ਸੁਖਜਿੰਦਰ ਮਾਨ
ਬਠਿੰਡਾ, 11 ਮਈ : ‘‘ਸੰਘ ਪਰਿਵਾਰ ਅਤੇ ਮੋਦੀ-ਸ਼ਾਹ ਸਰਕਾਰ ਦੇ ਫਿਰਕੂ-ਫਾਸ਼ੀਵਾਦੀ, ਵੰਡਵਾਦੀ ਏਜੰਡੇ ਨੂੰ ਭਾਂਜ ਦੇਣ ਲਈ ਦੇਸ਼ ਦੇ ਭਵਿੱਖ ਲਈ ਫਿਕਰਮੰਦ ਪ੍ਰਗਤੀ ਹਾਮੀ ਤੇ ਸੰਘਰਸ਼ਸ਼ੀਲ ਸੰਸਥਾਵਾਂ ਅਤੇ ਸੁਹਿਰਦ ਦਾਨਿਸ਼ਮੰਦਾਂ ਵੱਲੋਂ ਸਾਂਝਾ ਮੰਚ ਉਸਾਰ ਕੇ ਦੇਸ਼ ਵਿਆਪੀ ਘੋਲ ਵਿੱਢਣੇ ਅਜੋਕੇ ਦੌਰੇ ਦੀ ਸਭ ਤੋਂ ਵਡੇਰੀ ਲੋੜ ਹੈ।’’ ਇਹ ਸ਼ਬਦ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਬਠਿੰਡਾ-ਮਾਨਸਾ ਜਿਲ੍ਹਾ ਕਮੇਟੀ ਵੱਲੋਂ ਅੱਜ ਇੱਥੋਂ ਦੇ ਟੀਚਰਜ ਹੋਮ ਵਿਖੇ ਸੱਦੇ ਗਏ ਪ੍ਰਭਾਵਸ਼ਾਲੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾਈ ਵਿੱਤ ਸਕੱਤਰ ਪ੍ਰੋਫੈਸਰ ਜੈਪਾਲ ਸਿੰਘ ਨੇ ਕਹੇ। ਪ੍ਰੋਫੈਸਰ ਜੈਪਾਲ ਨੇ ਕਿਹਾ ਕਿ ਮੋਦੀ-ਸ਼ਾਹ ਸਰਕਾਰ ਵੱਲੋਂ, ਭਾਰਤ ਨੂੰ ਇਕ ਧਰਮ ਆਧਾਰਿਤ ਕੱਟੜ ਹਿੰਦੂ ਰਾਸ਼ਟਰ ’ਚ ਤਬਦੀਲ ਕਰਨ ਲਈ ਯਤਨਸ਼ੀਲ ਰਾਸ਼ਟਰੀ ਸੋਇਮ ਸੇਵਕ ਸੰਘ(ਆਰ.ਐਸ.ਐਸ.) ਦੇ ਇਸ਼ਾਰਿਆਂ ’ਤੇ ਦੇਸ਼ ਦੇ ਜਮਹੂਰੀ, ਧਰਮ ਨਿਰਪੱਖ ਅਤੇ ਫੈਡਰਲ ਢਾਂਚੇ ਨੂੰ ਯੋਜਨਾਬੱਧ ਤਹਿਸ-ਨਹਿਸ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸੰਘ-ਭਾਜਪਾ ਤੇ ਮੋਦੀ ਸਰਕਾਰ ਸੈਂਕੜੇ ਕਰੋੜ ਗਰੀਬ ਹਿੰਦੂਆਂ ਨੂੰ ਕੰਗਾਲ ਕਰਕੇ ਅਡਾਨੀ-ਅੰਬਾਨੀ ਜਿਹੇ ਮੁੱਠੀ ਭਰ ਕਾਰਪੋਰੇਟ ਲੋਟੂਆਂ ਦੀਆਂ ਤਿਜੌਰੀਆਂ ਭਰਨ ਦੇ ਕੁਕਰਮ ’ਤੇ ਪਰਦਾ ਪਾਉਣ ਲਈ ਲੋਕਾਂ ਨੂੰ ਧਰਮ ਦੇ ਨਾਂ ’ਤੇ ਲੜਾ ਕੇ ਭਰਾ ਮਾਰੂ ਜੰਗ ਛੇੜਨ ਦੇ ਆਹਰ ਲੱਗੇ ਹੋਏ ਹਨ ਅਤੇ ਉਨ੍ਹਾਂ ਦੇ ਇਹ ਕਾਰੇ ਦੇਸ਼ ਦੀ ਸੁਤੰਤਰਤਾ, ਪ੍ਰਭੂ ਸੰਪੰਨਤਾ ਤੇ ਭੂਗੋਲਿਕ ਏਕਤਾ ਲਈ ਵੀ ਘਾਤਕ ਸਿੱਧ ਹੋਣਗੇ। ਇਸ ਮੌਕੇ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ਨੇ ਵੀ ਵਿਚਾਰ ਰੱਖੇ। ਪ੍ਰਧਾਨਗੀ ਸਾਥੀ ਮਿੱਠੂ ਸਿੰਘ ਘੁੱਦਾ, ਦਰਸ਼ਨ ਸਿੰਘ ਫੁੱਲੋ ਮਿੱਠੀ ਅਤੇ ਸੰਪੂਰਨ ਸਿੰਘ ਨੇ ਕੀਤੀ। ਮੰਚ ਸੰਚਾਲਕ ਦੇ ਫਰਜ ਸਾਥੀ ਲਾਲ ਚੰਦ ਸਰਦੂਲਗੜ੍ਹ ਨੇ ਨਿਭਾਏ। ਮੰਚ ’ਤੇ ਬੀਬੀ ਦਰਸ਼ਨਾ ਜੋਸ਼ੀ, ਪ੍ਰਕਾਸ਼ ਸਿੰਘ ਨੰਦਗੜ੍ਹ, ਮਲਕੀਤ ਸਿੰਘ ਮਹਿਮਾ, ਮੰਦਰ ਸਿੰਘ ਜੱਸੀ ਵੀ ਸੁਸ਼ੋਭਿਤ ਸਨ। ਉੱਘੇ ਲੇਖਕ ਰਾਜਪਾਲ ਸਿੰਘ , ਡਾਕਟਰ ਅਜੀਤ ਪਾਲ ਸਿੰਘ, ਪ੍ਰਿਤਪਾਲ ਸਿੰਘ ਮੰਡੀ ਕਲਾਂ, ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਹਾਕਮ ਸਿੰਘ, ਪ੍ਰਿੰਸੀਪਲ ਰਣਜੀਤ ਸਿੰਘ, ਯਸ਼ਪਾਲ ਗੌਤਮ ਜਿਹੀਆਂ ਉੱਘੀਆਂ ਹਸਤੀਆਂ ਵੀ ਬਿਰਾਜਮਾਨ ਸਨ।
Share the post "ਮੋਦੀ ਸਰਕਾਰ ਦੇ ਵੰਡਵਾਦੀ ਏਜੰਡੇ ਨੂੰ ਮਾਤ ਲੈਣ ਲਈ ਸਾਂਝੇ ਮੰਚ ਦੀ ਉਸਾਰੀ ਜਰੂਰੀ: ਪ੍ਰੋਫੈਸਰ ਜੈਪਾਲ ਸਿੰਘ"