ਡਿਪਟੀ ਕਮਿਸ਼ਨਰ ਨੇ ਚੋਣ ਦੇ ਲਈ ਤਹਿਸੀਲਦਾਰ ਮੋੜ ਨੂੰ ਲਗਾਇਆ ਕਨਵੀਨਰ
ਸੁਖਜਿੰਦਰ ਮਾਨ
ਬਠਿੰਡਾ, 2 ਅਗਸਤ : ਜਿਲ੍ਹੇ ਦੀ ਸਿਆਸੀ ਪੱਖ ਤੋਂ ਕਾਫ਼ੀ ਮਹੱਤਵਪੂਰਨ ਮੰਨੀ ਜਾਂਦੀ ਨਗਰ ਕੋਂਸਲ ਮੋੜ ਨੂੰ ਆਗਾਮੀ ਦੋ ਦਿਨਾਂ ਬਾਅਦ ਨਵਾਂ ਪ੍ਰਧਾਨ ਮਿਲਣ ਜਾ ਰਿਹਾ ਹੈ। ਸੁਖਦੀਪ ਕੌਰ ਵਲੋਂ ਕਰੀਬ ਮਹੀਨੇ ਪਹਿਲਾਂ ਅਸਤੀਫ਼ਾ ਦੇਣ ਕਾਰਨ ਖ਼ਾਲੀ ਪਏ ਪ੍ਰਧਾਨਗੀ ਦੇ ਅਹੁੱਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ 4 ਅਗੱਸਤ ਨੂੰ ਚੋਣ ਕਰਵਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਚੋਣਾਂ ਦੇ ਲਈ ਤਹਿਸੀਲਦਾਰ ਮੋੜ ਨੂੰ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਉਧਰ ਸਿਆਸੀ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ 4 ਅਗੱਸਤ ਨੂੰ ਹੋਣ ਜਾ ਰਹੀ ਚੋਣ ਵਿਚ ਸਾਬਕਾ ਪ੍ਰਧਾਨ ਕਰਨੈਲ ਸਿੰਘ ਦਾ ਪ੍ਰਧਾਨ ਬਣਨਾ ਲਗਭਗ ਤੈਅ ਹੈ। ਕਰਨੈਲ ਸਿੰਘ ਪਿਛਲੇ ਦਿਨੀਂ ਅਪਣੇ ਇੱਕ ਦਰਜ਼ਨ ਦੇ ਕਰੀਬ ਸਾਥੀਆਂ ਨਾਲ ਪਿਛਲੇ ਦਿਨਾਂ ਵਿਚ ਕਾਂਗਰਸ ਪਾਰਟੀ ਛੱਡ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ਮਹੱਤਵਪੂਰਨ ਗੱਲ ਇਹ ਵੀ ਦਸਣੀ ਬਣਦਾ ਹੈ ਕਿ ਅਪ੍ਰੈਲ 2021 ਦੀਆਂ ਹੋਈਆਂ ਚੋਣਾਂ ਦੌਰਾਨ ਕਰਨੈਲ ਸਿੰਘ ਹੀ ਕਾਂਗਰਸ ਪਾਰਟੀ ਵਲੋਂ ਦਾਅਵੇਦਾਰ ਸਨ ਪ੍ਰੰਤੂ ਤਤਕਾਲੀ ਸਰਕਾਰ ਵਿਚ ਸਿਹਤ ਮੰਤਰੀ ਰਹੇ ਬਲਬੀਰ ਸਿੰਘ ਸਿੱਧੂ ਦੀ ਨਜਦੀਕੀ ਰਿਸ਼ਤੇਦਾਰ ਤੇ ਵਾਰਡ ਨੰਬਰ 5 ਵਿਚੋਂ ਜਿੱਤੀ ਕੋਂਸਲਰ ਸੁਖਦੀਪ ਕੌਰ ਇਸ ਅਹੁੱਦੇ ’ਤੇ ਕਾਬਜ਼ ਹੋਣ ਵਿਚ ਸਫ਼ਲ ਰਹੇ ਸਨ। ਉਸਤੋਂ ਬਾਅਦ ਹੀ ਕੋਂਸਲਰਾਂ ਤੇ ਪ੍ਰਧਾਨ ਵਿਚਕਾਰ ਇੱਕ ਵਿੱਥ ਪੈ ਗਈ ਸੀ ਜੋ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਜਾਣ ਤੋਂ ਬਾਅਦ ਹੋਰ ਵਧ ਗਈ ਸੀ। ਜਿਸਦੇ ਚੱਲਦੇ 10 ਮਾਰਚ 2023 ਨੂੰ 14 ਕੋਂਸਲਰਾਂ ਨੇ ਲਿਖਤੀ ਤੌਰ ’ਤੇ ਪ੍ਰਧਾਨ ਵਿਰੁਧ ਬੇਭਰੋਸਗੀ ਦਾ ਮਤਾ ਲਿਆਉਣ ਦਾ ਫੈਸਲਾ ਲਿਆਂਦਾ ਸੀ। ਇਸਤੋਂ ਪਹਿਲਾਂ ਬੇਭਰੋਸਗੀ ਦੇ ਮਤੇ ਉਪਰ ਮੀਟਿੰਗ ਹੁੰਦੀ, 13 ਮਾਰਚ ਨੂੰ ਤਤਕਾਲੀ ਪ੍ਰਧਾਨ ਸੁਖਦੀਪ ਕੌਰ ਨੇ ਅਸਤੀਫ਼ਾ ਦੇ ਦਿੱਤਾ ਸੀ। ਉਸਤੋਂ ਬਾਅਦ ਮੁੜ ਪ੍ਰਧਾਨ ਦੀ ਚੋਣ ਕਰਵਾਉਣ ਲਈ ਕਰੀਬ ਪੰਜ ਮਹੀਨੇ ਲੱਗ ਗਏ ਹਨ। ਗੌਰਤਲਬ ਹੈ ਕਿ ਮੋੜ ਨਗਰ ਕੋਂਸਲ ਵਿਚ ਕੁੱਲ 17 ਕੋਂਸਲਰ ਚੁਣੇ ਜਾਂਦੇ ਹਨ। ਅਪ੍ਰੈਲ 2021 ਵਿਚ ਹੋਈ ਚੋਣ ਵਿਚ 1 ਅਕਾਲੀ ਦਲ ਤੇ ਇੱਕ ਅਜਾਦ ਤੋਂ ਇਲਾਵਾ 15 ਕੋਂਸਲਰ ਕਾਂਗਰਸ ਪਾਰਟੀ ਨਾਲ ਸਬੰਧਤ ਚੋਣ ਜਿੱਤੇ ਸਨ। ਇੰਨ੍ਹਾਂ ਵਿਚੋਂ ਕਰਨੈਲ ਸਿੰਘ ਵਾਰਡ ਨੰਬਰ 15 ਤੋਂ ਲਗਾਤਾਰ ਪੰਜਵੀਂ ਵਾਰ ਚੋਣ ਜਿੱਤੇ ਸੀ ਤੇ ਉਨ੍ਹਾਂ ਦੀ ਪਤਨੀ ਮਨਦੀਪ ਕੌਰ ਵੀ ਵਾਰਡ ਨੰਬਰ 1 ਤੋਂ ਦੂਜੇ ਦਫ਼ਾ ਕੋਂਸਲਰ ਚੁਣੇ ਗਏ ਸਨ।
Share the post "ਮੋੜ ਨਗਰ ਕੋਂਸਲ ਦੇ ਪ੍ਰਧਾਨ ਦੀ ਚੋਣ 4 ਨੂੰ, ਕਰਨੈਲ ਸਿੰਘ ਦਾ ਪ੍ਰਧਾਨ ਬਣਨਾ ਤੈਅ"