ਸੁਖਜਿੰਦਰ ਮਾਨ
ਬਠਿੰਡਾ, 3 ਮਈ : ਨਸ਼ਾ ਤਸਕਰਾਂ ਵਲੋਂ ਤਸਕਰੀ ਲਈ ਜਿੱਥੇ ਨਵੇਂ-ਨਵੇਂ ਰਾਹ ਲੱਭੇ ਜਾਂਦੇ ਹਨ, ਊਥੇ ਪੁਲਿਸ ਵੀ ਇੰਨ੍ਹਾਂ ਰਾਹਾਂ ਨੂੰ ਬੰਦ ਕਰਨ ਲਈ ਕੰਮ ਕਰ ਰਹੀ ਹੈ। ਅਜਿਹੇ ਹੀ ਇੱਕ ਨਵੇਂ ਮਾਮਲੇ ਵਿਚ ਸੀ ਆਈ ਏ-1 ਬਠਿੰਡਾ ਦੀ ਟੀਮ ਵਲੋਂ ਰਾਜਸਥਾਨ ਤੋਂ ਪੰਜਾਬ ਲਈ ਰਾਤ ਸਮੇਂ ਚੱਲਦੀ ਇੱਕ ਪ੍ਰਾਈਵੇਟ ਕੰਪਨੀ ਦੀ ਟੂਰਿਸਟ ਬੱਸ ਦੇ ਡਰਾਈਵਰ ਕੋਲੋ ਦੋ ਕਿਲੋ ਅਫ਼ੀਮ ਬਰਾਮਦ ਕੀਤੀ ਹੈ, ਜਿਹੜੀ ਉਸਨੂੰ ਅੱਗੇ ਇੱਕ ਨਸ਼ਾ ਤਸਕਰ ਨੇ ਪੰਜਾਬ ਪਹੁੰਚਾਉਣ ਲਈ ਦਿੱਤੀ ਸੀ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਹ ਬੱਸ ਰਾਜਸਥਾਨ ਤੋਂ ਚੱਲੀ ਸੀ, ਜਿੱਥੇ ਇੱਕ ਨਸਾ ਤਸਕਰ ਵਲੋਂ ਡਰਾਈਵਰ ਨੂੰ ਪੈਕੇਟ ਵਿਚ ਸੀਲਬੰਦ ਕਰਕੇ ਇਹ ਅਫ਼ੀਮ ਫ਼ੜਾਈ ਸੀ। ਇਸ ਦੌਰਾਨ ਪੁਲਿਸ ਨੂੰ ਵੀ ਇਸ ਨਵੇਂ ਤਰੀਕੇ ਨਾਲ ਹੋਣ ਵਾਲੀ ਤਸਕਰੀ ਦੀ ਸੂਚਨਾ ਮਿਲ ਗਈ, ਜਿਸਤੋਂ ਬਾਅਦ ਇੰਸਪੈਕਟਰ ਤਰਲੋਚਨ ਸਿੰਘ ਦੀ ਅਗਵਾਈ ਹੇਠ ਸੀਆਈਏ-1 ਦੀ ਟੀਮ ਨੇ ਐਸ ਆਈ ਹਰਜੀਵਨ ਸਿੰਘ ਦੀ ਅਗਵਾਈ ਹੇਠ ਕਮਲਾ ਨਹਿਰੂ ਕਲੋਨੀ ਬੀਬੀਵਾਲਾ ਰੋਡ ਨਜਦੀਕ ਉਕਤ ਬੱਸ ਡਰਾਈਵਰ ਨੂੰ ਕਾਬੂ ਕਰਕੇ ਉਸਦੇ ਕੋਲੋ ਇਹ ਅਫ਼ੀਮ ਬਰਾਮਦ ਕਰ ਲਈ। ਪੁਲਿਸ ਅਧਿਕਾਰੀਆਂ ਮੁਤਾਬਕ ਗ੍ਰਿਫਤਾਰ ਕੀਤੇ ਗਏ ਡਰਾਈਵਰ ਦੀ ਪਹਿਚਾਣ ਜਤਿੰਦਰ ਸਿੰਘ ਉਰਫ ਜੀਤੂ ਦੇ ਤੌਰ ’ਤੇ ਹੋਈ ਹੈ। ਇਸ ਸਬੰਧ ਵਿਚ ਉਕਤ ਡਰਾਈਵਰ ਵਿਰੁਧ ਥਾਣਾ ਕੈਂਟ ਵਿਚ ਅ/ਧ 18ਬੀ/61/85 ਐਨ ਡੀ ਪੀ ਐਸ ਐਕਟ ਤਹਿਤ ਦਰਜ਼ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸੀ ਨੂੰ ਅਦਾਲਤ ਵਿਚ ਪੇਸ ਕਰਕੇ ਉਸਦਾ ਦੋ ਦਿਨਾਂ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ, ਜਿਸ ਤੋਂ ਡੂੰਘਾਈ ਨਾਲ ਪੁੱਛ ਕੀਤੀ ਜਾ ਰਹੀ ਹੈ, ਜਿਸਤੋਂ ਬਾਅਦ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸਤੋਂ ਇਲਾਵਾ ਮੁੱਖ ਨਸ਼ਾ ਤਸਕਰ ਨੂੰ ਵੀ ਕਾਬੂ ਕੀਤਾ ਜਾਵੇਗਾ।
ਰਾਜਸਥਾਨ ਲਈ ਚੱਲਦੀ ਟੂਰਿਸਟ ਬੱਸ ਦੇ ਡਰਾਈਵਰ ਕੋਲੋ ਦੋ ਕਿਲੋ ਅਫ਼ੀਮ ਬਰਾਮਦ
10 Views