਉਤੇ ਬੈਂਕੁਇਟ ਹਾਲਾਂ ਦਾ ਨਿਰਮਾਣ ਕੀਤਾ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਪਣੀ ਤਰ੍ਹਾਂ ਦਾ ਇਹ ਪਹਿਲਾ ‘ਸੈਲੀਬ੍ਰੇਸ਼ਨ ਪੁਆਇੰਟ’ ਸੂਬੇ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਲਈ ਸਹਾਈ ਸਾਬਤ ਹੋਵੇਗਾ।
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਈਕੋ-ਟੂਰਿਜ਼ਮ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ ਹੈ ਕਿਉਂ ਜੋ ਸੂਬੇ ਨੂੰ ਕੁਦਰਤੀ ਸੌਗਾਤਾਂ ਦੀ ਬਖਸ਼ਿਸ਼ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਚਮਰੋੜ ਪੱਤਣ ਵਰਗੀਆਂ ਥਾਵਾਂ ਨੂੰ ਵੀ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਮਾਂ ਦੀ ਸ਼ੂਟਿੰਗ, ਪੋਸਟ-ਪ੍ਰੋਡਕਸ਼ਨ ਅਤੇ ਫਿਲਮਾਂ ਰਿਲੀਜ਼ ਕਰਨ ਲਈ ਪੰਜਾਬ ਵਿਚ ਫਿਲਮ ਸਿਟੀ ਵਿਕਸਤ ਕੀਤੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀਆਂ ਨੇ ਸਰਹੱਦਾਂ ਤੋਂ ਪਾਰ ਜਾ ਕੇ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਕਈ ਨੀਤੀਆਂ ਲਾਗੂ ਕੀਤੀਆਂ ਹਨ ਅਤੇ ਲੋੜ ਪੈਣ ਉਤੇ ਇੰਡਸਟਰੀ ਦੇ ਦਿੱਗਜ਼ਾਂ ਮੁਤਾਬਕ ਨੀਤੀ ਵਿੱਚ ਸੋਧ ਵੀ ਕੀਤੀ ਜਾ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਉਦਯੋਗ ਪੱਖੀ ਮਾਹੌਲ ਹੈ ਅਤੇ ਸਨਅਤਕਾਰਾਂ ਲਈ ਹੁਣ ਸਹੀ ਮਾਅਨਿਆਂ ਵਿਚ ਸਿੰਗਲ ਵਿੰਡੋ ਪ੍ਰਣਾਲੀ ਲਾਗੂ ਹੋ ਚੁੱਕੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਤੋਂ ਪਹਿਲਾਂ ਇਹ ਪ੍ਰਣਾਲੀ ਸਿਰਫ਼ ਖਾਨਾਪੂਰਤੀ ਹੁੰਦੀ ਸੀ ਕਿਉਂਕਿ ਇਸ ਨੂੰ ਸਹੀ ਭਾਵਨਾ ਨਾਲ ਲਾਗੂ ਹੀ ਨਹੀਂ ਕੀਤਾ ਗਿਆ, ਜਿਸ ਕਰ ਕੇ ਨਿਵੇਸ਼ਕਾਰਾਂ ਦਾ ਸ਼ੋਸ਼ਣ ਹੁੰਦਾ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਐਮ.ਓ.