ਰਾਜਾ ਵੜਿੰਗ ਨੇ ਬੋਲਿਆ ਬਾਦਲ ਪ੍ਰਵਾਰ ’ਤੇ ਵੱਡਾ ਸਿਆਸੀ ਹਮਲਾ

0
16

ਸੁਖਜਿੰਦਰ ਮਾਨ
ਬਠਿੰਡਾ, 25 ਸਤੰਬਰ -ਮਾਲਵਾ ਪੱਟੀ ’ਚ ਬਾਦਲ ਪ੍ਰਵਾਰ ਨਾਲ ਹਰ ਵਕਤ ਆਢਾ ਲੈਣ ਵਾਲੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹੁਣ ਫ਼ਿਰ ਵੱਡਾ ਸਿਆਸੀ ਹਮਲਾ ਬੋਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਲੀ ਤਲਬ ਬਾਰੇ ਕੀਤੀਆਂ ਟਿੱਪਣੀਆਂ ਤੋਂ ਬਾਅਦ ਰਾਜਾ ਵੜਿੰਗ ਨੇ ਅਪਣੀ ਫ਼ੇਸਬੁੱਕ ਪੇਜ਼ ’ਤੇ ਲਾਈਵ ਹੋ ਕੇ ਸ: ਬਾਦਲ ਨੂੰ ਲੰਮੇ ਹੱਥੀ ਲਿਆ ਹੈ। ਦਸਣਾ ਬਣਦਾ ਹੈ ਕਿ ਵੜਿੰਗ ਭਲਕੇ ਮੁੱਖ ਮੰਤਰੀ ਚੰਨੀ ਦੀ ਅਗਵਾਈ ਹੇਠਲੀ ਵਜ਼ਾਰਤ ’ਚ ਸ਼ਾਮਲ ਹੋਣ ਜਾ ਰਹੇ ਹਨ। ਅਪਣੇ ਬਿਆਨ ’ਚ ਨਵੇਂ ਬਣਨ ਵਾਲੇ ਮੰਤਰੀ ਨੇ ਪੰਜਾਬ ਕਾਂਗਰਸ ਦੇ ਮਾਮਲਿਆਂ ’ਚ ਦਿੱਲੀ ਦਰਬਾਰ ਦੀ ਭੂਮਿਕਾ ਨੂੰ ਸਹੀ ਠਹਿਰਾਉਂਦਿਆਂ ਦਾਅਵਾ ਕੀਤਾ ਕਿ ‘‘ ਇਹ ਕਾਂਗਰਸੀਆਂ ਦੀ ਖ਼ੁਸਕਿਸਮਤੀ ਹੈ ਕਿ ਉਹ ਦਿੱਤੀ ਤੋਂ ਹੁਕਮ ਪ੍ਰਾਪਤ ਕਰਦੀ ਹੈ ਤੇ ਇੰਨ੍ਹਾਂ ਹੁਕਮਾਂ ਕਾਰਨ ਹੀ ਚੰਨੀ ਵਰਗੇ ਆਮ ਵਿਅਕਤੀ ਨੂੰ ਮੁੱਖ ਮੰਤਰੀ ਤੇ ਉਸ ਨੂੰ ਐਮਐਲਏ ਬਣਨ ਦਾ ਮੌਕਾ ਮਿਲ ਰਿਹਾ ਹੈ। ’’ ਗਾਂਧੀ ਪ੍ਰਵਾਰ ਦਾ ਪੱਖ ਪੂਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਸੋਨੀਆ ਗਾਂਧੀ ਨੇ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ, ਇੰਦਰਾ ਗਾਂਧੀ ਨੇ ਗਿਆਨੀ ਜੈਲ ਸਿੰਘ ਨੂੰ ਰਾਸਟਰਪਤੀ ਤੇ ਬੂਟਾ ਸਿੰਘ ਨੂੰ ਗ੍ਰਹਿ ਮੰਤਰੀ ਬਣਾਇਆ। ਭਾਰਤੀ ਫੌਜ ਦਾ ਪਹਿਲਾਂ ਸਿੱਖ ਜਰਨੈਲ ਵੀ ਕਾਂਗਰਸ ਦੀ ਹੀ ਦੇਣ ਹੈ ਪ੍ਰੰਤੂ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਹੁਣ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਕੇ ਰਹਿ ਗਿਆ ਹੈ, ਜਿਸਦੇ ਚੱਲਦੇ ਬਾਦਲ ਪ੍ਰਵਾਰ ਦੇ ਘਰ ਵਿਚੋਂ ਪਾਵਰ ਬਾਹਰ ਨਹੀਂ ਜਾ ਸਕਦੀ ਹੈ। ਰਾਜਾ ਵੜਿੰਗ ਨੇ ਅਕਾਲੀ ਦਲ ਦੇ ਮਹਰੂਮ ਲੀਡਰਾਂ ਗੁਰਚਰਨ ਸਿੰਘ ਟੌਹੜਾ ਤੇ ਜਗਦੇਵ ਸਿੰਘ ਤਲਵੰਡੀ ਤੋਂ ਇਲਾਵਾ ਸੁਖਦੇਵ ਸਿੰਘ ਢੀਂਢਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਦਾ ਜਿਕਰ ਕਰਦਿਆਂ ਦਾਅਵਾ ਕੀਤਾ ਕਿ ਇੰਨ੍ਹਾਂ ਨੂੰ ਅੱਖੋਂ ਪਰੋਖੇ ਕਰਕੇ ਬਾਦਲ ਸਾਹਿਬ ਨੇ ਪਾਰਟੀ ਦੀ ਪ੍ਰਧਾਨਗੀ ਤੇ ਉਪ ਮੁੱਖ ਮੰਤਰੀ ਅਪਣੇ ਪੁੱਤਰ ਨੂੰ ਦੇ ਦਿੱਤੀ।

LEAVE A REPLY

Please enter your comment!
Please enter your name here