ਸਰਕਾਰੀ ਪ੍ਰਾਇਮਰੀ ਸਕੂਲ ਕੱਲ੍ਹੋ ਵਿਖੇ ਬਣੇਗਾ ਆਧੁਨਿਕ ਸਾਹੂਲਤਾਂ ਵਾਲਾ ਉਪਨ ਏਅਰ ਥੀਏਟਰ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 11 ਫਰਵਰੀ:ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਦੇ ਡਿਪਟੀ ਸੈਕਟਰੀ ਵਰਿੰਦਰ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੱਲ੍ਹੋ ਵਿਖੇ ਆਧੁਨਿਕ ਸਹੂਲਤਾਂ ਵਾਲੇ ਪ੍ਰੋ ਅਜਮੇਰ ਔਲਖ ਯਾਦਗਾਰੀ ਉਪਨ ਏਅਰ ਥੀਏਟਰ ਦਾ ਨੀਂਹ ਪੱਥਰ ਰੱਖਦਿਆਂ ਖੁਸ਼ੀ ਪ੍ਰਗਟ ਕੀਤੀ ਕਿ ਇਹ ਮੰਚ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਵੱਡਾ ਚਾਨਣ ਮੁਨਾਰਾ ਹੋਵੇਗਾ। ਡਿਪਟੀ ਸੈਕਟਰੀ ਵਰਿੰਦਰ ਸਿੰਘ ਨੇ ਕਿਹਾ ਨਹਿਰੂ ਯੁਵਾ ਕੇਂਦਰ ਸੰਗਠਨ ਦੇਸ਼ ਦੀ ਨੌਜਵਾਨ ਸ਼ਕਤੀ ਦਾ ਸਭ ਤੋਂ ਵੱਡਾ ਪਲੇਟਫਾਰਮ ਹੈ,ਜਿਥੇ ਨੌਜਵਾਨ ਯੂਥ ਕਲੱਬਾਂ ਦੀ ਅਗਵਾਈ ਚ ਅਪਣੇ ਸੁਨਹਿਰੀ ਭਵਿੱਖ ਦੀ ਸਿਰਜਣਾ ਦੇ ਨਾਲ ਨਾਲ ਹੋਰਨਾਂ ਲੋਕਾਂ ਲਈ ਪ੍ਰੇਰਨਾ ਸਰੋਤ ਬਣਦੇ ਹਨ।ਉਨ੍ਹਾਂ ਮਾਨਸਾ ਜ਼ਿਲ੍ਹੇ ਚ ਨਹਿਰੂ ਯੁਵਾ ਕੇਂਦਰ ਅਤੇ ਕਲੱਬਾਂ ਵੱਲ੍ਹੋਂ ਕੀਤੇ ਜਾ ਰਹੇ ਕ੍ਰਾਂਤੀਕਾਰੀ ਕਾਰਜਾਂ ਦੀ ਭਰਵੀਂ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਥੋਂ ਦੇ ਵਿਦਿਆਰਥੀਆਂ, ਨੌਜਵਾਨਾਂ ਚ ਅਥਾਹ ਟੇਲੈਂਟ ਹੈ। ਜ਼ਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ, ਲੇਖਾ ਤੇ ਪ੍ਰੋਗਰਾਮ ਅਫਸਰ ਡਾ ਸੰਦੀਪ ਘੰਡ ਨੇ ਦੱਸਿਆ ਕਿ ਇਸ ਉਪਨ ਏਅਰ ਥੀਏਟਰ ਦੀ ਸ਼ੁਰੂਆਤ ਤਿੰਨ ਦਿਨਾਂ ਸ਼ਰਮਦਾਨ ਕੈਂਪ ਦੋਰਾਨ ਕੀਤੀ ਜਾ ਰਹੀ ਹੈ ਅਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇਸ ਨੁੰ ਨੇਪਰੇ ਚਾੜਿਆ ਜਾਵੇਗਾ। ਜ਼ਿਲ੍ਹਾ ਸਿੱਖਿਆ ਅਫਸਰ ਭੁਪਿੰਦਰ ਕੌਰ,ਡਿਪਟੀ ਡੀਈਓ ਗੁਰਲਾਭ ਸਿੰਘ,ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ,ਪ੍ਰੋਜੈਕਟ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਕਿ ਕੱਲ੍ਹੋ ਵਿਖੇ ਬਣਨ ਵਾਲਾ ਉਪਨ ਏਅਰ ਥੀਏਟਰ ਪੰਜਾਬ ਦੇ ਸਰਕਾਰੀ ਸਕੂਲਾਂ ਚ ਬਣਨ ਵਾਲਾ ਪਹਿਲਾ ਆਧੁਨਿਕ ਉਪਨ ਏਅਰ ਥੀਏਟਰ ਹੋਵੇਗਾ,ਜਿਸ ’ਤੇ ਦੋ ਲੱਖ ਤੋਂ ਵੱਧ ਦੇ ਖਰਚੇ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਉਪਨ ਏਅਰ ਥੀਏਟਰ ਦੀ ਸਥਾਪਨਾ ਨਾਲ ਇਲਾਕੇ ਭਰ ਦੀਆਂ ਸਾਹਿਤਕ, ਸਭਿਆਚਾਰ ਸਰਗਰਮੀਆਂ ਨੂੰ ਵੱਡਾ ਹੁਲਾਰਾ ਮਿਲੇਗਾ। ਪਿੰਡ ਦੇ ਸਰਪੰਚ ਸ੍ਰੀਮਤੀ ਰੀਮਾ ਰਾਣੀ, ਸਾਬਕਾ ਸਰਪੰਚ ਹਰਨੇਕ ਸਿੰਘ, ਨੌਜਵਾਨ ਸਪੋਰਟਸ ਕਲੱਬ ਕੱਲ੍ਹੋ ਦੇ ਪ੍ਰਧਾਨ ਰਾਜਵਿੰਦਰ ਸਿੰਘ,ਜੀਵਨ ਸਿੰਘ, ਗੁਰਪਾਲ ਸਿੰਘ ਨੇ ਕੱਲ੍ਹੋ ਸਕੂਲ ਵਿਖੇ ਬਣ ਰਹੇ ਵਿਲੱਖਣ ਪ੍ਰੋਜੈਕਟ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਨਾਲ ਸਕੂਲ ਚ ਪੜ੍ਹਾਈ ਦੇ ਮਿਆਰ ਦੇ ਨਾਲ ਨਾਲ ਵਿਦਿਆਰਥੀਆਂ ਚ ਮੁੱਢਲੇ ਪੜ੍ਹਾਅ ਤੋਂ ਹੀ ਸਾਹਿਤਕ, ਸਭਿਆਚਾਰ,ਰੰਗਮੰਚ ਸਰਗਰਮੀਆਂ ਪ੍ਰਤੀ ਉਤਸ਼ਾਹ ਵਧੇਗਾ। ਪਿੰਡ ਦੇ ਨੁਮਾਇੰਦਿਆਂ ਦਾ ਕਹਿਣਾ ਸੀ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਅਤੇ ਸਿੱਖਿਆ ਵਿਕਾਸ ਮੰਚ ਮਾਨਸਾ ਦੀ ਅਗਵਾਈ ਚ ਪਹਿਲਾ ਵੀ ਪਿੰਡ ਕੱਲ੍ਹੋ ਵਿਖੇ ਸ਼ਹੀਦ ਅਮਨਦੀਪ ਸਿੰਘ ਦੀ ਯਾਦ ਵਿੱਚ ਪਾਰਕ ਅਤੇ ਲਾਇਬਰੇਰੀ ਦੀ ਸਥਾਪਨਾ ਕੀਤੀ ਗਈ ਸੀ।ਹੁਣ ਉਨ੍ਹਾਂ ਦੇ ਯਤਨਾਂ ਸਦਕਾ ਉਪਨ ਏਅਰ ਥੀਏਟਰ ਬਣਾਉਣ ਦੀ ਪਹਿਲ ਕਦਮੀ ਕੀਤੀ ਜਾ ਰਹੀ ਹੈ। ਪ੍ਰਸਿੱਧ ਰੰਗਕਰਮੀ ਸ੍ਰੀਮਤੀ ਮਨਜੀਤ ਕੌਰ ਔਲਖ,ਜ਼ਿਲ੍ਹਾ ਭਾਸ਼ਾ ਅਫਸਰ ਤੇਜਿੰਦਰ ਕੌਰ,ਖੋਜ ਅਫਸਰ ਸ਼ਾਇਰ ਗੁਰਪ੍ਰੀਤ ਅਤੇ ਲੋਕ ਕਲਾ ਮੰਚ ਮਾਨਸਾ ਦੇ ਪ੍ਰਧਾਨ ਬਿੱਟੂ ਮਾਨਸਾ ਨੇ ਪ੍ਰੋ ਅਜਮੇਰ ਔਲਖ ਦੀ ਯਾਦ ਚ ਬਣਾਏ ਜਾ ਰਹੇ ਉਪਨ ਏਅਰ ਥੀਏਟਰ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਅਤੇ ਸਿੱਖਿਆ ਵਿਕਾਸ ਮੰਚ ਮਾਨਸਾ ਵੱਲ੍ਹੋਂ ਡਾ ਸੰਦੀਪ ਘੰਡ,ਹਰਦੀਪ ਸਿੱਧੂ ਦੀ ਅਗਵਾਈ ਚ ਮਾਨਸਾ ਜ਼ਿਲ੍ਹੇ ਦੇ ਸਕੂਲਾਂ ਅੰਦਰ ਪ੍ਰੋ ਅਜਮੇਰ ਔਲਖ ਦੀ ਯਾਦ ਚ ਵੱਡੇ ਪੱਧਰ ’ਤੇ ਸਕੂਲ ਲਾਇਬਰੇਰੀਆਂ ਖੋਲ੍ਹਣ ਦੀ ਮਹਿੰਮ ਸਫਲਤਾ ਪੂਰਵਕ ਚਲਾਈ ਗਈ ਸੀ,ਹੁਣ ਉਨ੍ਹਾਂ ਦੀ ਯਾਦ ਚ ਮਾਨਸਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਚ ਪੰਜਾਬ ਦਾ ਬਣ ਰਿਹਾ ਪਹਿਲਾ ਆਧੁਨਿਕ ਉਪਨ ਏਅਰ ਥੀਏਟਰ ਵੀ ਵਿਲੱਖਣ ਪ੍ਰੋਜੈਕਟ ਹੋਵੇਗਾ।
Share the post "ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਡਿਪਟੀ ਸੈਕਟਰੀ ਵਰਿੰਦਰ ਸਿੰਘ ਨੇ ਰੱਖਿਆ ਕੱਲ੍ਹੋਂ ਵਿਖੇ ਉਪਨ ਏਅਰ ਥੀਏਟਰ ਦਾ ਨੀਂਹ ਪੱਥਰ"