ਬੇਅਦਬੀ ਅਤੇ ਬਹਿਬਲ ਗੋਲੀ ਕਾਂਡ ਦੇ ਦੋਸ਼ੀਆਂ ਲਈ ਯੂ. ਏ. ਪੀ. ਏ. ਲਾਉਣ ਅਤੇ ਸਪੈਸ਼ਲ ਕੋਰਟ ਦੀ ਕੀਤੀਮੰਗ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 26 ਅਕਤੂਬਰ: ਯੂਨਾਈਟਿਡ ਅਕਾਲੀ ਦਲ ਦਾ ਵਫ਼ਦ ਅੱਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ.ਇਕਬਾਲ ਸਿੰਘ ਲਾਲਪੁਰਾ ਨੂੰ ਉਨ੍ਹਾਂ ਦੇ ਦਫਤਰ ਵਿੱਚ ਮਿਲਿਆ। ਵਫ਼ਦ ਵਿੱਚ ਪਾਰਟੀ ਦੇ ਚੇਅਰਮੈਨ ਗੁਰਦੀਪ ਸਿੰਘ ਬਠਿੰਡਾ, ਬਹਾਦਰ ਸਿੰਘ ਰਾਹੋਂ, ਸਰਪ੍ਰਸਤ ਗੁਰਨਾਮ ਸਿੰਘ ਸਿੱਧੂ, ਸਕੱਤਰ ਜਨਰਲ ਜਤਿੰਦਰ ਸਿੰਘ ਈਸੜੂ, ਪਾਰਟੀ ਆਗੂ ਨਛੱਤਰ ਸਿੰਘ ਦਬੜ੍ਹੀਖਾਨਾ, ਜਸਵਿੰਦਰ ਸਿੰਘ ਘੋਲੀਆ, ਰਛਪਾਲ ਸਿੰਘ ਚੰਡੀਗਡ਼੍ਹ ਅਤੇ ਭੁਪਿੰਦਰ ਸਿੰਘ ਹਾਜ਼ਰ ਸਨ। ਵਫ਼ਦ ਨੇ ਪਿਛਲੇ 75 ਸਾਲਾਂ ਵਿੱਚ ਪੰਜਾਬ ਅਤੇ ਸਿੱਖ ਕੌਮ ਨਾਲ ਹੋਈਆਂ ਜ਼ਾਲਮਾਨਾ ਕਾਰਵਾਈਆਂ ਅਤੇ ਬੇਇਨਸਾਫ਼ੀ ਬਾਰੇ ਚਰਚਾ ਕੀਤੀ। ਮੁਗਲ ਰਾਜ, ਅੰਗਰੇਜ਼ਾਂ ਅਤੇ 1947 ਤੋਂ ਬਾਅਦ ਗੁਆਂਢੀ ਮੁਲਕਾਂ ਨਾਲ ਜੰਗਾਂ ਅਤੇ ਦੇਸ਼ ਦੀ ਤਰੱਕੀ ਵਿੱਚ ਪਾਏ ਯੋਗਦਾਨ, ਸ਼ਹਾਦਤਾਂ ਦੀ ਵਿਆਖਿਆ ਦੇ ਨਾਲ ਦੇਸ਼ ਦੀ ਵੰਡ ਸਮੇਂ ਸਿੱਖਾਂ ਨਾਲ ਕੀਤੇ ਵਾਅਦਿਆਂ ਅਤੇ ਸਰਕਾਰਾਂ ਵੱਲੋਂ ਕੀਤੀ ਅਕ੍ਰਿਤਘਣਤਾ ਬਾਰੇ ਵੀ ਵਿਚਾਰ ਕੀਤੇ। ਤੁਰੰਤ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਵੱਲੋਂ ਸਰਕਾਰੀ ਗੰਨਮੈਨਾਂ ਨਾਲ ਵੀ.ਆਈ.ਪੀ ਵਿਚਰਨ ਨਾਲ ਭੜਕਾਹਟ ਪੈਦਾ ਹੋਣ, ਦੋਸ਼ੀਆਂ ਵਿਰੁੱਧ ਧਾਰਾ ਯੂ.ਏ.ਪੀ.ਏ ਲਗਾਉਣ, ਗੁਰਮੀਤ ਰਾਮ ਰਹੀਮ ਦੀਆਂ ਭੜਕਾਹਟ ਪੈਦਾ ਕਰਨ ਵਾਲੀਆਂ ਕਾਰਵਾਈਆਂ ਸਬੰਧੀ ਅਤੇ ਉਸ ਦੀ ਪੈਰੋਲ ਰੱਦ ਕਰਾਉਣ, ਬੇਅਦਬੀ ਅਤੇ ਬਹਿਬਲ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਅਤੇ ਜਲਦੀ ਸਜ਼ਾਵਾਂ ਦੇਣ ਲਈ ਸਪੈਸ਼ਲ ਕੋਰਟ ਬਣਾਉਣ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਗੋਲੀ ਕਾਂਡ ਵਿੱਚ ਗ੍ਰਿਫ਼ਤਾਰੀ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀਆਂ ਦੀਆਂ ਰਿਹਾਈਆਂ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਤੁਰੰਤ ਦਿੱਲੀ ਤੋਂ ਪੰਜਾਬ ਜੇਲ੍ਹ ਬਦਲਣ ਅਤੇ ਪੈਰੋਲ ਦੀ ਮੰਗ ਕੀਤੀ। ਸ. ਇਕਬਾਲ ਸਿੰਘ ਲਾਲਪੁਰਾ ਨੇ ਉਪਰੋਕਤ ਮੁੱਦਿਆਂ ਨੂੰ ਜਾਇਜ਼ ਮੰਨਦੇ ਹੋਏ ਤੁਰੰਤ ਕਾਰਵਾਈ ਕਰਨ ਨੂੰ ਕਿਹਾ ਅਤੇ ਪੰਜਾਬ ਦੇ ਮੁੱਖ ਸਕੱਤਰ, ਡੀ.ਜੀ.ਪੀ ਪੰਜਾਬ ਨੂੰ ਪੱਤਰ ਲਿਖਣ, ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨਾਲ ਪੂਰੀ ਗੰਭੀਰਤਾ ਨਾਲ ਇਨ੍ਹਾਂ ਮੁੱਦਿਆਂ ਦੇ ਹੱਲ ਲਈ ਗੱਲਬਾਤ ਕਰਨ ਦਾ ਭਰੋਸਾ ਦਿੱਤਾ।
Share the post "ਯੂਨਾਈਟਿਡ ਅਕਾਲੀ ਦਲ ਨੇ ਘੱਟ ਗਿਣਤੀ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਕੀਤੀ ਮੀਟਿੰਗ"