ਸੁਖਜਿੰਦਰ ਮਾਨ
ਬਠਿੰਡਾ, 17 ਮਈ : ਆਉਣ ਵਾਲੀ ਪੰਜਾਬੀ ਫਿਲਮ “ਮੇਰਾ ਬਾਬਾ ਨਾਨਕ”ਦੀ ਸਟਾਰ ਕਾਸਟ ਵੱਲੋਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਕੈਂਪਸ ਵਿਖੇ ਵਿਦਿਆਰਥੀਆਂ ਨਾਲ ਰੁਬਰੂ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਫਿਲਮ 19 ਮਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।ਫ਼ਿਲਮ ਸਬੰਧੀ ਵਿਸਥਾਰ ਵਿਚ ਜਾਣਕਾਰੀ ਦਿੰਦਿੰਆ ਫ਼ਿਲਮ ਦੇ ਲੇਖਕ ਅਤੇ ਅਭਿਨੇਤਾ ਅਮਨਮੀਤ ਸਿੰਘ ਅਤੇ ਮੁੱਖ ਅਦਾਕਾਰਾ ਹਰਸ਼ਜੋਤ ਕੌਰ ਨੇ ਦੱਸਿਆ ਕਿ ਇਹ ਫਿਲਮ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਪ੍ਰਦਰਸ਼ਿਤ ਕਰੇਗੀ। ਫਿਲਮ ਦਰਸ਼ਕਾਂ ਨੂੰ ਵਿਸ਼ਵਾਸ ਨਾਲ ਜੋੜੇਗੀ ਅਤੇ ਧਾਰਮਿਕ ਦ੍ਰਿਸ਼ਟੀਕੋਣ ਰਾਹੀਂ ਦਿਲਾਂ ਨੂੰ ਛੂਹ ਜਾਵੇਗੀ। ਉਹਨਾਂ ਕਿਹਾ ਕਿ ਇਹ ਫ਼ਿਲਮ ਵੱਖ-ਵੱਖ ਸਮਾਜਿਕ ਮੁੱਦਿਆਂ ਜਿਵੇਂ ਕਿ ਔਰਤਾਂ ਦੇ ਸਸ਼ਕਤੀਕਰਨ, ਲਿੰਗ ਆਧਾਰਿਤ ਵਿਤਕਰਾ, ਸ਼ਰੀਕੇਬਾਜੀ ਅਤੇ ਨਸ਼ਾਖੋਰੀ ਵਰਗੀਆਂ ਸਮਾਜਿਕ ਸਮੱਸਿਆਵਾਂ ਉੱਪਰ ਕੇਂਦਰਿਤ ਹੈ ਅਤੇ ਉਹਨਾਂ ਕਿਰਦਾਰਾਂ ਨੂੰ ਪੇਸ਼ ਕਰਦੀ ਹੈ ਜਿਨ੍ਹਾਂ ਨੂੰ ਰੱਬ ਤੇ ਅਥਾਹ ਭਰੋਸਾ ਹੁੰਦਾ ਹੈ ਅਤੇ ਜੀਵਨ ਵਿੱਚ ਵਾਪਰ ਰਹੇ ਘਟਨਾਕ੍ਰਮ ਬਾਰੇ ਉਹਨਾਂ ਨੂੰ ਭੌਰਾ ਵੀ ਰੋਸਾ ਨਹੀਂ ਹੁੰਦਾ।ਫ਼ਿਲਮ ਦੀ ਸਟਾਰਕਾਸਟ ਵੱਲੋਂ ਵਿਦਿਆਰਥੀਆਂ ਅਤੇ ਸਭਨਾਂ ਨੂੰ 19 ਮਈ ਨੂੰ ਆਪਣੇ ਪਰਿਵਾਰਾਂ ਸਮੇਤ ਇਹ ਫ਼ਿਲਮ ਵੇਖਣ ਦੀ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਦਰਸ਼ਕਾਂ ਦੇ ਪਿਆਰ ਅਤੇ ਸਮਰਥਨ ਨਾਲ ਹੀ ਉਹਨਾਂ ਨੂੰ ਅਜਿਹੇ ਸਮਾਜਿਕ ਸੰਦੇਸ਼ ਵਾਲੀਆਂ ਫ਼ਿਲਮਾਂ ਬਨਾਉਣ ਦੀ ਹੋਂਸਲਾ ਅਫ਼ਜਾਈ ਮਿਲੇਗੀ।ਫ਼ਿਲਮ ਦਾ ਟ?