ਯੂ. ਸੱਤਾ ਵਿਚਲੇ ਰਸੂਖ਼ਦਾਰ ਪਰਿਵਾਰਾਂ ਨਾਲ ਹੁੰਦੇ ਸਨ ਪਰ ਹੁਣ ਇਹ ਸਮਝੌਤੇ ਪੰਜਾਬ ਤੇ ਪੰਜਾਬ ਵਾਸੀਆਂ ਨਾਲ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਸੂਬਾ ਸਰਕਾਰ ਨੇ ਹੁਣ ਤੱਕ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਨੌਜਵਾਨਾਂ ਨੂੰ 35848 ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਆਪਣੇ ਆਪ ਵਿੱਚ ਰਿਕਾਰਡ ਹੈ ਕਿ ਹੁਣ ਤੱਕ ਕਿਸੇ ਵੀ ਸਰਕਾਰ ਨੇ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਨੌਜਵਾਨਾਂ ਨੂੰ ਇੰਨੀਆਂ ਨੌਕਰੀਆਂ ਨਹੀਂ ਦਿੱਤੀਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਨੇ ਇਹ ਨੌਕਰੀਆਂ ਨਿਰੋਲ ਮੈਰਿਟ ਤੇ ਪਾਰਦਰਸ਼ਤਾ ਦੇ ਆਧਾਰ ਉਤੇ ਦਿੱਤੀਆਂ ਹਨ।  ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਪੰਜਾਬ ਹੀ ਅਜਿਹਾ ਸੂਬਾ ਹੈ, ਜਿਸ ਨੇ ਕਲਰ ਕੋਡ ਵਾਲੇ ਸਟੈਂਪ ਪੇਪਰਾਂ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਉਦਯੋਗਪਤੀ ਜੋ ਸੂਬੇ ਵਿਚ ਸਨਅਤੀ ਯੂਨਿਟ ਸਥਾਪਤ ਕਰਨਾ ਚਾਹੁੰਦਾ ਹੈ, ਉਸ ਲਈ ਇਨਵੈਸਟ ਪੰਜਾਬ ਦੇ ਪੋਰਟਲ ਤੋਂ ਵਿਲੱਖਣ ਰੰਗ ਵਾਲਾ ਸਟੈਂਪ ਪੇਪਰ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਨੂੰ ਯੂਨਿਟ ਸਥਾਪਤ ਕਰਨ ਲਈ ਹੁਣ ਸਟੈਂਪ ਪੇਪਰ ਖਰੀਦਣ ਮੌਕੇ ਹੀ ਸੀ.ਐਲ.ਯੂ., ਜੰਗਲਾਤ, ਪ੍ਰਦੂਸ਼ਣ, ਫਾਇਰ ਬ੍ਰਿਗੇਡ ਅਤੇ ਹੋਰ ਪ੍ਰਵਾਨਗੀਆਂ ਹਾਸਲ ਕਰਨ ਲਈ ਲੋੜੀਂਦੀ ਫੀਸ ਦੇਣੀ ਹੋਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਟੈਂਪ ਪੇਪਰ ਖਰੀਦਣ ਤੋਂ ਬਾਅਦ ਸਨਅਤਕਾਰ ਨੂੰ ਯੂਨਿਟ ਸਥਾਪਤ ਕਰਨ ਲਈ ਕੰਮਕਾਜ ਵਾਲੇ 15 ਦਿਨਾਂ ਦੇ ਅੰਦਰ ਸਾਰੇ ਵਿਭਾਗਾਂ ਪਾਸੋਂ ਲੋੜੀਂਦੀਆਂ ਪ੍ਰਵਾਨਗੀਆਂ ਹਾਸਲ ਹੋ ਜਾਣਗੀਆਂ।
ਉਦਯੋਗਪਤੀਆਂ ਦਾ ਨਿੱਘਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਉਦਯੋਗਪਤੀਆਂ ਨੂੰ ਸੂਬੇ ਦੀ ਅਮਨ-ਕਾਨੂੰਨ ਦੀ ਬਿਹਤਰ ਵਿਵਸਥਾ, ਆਹਲਾ ਦਰਜੇ ਦੇ ਬੁਨਿਆਦੀ ਢਾਂਚਾ, ਬਿਜਲੀ, ਹੁਨਰਮੰਦ ਮਨੁੱਖੀ ਵਸੀਲੇ ਅਤੇ ਕੰਮ ਸੱਭਿਆਚਾਰ ਵਾਲੇ ਸੁਖਾਵੇਂ ਮਾਹੌਲ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਉਦਯੋਗਿਕ ਖੇਤਰ ਨੂੰ ਬੁਲੰਦੀਆਂ ਉਤੇ ਲਿਜਾਣ ਲਈ ਨਵੇਂ ਵਿਚਾਰਾਂ ਤੇ ਸੁਝਾਵਾਂ ਲਈ ਹਮੇਸ਼ਾ ਹੀ ਤਿਆਰ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਸੂਬਾ ਦੇਸ਼ ਦੇ ਉਦਯੋਗਿਕ ਧੁਰੇ ਵਜੋਂ ਉਭਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਪੰਜਾਬ ਦੀ ਧਰਤੀ ਸਭ ਤੋਂ ਵੱਧ ਜਰਖੇਜ਼ ਹੈ ਅਤੇ ਇਸ ਧਰਤੀ ਉਤੇ ਨਫਰ਼ਤ ਦੇ ਬੀਜ ਤੋਂ ਸਿਵਾਏ ਕੁਝ ਵੀ ਬੀਜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਮਹਾਨ ਸਿੱਖ ਗੁਰੂ ਸਾਹਿਬਾਨ ਨੇ ਪੰਜਾਬੀਆਂ ਨੂੰ ਫਿਰਕੂ ਸਦਭਾਵਨਾ, ਭਾਈਚਾਰਕ ਸਾਂਝ ਅਤੇ ਅਮਨ-ਸ਼ਾਂਤੀ ਦਾ ਰਸਤਾ ਦਿਖਾਇਆ, ਜਿਸ ਕਰਕੇ ਸੂਬੇ ਵਿਚ ਆਪਸੀ ਮਿਲਵਰਤਨ, ਪਿਆਰ ਅਤੇ ਏਕਤਾ ਬਹੁਤ ਮਜ਼ਬੂਤ ਹਨ। ਭਗਵੰਤ ਸਿੰਘ ਮਾਨ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸੂਬੇ ਵਿਚ ਆਪਸੀ ਪਿਆਰ ਅਤੇ ਸਮਾਜਿਕ ਤੰਦਾਂ ਪੀਢੀਆਂ ਕਰਨ ਲਈ ਹਰੇਕ ਯਤਨ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਰਾਗੜ੍ਹੀ ਯਾਦਗਾਰ ਮੁਕੰਮਲ ਕਰੇਗੀ ਤਾਂ ਕਿ 21 ਬਹਾਦਰ ਸੈਨਿਕਾਂ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਿਆ ਜਾ ਸਕੇ, ਜਿਨ੍ਹਾਂ ਨੇ ਸਾਰਾਗੜ੍ਹੀ ਦੀ ਜੰਗ ਵਿੱਚ ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਕਰਦਿਆਂ ਜਾਨਾਂ ਨਿਛਾਵਰ ਕਰ ਦਿੱਤੀਆਂ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਜੰਗ ਬਹਾਦਰੀ ਦੀ ਲਾਮਿਸਾਲ ਗਾਥਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਬਹਾਦਰ ਸੈਨਿਕਾਂ ਵੱਲੋਂ ਕੀਤੀਆਂ ਮਹਾਨ ਕੁਰਬਾਨੀਆਂ ਦੇ ਰਿਣੀ ਰਹਿਣਗੇ, ਜਿਨ੍ਹਾਂ ਨੇ ਦੁਸ਼ਮਣ ਦੀ ਈਨ ਮੰਨਣ ਦੀ ਬਜਾਏ ਮੌਤ ਨੂੰ ਤਰਜੀਹ ਦਿੱਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਵੇਂ 36ਵੀਂ ਸਿੱਖਜ਼ ਦੇ ਸੈਨਿਕਾਂ ਦੀ ਮਿਸਾਲੀ ਗਾਥਾ ਸਮਾਣਾ ਰਿੱਜ (ਹੁਣ ਪਾਕਿਸਤਾਨ) ਵਿਖੇ ਵਾਪਰੀ ਹੈ, ਜਿਨ੍ਹਾਂ ਨੇ 12 ਸਤੰਬਰ, 1897 ਨੂੰ 10,000 ਅਫ਼ਗਾਨੀਆਂ ਦੇ ਹਮਲੇ ਖ਼ਿਲਾਫ਼ ਗਹਿਗੱਚ ਲੜਾਈ ਲੜਦਿਆਂ ਕੁਰਬਾਨੀ ਦੇ ਦਿੱਤੀ। ਉਨ੍ਹਾਂ ਕਿਹਾ ਕਿ ਇਸ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿਚ ਨਹੀਂ ਮਿਲਦੀ ਪਰ ਪਿਛਲੀਆਂ ਸਰਕਾਰਾਂ ਨੇ ਇਸ ਇਤਿਹਾਸਕ ਘਟਨਾ ਨੂੰ ਅੱਖੋਂ-ਪਰੋਖੇ ਕੀਤਾ ਅਤੇ ਇੱਥੋਂ ਤੱਕ ਕਿ ਇਸ ਯਾਦਗਾਰ ਲਈ ਫੰਡ ਨਹੀਂ ਜਾਰੀ ਕੀਤੇ ਗਏ। ਉਨ੍ਹਾਂ ਕਿਹਾ, “ਅਸੀਂ ਬਕਾਇਆ ਫੰਡ ਜਾਰੀ ਕਰ ਦਿੱਤੇ ਹਨ, ਜਿਸ ਕਰ ਕੇ ਹੁਣ ਇਸ ਯਾਦਗਾਰ ਨੂੰ ਛੇਤੀ ਤੋਂ ਛੇਤੀ ਮੁਕੰਮਲ ਕੀਤਾ ਜਾਵੇਗਾ।”
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਦੇਸ਼ ਵਿਚ ਮੈਡੀਕਲ ਸਿੱਖਿਆ ਦੇ ਧੁਰੇ ਵਜੋਂ ਉਭਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜਾਂ ਵਿੱਚ ਮਿਆਰੀ ਸਿੱਖਿਆ ਦੇਣ ਦੇ ਨਾਲ-ਨਾਲ ਲੋਕਾਂ ਨੂੰ ਇਲਾਜ ਤੇ ਜਾਂਚ ਦੀਆਂ ਬਿਹਤਰ ਸੇਵਾਵਾਂ ਵੀ ਦਿੱਤੀਆਂ ਜਾਣਗੀਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੂੰ ਹੁਣ ਉਹ ਦਿਨ ਨਹੀਂ ਦੇਖਣੇ ਪੈਣਗੇ, ਜਦੋਂ ਇੱਥੋਂ ਦੇ ਵਿਦਿਆਰਥੀਆਂ ਨੂੰ ਮੈਡੀਕਲ ਸਿੱਖਿਆ ਹਾਸਲ ਕਰਨ ਲਈ ਯੂਕਰੇਨ ਵਰਗੇ ਮੁਲਕਾਂ ਵਿਚ ਜਾਣਾ ਪਵੇਗਾ ਕਿਉਂ ਜੋ ਪੰਜਾਬ ਛੇਤੀ ਹੀ ਆਪਣੇ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇਵੇਗਾ।  ਮੁੱਖ ਮੰਤਰੀ ਨੇ ਕਿਹਾ ਕਿ ਇਹ ਉਪਰਾਲਾ ਸਾਡੇ ਨੌਜਵਾਨਾਂ ਦੇ ਵਿਦੇਸ਼ ਜਾਣ ਨੂੰ ਰੁਝਾਨ ਨੂੰ ਠੱਲ੍ਹ ਪਾਵੇਗਾ ਅਤੇ ਇਸ ਨਾਲ ਸੂਬੇ ਦੇ ਡਾਕਟਰ ਇੱਥੇ ਹੀ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਿੱਖਿਆ, ਸਿਖਲਾਈ ਆਦਿ ਦਾ ਕੇਂਦਰੀ ਬਿੰਦੂ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਸੂਬਾ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਚਾਨਣ ਮੁਨਾਰਾ ਸਾਬਤ ਹੋਵੇਗਾ।
