ਰਿਲੀਜ਼ ਹੋਣ ਦੇ ਪਹਿਲੇ ਤਿੰਨ ਘੰਟਿਆਂ ’ਚ ਹੀ 36 ਲੱਖ ਲੋਕਾਂ ਨੇ ਦੇਖਿਆਂ ਤੇ ਸੁਣਿਆ ਗੀਤ
ਪੰਜਾਬੀ ਖ਼ਬਰਸਾਰ ਬਿਊਰੋ
ਬਠਿੰਡਾ, 23 ਜੂਨ: ਕਰੀਬ ਪੌਣਾ ਮਹੀਨਾ ਪਹਿਲਾਂ ਗੈਂਗਸਟਰਾਂ ਦੇ ਹੱਥੋਂ ਕਤਲ ਹੋਏ ਮਹਰੂਮ ਵਿਸਵ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਅੱਜ ਸ਼ਾਮ ਹੋਏ ਪਹਿਲੇ ਗੀਤ ‘ਐਸ.ਵਾਈ.ਐਲ’ ਨੇ ਪੰਜਾਬੀ ਸੰਗੀਤ ਜਗਤ ਵਿਚ ਨਵੇਂ ਰਿਕਾਰਡ ਕਾਇਮ ਕਰ ਦਿੱਤੇ ਹਨ। ਅਪਣੇ ਹਰ ਗਾਣੇ ਦੀ ਤਰ੍ਹਾਂ ਬੇਬਾਕ ਹੋ ਕੇ ਲਿਖਣ ਵਾਲੇ ਮਹਰੂਮ ਮੂਸੇਵਾਲਾ ਨੇ ਇਸ ਗੀਤ ਰਾਹੀਂ ਪੰਜਾਬ ਦੇ ਸਭ ਤੋਂ ਚਰਚਿਤ ਮੁੱਦੇ ‘ਪਾਣੀ’ ਨੂੰ ਉਠਾਉਂਦਿਆਂ ਕਈਆਂ ’ਤੇ ਚੋਟ ਮਾਰੀ ਹੈ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਇਹ ਗੀਤ ਸਿੱਧੂ ਮੂਸੇਵਾਲਾ ਦੇ ਜਿਉਂਦਿਆਂ ਰਿਲੀਜ ਹੋਇਆ ਹੁੰਦਾ ਤਾਂ ਇਸ ’ਤੇ ਕਾਫ਼ੀ ਹੋ-ਹੱਲਾ ਉਠਣਾ ਸੀ ਪ੍ਰੰਤੂ ਹੁਣ ਉਸਦੀ ਮੌਤ ਤੋਂ ਬਾਅਦ ਰਿਲੀਜ਼ ਹੋਏ ਇਸ ਪਹਿਲੇ ਗਾਣੇ ਨੂੰ ਹਰ ਪੰਜਾਬੀ ਬੜੀ ਰੀਝ ਨਾਲ ਸੁਣ ਰਿਹਾ ਹੈ। ਪੰਜਾਬ ਦੇ ਪਾਣੀਆਂ ਦੇ ਰਾਹੀਂ ਉਨ੍ਹਾਂ ਪੰਜਾਬੀਆਂ ਦੀ ਅਣਖ ਨੂੰ ਵੀ ਵੰਗਾਰਦਿਆਂ ਕੇਂਦਰ ’ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ ਤੇ ਨਾਲ ਹੀ ਦਹਾਕਿਆਂ ਤੋਂ ਦੇਸ ਦੀਆਂ ਵੱਖ ਵੱਖ ਜੇਲ੍ਹਾਂ ਵਿਚ ‘ਬੰਦ’ ਸਿੱਖ ਬੰਦੀਆਂ ਦੀ ਰਿਹਾਈ ਦਾ ਮੁੱਦਾ ਵੀ ਚੁੱਕਿਆ ਹੈ। ‘ਸੋਵਰਨਟੀ’ ਸਬਦ ਨਾਲ ਉਨ੍ਹਾਂ ਦੇਸ ਦੀ ਅਜਾਦੀ ਤੋਂ ਬਾਅਦ ਪੰਜਾਬੀਆਂ ਨਾਲ ਹੋਏ ਧੱਕੇ ਨੂੰ ਬਿਆਨ ਕੀਤਾ ਹੈ। ਉਸ ਦੇ ਇਸ ਗੀਤ ਨਾਲ ਪੰਜਾਬ ਪ੍ਰਤੀ ਉਸ ਦੇ ਅੰਦਰ ਦਾ ਦਰਦ ਝਲਕਦਾ ਹੈ। ਮਹਰੂਮ ਮੂਸੇਵਾਲਾ ਦੇ ਨਜਦੀਕੀਆਂ ਮੁਤਾਬਕ ਹਾਲੇ ਉਸਦੇ ਕਾਫ਼ੀ ਗਾਣੇ ਆਉਣ ਵਾਲੇ ਬਾਕੀ ਹਨ ਤੇ ਇਸ ਗਾਇਕ ਦੇ ਪਿਤਾ ਨੇ ਅਪਣੇ ਪੁੱਤਰ ਦੇ ਭੋਗ ਮੌਕੇ ਵੀ ਇਸ਼ਾਰਾ ਕੀਤਾ ਸੀ ਕਿ ਉਹ ਸਿੱਧੂ ਮੂਸੇਵਾਲਾ ਨੂੰ ਉਨ੍ਹਾਂ ਦੇ ਗਾਣਿਆਂ ਰਾਹੀਂ ਹਾਲੇ ਕਈ ਸਾਲ ਜਿੰਦਾ ਰੱਖਣਗੇ। ਜਿਸਤੋਂ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਮਹਰੂਮ ਗਾਇਕ ਦੀ ਅਵਾਜ਼ ਵਿਚ ਹੋਰ ਵੀ ਕਈ ਗਾਣੇ ਆ ਸਕਦੇ ਹਨ। ਦਸਣਾ ਬਣਦਾ ਹੈ ਕਿ ਲੰਘੀ 29 ਮਈ ਨੂੰ ਗੈਂਗਸਟਰ ਲਾਰੇਂਸ ਬਿਸਨੋਈ ਦੇ ਗੈਂਗ ਵਲੋਂ ਸਿੱਧੂ ਮੂੁਸੇਵਾਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਹਾਲਾਂਕਿ ਇਸ ਮਾਮਲੇ ਵਿਚ ਦਿੱਲੀ ਤੇ ਪੰਜਾਬ ਪੁਲਿਸ ਨੇ ਕਤਲ ਦੀ ਵਾਰਦਾਤ ’ਚ ਸ਼ਾਮਲ ਰਹੇ ਦੋ ਸੂਟਰਾਂ ਸਹਿਤ ਇੱਕ ਦਰਜ਼ਨ ਤੋਂ ਵੱਧ ਲੋਕਾਂ ਨੂੰ ਗਿ੍ਰਫਤਾਰ ਕੀਤਾ ਹੈ ਪ੍ਰੰਤੂ ਹਾਲੇ ਵੀ ਕਈ ਸੂਟਰ ਤੇ ਹੋਰ ਜਿੰਮੇਵਾਰ ਗਿ੍ਰਫਤ ਤੋਂ ਬਾਹਰ ਹਨ।
Share the post "ਮੌਤ ਤੋਂ ਬਾਅਦ ਰਿਲੀਜ਼ ਹੋਏ ਸਿੱਧੂ ਮੂਸੇਵਾਲਾ ਦੇ ‘ਐਸ.ਵਾਈ.ਐਲ’ ਗੀਤ ਨੇ ਤੋੜਿਆ ਰਿਕਾਰਡ"