ਰੇਲਰ ਇਸ ਮੌਕੇ ਪ੍ਰਦਰਸ਼ਿਤ ਕੀਤਾ ਗਿਆ। ਅਭਿਨੇਤਾ ਅਮਨਮੀਤ ਸਿੰਘ ਨੇ ਸਾਬਤ ਸੂਰਤ ਸਰਦਾਰ ਦੇ ਰੂਪ ਵਿਚ ਆਪਣਾ ਕਿਰਦਾਰ ਨਿਭਾਉਂਦਿਆਂ ਸਮਾਜ ਨੂੰ ਸਾਕਾਰਾਤਮਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਫ਼ਿਲਮ ਦੀ ਮੁੱਖ ਅਦਾਕਾਰਾ ਹਰਸ਼ਜੋਤ ਕੌਰ ਵੱਲੋਂ ਵੀ ਫਿਲਮ “ਮੇਰਾ ਬਾਬਾ ਨਾਨਕ” ਵਿਚ ਆਪਣੇ ਕਿਰਦਾਰ ਬਾਰੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਵਿਚਾਰ ਸਾਂਝੇ ਕੀਤੇ। ਹਰਸ਼ਜੋਤ ਕੌਰ ਜੋ ਕਿ ਇੱਕ ਬਹੁਪੱਖੀ ਸਖਸ਼ੀਅਤ ਹਨ ਨੇ ਆਪਣੇ ਕੈਰੀਅਰ ਬਾਰੇ ਵੀ ਵਿਦਿਆਰਥੀਆਂ ਦੇ ਸਵਾਲਾਂ ਦੇ ਜ਼ਵਾਬ ਦਿੱਤੇ, ਕਿ ਕਿਵੇਂ ਉਹ ਪੰਜਾਬ ਪੁਲਿਸ ਵਿਚ ਇੰਸਪੈਕਟਰ ਦੀ ਨੌਕਰੀ ਕਰਦਿਆਂ ਆਪਣੀ ਅਦਾਕਾਰੀ ਦੇ ਸ਼ੋਂਕ ਨੂੰ ਜ਼ਾਰੀ ਰੱਖ ਰਹੀ ਹੈ। ਵਿਦਿਆਰਥੀਆਂ ਨਾਲ ਦੋਨਾਂ ਅਦਾਕਾਰਾਂ ਦੇ ਸਵਾਲ-ਜਵਾਬ ਦਾ ਸਿਲਸਿਲਾ ਰੋਮਾਂਚਿਕ ਰਿਹਾ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਅਤੇ ਰਜਿਸਟਰਾਰ ਡਾ: ਗੁਰਿੰਦਰ ਪਾਲ ਸਿੰਘ ਬਰਾੜ ਨੇ ਸਟਾਰ ਕਾਸਟ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਸਮਾਜਿਕ ਸੰਦੇਸ਼ ਵਾਲੇ ਪ੍ਰੋਜੈਕਟਾਂ ਤੇ ਕੰਮ ਕਰਨ ਦੀ ਸ਼ਲਾਘਾ ਕੀਤੀ।ਫਿਲਮ ਦੀ ਸਟਾਰ ਕਾਸਟ ਵਿੱਚ ਅਮਨਮੀਤ ਸਿੰਘ ਅਤੇ ਹਰਸ਼ਜੋਤ ਕੌਰ ਤੋਂ ਇਲਾਵਾ ਵਿਕਰਮਜੀਤ ਵਿਰਕ, ਕੁਲ ਸਿੱਧੂ, ਹਰਪ੍ਰੀਤ ਬੈਂਸ, ਮਿੰਟੂ ਕਾਪਾ, ਮਹਾਵੀਰ ਭੁੱਲਰ, ਤਰਸੇਮ ਪਾਲ, ਮਲਕੀਤ ਰੌਣੀ ਸਮੇਤ ਨਾਮਵਰ ਕਲਾਕਾਰ ਸ਼ਾਮਿਲ ਹਨ। ਇਸ ਫ਼ਿਲਮ ਦੇ ਗੀਤ ਪ੍ਰਸਿੱਧ ਗੀਤਕਾਰ ਅਮਰਦੀਪ ਸਿੰਘ ਗਿੱਲ, ਦੀਪ ਅਟਵਾਲ ਅਤੇ ਅਮਰ ਜਲਾਲ ਦੇ ਲਿਖੇ ਹਨ।
Share the post "‘ਮੇਰਾ ਬਾਬਾ ਨਾਨਕ’ ਫ਼ਿਲਮ ਦੀ ਸਟਾਰ ਕਾਸਟ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਹੋਈ ਰੁਬਰੂ"