ਅਜਿਹੇ ਦੁਰਲੱਭ ਮੌਕੇ ਜ਼ਿੰਦਗੀ ਵਿੱਚ ਇੱਕ ਵਾਰ ਹੀ ਆਉਂਦੇ: ਚੰਨੀ
ਸੁਖਜਿੰਦਰ ਮਾਨ
ਸ੍ਰੀ ਚਮਕੌਰ ਸਾਹਿਬ/ਚੰਡੀਗੜ੍ਹ, 14 ਨਵੰਬਰ: ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 19 ਨਵੰਬਰ ਨੂੰ ’ਦਾਸਤਾਨ-ਏ-ਸਹਾਦਤ’ ਥੀਮ ਪਾਰਕ ਅਤੇ ਹੈਰੀਟੇਜ ਸਟਰੀਟ ਦਾ ਉਦਘਾਟਨ ਕੀਤਾ ਜਾਵੇਗਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਪਲ ਨੂੰ ਯਾਦਗਾਰ ਬਣਾਉਣ ਲਈ ਅੱਜ ਨਿੱਜੀ ਤੌਰ ’ਤੇ ਸਮੁੱਚੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਸੈਰ ਸਪਾਟਾ, ਟਰਾਂਸਪੋਰਟ, ਸਥਾਨਕ ਸਰਕਾਰਾਂ, ਸੂਚਨਾ ਤੇ ਲੋਕ ਸੰਪਰਕ, ਸਿਹਤ ਅਤੇ ਪੁਲੀਸ ਵਿਭਾਗਾਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਸਾਡੀਆਂ ਨੌਜਵਾਨ ਪੀੜ੍ਹੀਆਂ ਨੂੰ ਸਾਡੇ ਸ਼ਾਨਾਮੱਤੇ ਅਤੀਤ ਨਾਲ ਜੋੜਨ ਲਈ ਇਹ ਇਤਿਹਾਸਕ ਪ੍ਰੋਜੈਕਟ ਇੱਕ ਪੁਲ ਦਾ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਅਜਿਹੇ ਦੁਰਲੱਭ ਮੌਕੇ ਜੀਵਨ ਵਿੱਚ ਇੱਕ ਵਾਰ ਆਉਂਦੇ ਹਨ, ਇਸ ਲਈ ਇਨ੍ਹਾਂ ਨੂੰ ਪੂਰੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਧਾਰਮਿਕ ਆਗੂਆਂ ਅਤੇ ਰਾਜਨੀਤਿਕ ਸਖਸੀਅਤਾਂ ਦੇ ਨਾਲ ਹੈਰੀਟੇਜ ਸਟਰੀਟ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋ ਕੇ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਣਗੇ।
ਇਸ ਮੌਕੇ ਭੂਰੜੇ ਵਾਲਾ ਚੌਕ (ਨੇੜੇ ਦਾਣਾ ਮੰਡੀ) ਤੋਂ ਗੁਰਦੁਆਰਾ ਸਾਹਿਬ ਤੱਕ ਪੂਰੇ ਧਾਰਮਿਕ ਉਤਸਾਹ ਅਤੇ ਖ਼ਾਲਸਾਈ ਜਾਹੋ-ਜਲਾਲ ਨਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜਿਸ ਵਿਚ ਅੱਗੇ ਗੱਤਕਾ ਪਾਰਟੀਆਂ ਅਤੇ ਘੋੜੇ ਰਵਾਇਤੀ ਸਿੱਖ ਮਾਰਸਲ ਆਰਟ ਵਿੱਚ ਆਪਣੇ ਜੌਹਰ ਵਿਖਾਉਣਗੇ। ਇਸ ਸ਼ੋਭਾ ਯਾਤਰਾ ਵਿੱਚ ਬੈਂਡ, ਨਗਾਰੇ (ਢੋਲ), ਹਾਥੀ ਅਤੇ ਘੋੜੇ ਵੀ ਸਾਮਲ ਹੋਣਗੇ।ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 19 ਨਵੰਬਰ ਨੂੰ ਸਵੇਰੇ 9:30 ਵਜੇ ਥੀਮ ਪਾਰਕ ਵਿਖੇ ਪਾਏ ਜਾਣਗੇ।ਇਸ ਮੌਕੇ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਗਿਆ ਕਿ ਰਾਜਪਾਲ ਥੀਮ ਪਾਰਕ ਵਿਖੇ ਸਾਨਦਾਰ ਢੰਗ ਨਾਲ ਤਿਆਰ ਕੀਤੀਆਂ ਗੈਲਰੀਆਂ ਦਾ ਦੌਰਾ ਵੀ ਕਰਨਗੇ। ਕੁੱਲ 11 ਗੈਲਰੀਆਂ ਪਹਿਲੀ ਪਾਤਸਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਜੀ ਬਹਾਦਰ ਤੱਕ ਸਿੱਖ ਇਤਿਹਾਸ ਅਤੇ ਗੌਰਵਮਈ ਵਿਰਸੇ ਨੂੰ ਪ੍ਰਭਾਵਸਾਲੀ ਢੰਗ ਨਾਲ ਪ੍ਰਦਰਸ਼ਿਤ ਕਰਨਗੀਆਂ ਅਤੇ ਇੱਥੇ ਦੀਆਂ ਪੇਸਕਾਰੀਆਂ ਦਰਸਕਾਂ ਨੂੰ ਇੱਕ ਸਾਨਦਾਰ ਅਨੁਭਵ ਦੇਣਗੀਆਂ ਅਤੇ ਉਨ੍ਹਾਂ ਨੂੰ ਉਸ ਯੁੱਗ ਵਿੱਚ ਲੈ ਜਾਣਗੀਆਂ ਜਦੋਂ ਇਹ ਘਟਨਾਵਾਂ ਅਸਲ ਵਿੱਚ ਵਾਪਰੀਆਂ ਸਨ। ਇਸ ਮੌਕੇ ਉੱਘੇ ਸਿੱਖ ਆਗੂ ਅਤੇ ਧਾਰਮਿਕ ਸ਼ਖ਼ਸੀਅਤਾਂ ਵੀ ਹਾਜਰ ਰਹਿਣਗੀਆਂ।ਮੁੱਖ ਮੰਤਰੀ ਨੇ ਇੱਕ ਗੈਲਰੀ ਵਿੱਚ ਸਿੱਖ ਇਤਿਹਾਸ ਬਾਰੇ ਆਡੀਓ-ਵਿਜ਼ੂਅਲ ਪੇਸਕਾਰੀ ਵੀ ਦੇਖੀ।ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਐਲਈਡੀ ਸਕਰੀਨਾਂ ਦੇ ਨਿਰਵਿਘਨ ਕੰਮਕਾਜ ਨੂੰ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਦਕਿ ਕਮਿਸਨਰ ਨਗਰ ਨਿਗਮ ਮੁਹਾਲੀ ਸਾਮ ਦੇ ਸਮਾਗਮ ਦੇ ਇੰਚਾਰਜ ਹੋਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਸੈਰ ਸਪਾਟਾ ਸੰਜੇ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੋਏ ਕੁਮਾਰ ਸਿਨਹਾ, ਸਕੱਤਰ ਖੁਰਾਕ ਤੇ ਸਿਵਲ ਸਪਲਾਈ ਗੁਰਕਿਰਤ ਕਿਰਪਾਲ ਸਿੰਘ, ਡਾਇਰੈਕਟਰ ਸੈਰ ਸਪਾਟਾ ਕੰਵਲਪ੍ਰੀਤ ਕੌਰ ਬਰਾੜ, ਡਿਪਟੀ ਕਮਿਸਨਰ ਰੂਪਨਗਰ ਸੋਨਾਲੀ ਗਿਰੀ ਅਤੇ ਐਸਐਸਪੀ ਵਿਵੇਕ ਸੀਲ ਸੋਨੀ ਮੌਜੂਦ ਸਨ।
Share the post "ਰਾਜਪਾਲ ਅਤੇ ਮੁੱਖ ਮੰਤਰੀ ਵੱਲੋਂ 19 ਨੂੰ ਦਾਸਤਾਨ-ਏ-ਸ਼ਹਾਦਤ ਥੀਮ ਪਾਰਕ ਅਤੇ ਹੈਰੀਟੇਜ਼ ਸਟਰੀਟ ਦਾ ਕੀਤਾ ਜਾਵੇਗਾ ਉਦਘਾਟਨ"