ਇਸ ਮੌਕੇ ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਆਪਣੇ ਸੰਬੋਧਨ ਵਿੱਚ ਸੈਰ-ਸਪਾਟਾ ਸੰਮੇਲਨ ਵਿਚ ਪਹੁੰਚੇ ਪਤਵੰਤਿਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਪੰਜਾਬ ਸੈਰ-ਸਪਾਟਾ ਖੇਤਰ ਵਿੱਚ ਆਪਣੇ ਦਰਵਾਜ਼ੇ ਖੋਲ੍ਹ ਰਿਹਾ ਹੈ। ਅਨਮੋਲ ਗਗਨ ਮਾਨ ਨੇ ਕਿਹਾ ਕਿ ਧਾਰਮਿਕ ਸੈਰ-ਸਪਾਟੇ ਤੋਂ ਇਲਾਵਾ ਸੈਰ-ਸਪਾਟੇ ਦੇ ਬਾਕੀ ਖੇਤਰਾਂ ਨੂੰ ਵੀ ਵਿਕਸਤ ਕੀਤਾ ਜਾਵੇਗਾ।  ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਸੈਰ-ਸਪਾਟੇ ਨੂੰ ਪ੍ਰਫੁੱਲਤ ਕਰਨ ਲਈ ਨੀਤੀਆਂ ਤਿਆਰ ਕਰਕੇ ਲਾਗੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਛੁੱਟੀਆਂ ਮਨਾਉਣ ਲਈ ਵਿਸ਼ੇਸ਼ ਥਾਵਾਂ ਵਿਕਸਤ ਕੀਤੀਆਂ ਜਾ ਰਹੀਆਂ ਹਨ। ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਵਿਕਾਸ ਪੱਖੀ ਸਰਕਾਰ ਹੈ, ਜੋ ਸੈਰ-ਸਪਾਟੇ ਦੇ ਖੇਤਰ ਦੇ ਵਿਕਾਸ ਲਈ ਵੱਡੇ ਕਦਮ ਚੁੱਕ ਰਹੀ ਹੈ।  ਇਸ ਮੌਕੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਮੁੱਖ ਮੰਤਰੀ ਅਤੇ ਹੋਰ ਸ਼ਖਸੀਅਤਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਚੀਮਾ, ਅਮਨ ਅਰੋੜਾ, ਚੇਤਨ ਸਿੰਘ ਜੌੜੇਮਾਜਰਾ, ਅਨਮੋਲ ਗਗਨ ਮਾਨ, ਗੁਰਮੀਤ ਸਿੰਘ ਮੀਤ ਹੇਅਰ ਅਤੇ ਡਾ. ਬਲਬੀਰ ਸਿੰਘ, ਮੁੱਖ ਸਕੱਤਰ ਅਨੁਰਾਗ ਵਰਮਾ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Related posts

ਗੜੇਮਾਰੀ ਤੇ ਭਾਰੀ ਮੀਂਹ-ਝੱਖੜ ਕਾਰਨ ਹੋਈ ਫ਼ਸਲੀ ਤਬਾਹੀ ਦੀ ਵਿਸ਼ੇਸ਼ ਗਿਰਦਾਵਰੀ ਕਰਕੇ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦੇਵੇ ਸਰਕਾਰ -ਕੋਕਰੀ, ਉਗਰਾਹਾਂ

punjabusernewssite

ਯੂਥ ਅਕਾਲੀ ਦਲ ਵੱਲੋਂ ਬਿਕਰਮ ਸਿੰਘ ਮਜੀਠੀਆ ਖਿਲਾਫ ਝੂਠਾ ਤੇ ਨਿਰਾਧਾਰ ਕੇਸ ਦਰਜ ਕਰਨ ਖਿਲਾਫ ਜ਼ਿਲ੍ਹਾ ਹੈਡਕੁਆਟਰਾਂ ’ਤੇ ਵਿਸ਼ਾਲ ਧਰਨੇ

punjabusernewssite

ਪਾਕਿਸਤਾਨ ਦੀ ਜੇਲ੍ਹ ’ਚ ਮਾਰੇ ਗਏ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦੀ ਹੋਈ ਮੌਤ

punjabusernewssite