ਆਪ ਸਰਕਾਰ ਵਲੋਂ ਮੁਫ਼ਤ ਬਿਜਲੀ ਦੀ ਸਕੀਮ ’ਚ ਕਾਣੀ ਵੰਡ ’ਤੇ ਚੁੱਕੇ ਸਵਾਲ
ਰਾਜਾ ਵੜਿੰਗ ਲਈ ਮੇਰੇ ਘਰ ਦੇ ਦਰਵਾਜ਼ੇ ਖੁੱਲੇ: ਨਵਜੋਤ ਸਿੱਧੂ
ਸੁਖਜਿੰਦਰ ਮਾਨ
ਬਠਿੰਡਾ, 19 ਅਪ੍ਰੈਲ : ਪੰਜਾਬ ਕਾਂਗਰਸ ਦੀ ਪ੍ਰਧਾਨਗੀ ਛੱਡਣ ਤੋਂ ਬਾਅਦ ਪਹਿਲੀ ਵਾਰ ਬਠਿੰਡਾ ਪੁੱਜੇ ਨਵਜੋਤ ਸਿੰਘ ਸਿੱਧੂ ਨੇ ਸੂਬੇ ਦੀ ਆਪ ਸਰਕਾਰ ’ਤੇ ਮੁਫ਼ਤ ਬਿਜਲੀ ਸਕੀਮ ਦੇ ਐਲਾਨ ’ਚ ਕਾਣੀ ਵੰਡ ਦਾ ਦੋਸ਼ ਲਗਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬੀਆਂ ਨੂੰ ਇਹ ਦੱਸਣ ਲਈ ਕਿਹਾ ਹੈ ਕਿ ਇਸ ਸਕੀਮ ਦੇ ਲਈ ਪੈਸਾ ਕਿੱਥੋਂ ਆਵੇਗਾ। ਕਾਂਗਰਸ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਲਾਡੀ ਵਲੋਂ ਰੱਖੀ ਮੀਟਿੰਗ ਦੌਰਾਨ ਦੋ ਦਰਜ਼ਨ ਦੇ ਕਰੀਬ ਅਪਣੇ ਸਮਰਥਕਾਂ ਨਾਲ ਬੰਿਠਡਾ ਦੇ ਇੱਕ ਹੋਟਲ ’ਚ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵੀ ਦਾਅਵਾ ਕੀਤਾ ਕਿ ਉਹ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਲੱਗੇ ਹੋਏ ਹਨ ਤੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਦ ਮਰਜ਼ੀ ਚਾਹੁੰਣ ਉਸਨੂੰ ਮਿਲਣ ਆ ਸਕਦੇ ਹਨ ਤੇ ਉਨ੍ਹਾਂ ਲਈ ਮੇਰੇ ਘਰ ਦੇ ਦਰਵਾਜ਼ੇ ਖੁੱਲੇ ਹਨ। ਪੰਜਾਬ ਦੀ ਨਿੱਘਰਦੀ ਵਿਤੀ ਹਾਲਾਤ ’ਤੇ ਚਿੰਤਾ ਜਤਾਉਂਦਿਆਂ ਸ: ਸਿੱਧੂ ਨੇ ਦਸਿਆ ਕਿ ‘‘ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਪੰਜਾਬ ਦੀ ਕੁੱਲ ਆਮਦਨ ਦੇ 55 ਫ਼ੀਸਦੀ ਹਿੱਸੇ ਬਰਾਬਰ ਸੂਬੇ ਸਿਰ ਕਰਜ਼ਾ ਚੜਿਆ ਹੋਇਆ ਹੈ, ਜਿਸਦੇ ਕਾਰਨ ਆਉਣ ਵਾਲੀ ਸਥਿਤੀ ਕਾਫ਼ੀ ਡਰਾਵਣੀ ਹੈ। ’’ ਪੰਜਾਬ ਸਰਕਾਰ ਨੂੰ ਬਿਜਲੀ ਮੁੱਦੇ ’ਤੇ ਘੇਰਦਿਆਂ ਸਿੱਧੂ ਨੇ ਕਿਹਾ ਕਿ ‘‘ ਚੋਣਾਂ ਤੋਂ ਪਹਿਲਾਂ ਆਪ ਨੇ ਸਾਰਿਆਂ ਨੂੰ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਹੁਣ ਬਿਜਲੀ ਦੇ ਮੁੱਦੇ ’ਤੇ ਪੰਜਾਬੀਆਂ ਨੂੰ ਵੰਡਣ ਦੀ ਕੋਸਿਸ ਕੀਤੀ ਗਈ ਹੈ। ਉਨ੍ਹਾਂ ਆਪ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ’ਚ ਮੁਫ਼ਤ ਬਿਜਲੀ ਦਾ ਐਲਾਨ ਕਰਕੇ ਪੰਜਾਬੀਆਂ ਦੇ ਖਜਾਨੇ ਦਾ ਪੈਸਾ ਬਾਹਰਲੇ ਸੂਬਿਆਂ ਦੀਆਂ ਅਖਬਾਰਾਂ ਨੁੰ ਇਸ਼ਤਿਹਾਰਾਂ ਦੇ ਰੂਪ ਵਿੱਚ ਵੰਡਿਆ ਜਾ ਰਿਹਾ ਹੈ ਤਾਂ ਕਿ ਆਪ ਸਰਕਾਰ ਇਸਦੇ ਰਾਹੀਂ ਵਾਹ ਵਾਹ ਖੱਟ ਕੇ ਹਿਮਾਚਲ ਅਤੇ ਗੁਜਰਾਤ ਦੀਆਂ ਚੋਣਾਂ ਜਿੱਤ ਸਕੇ। ਇਸਤੋਂ ਇਲਾਵਾ ਪੰਜਾਬ ਦੀ ਵਿਗੜ ਰਹੀ ਅਮਨ ਤੇ ਕਾਨੂੰਨ ਦੀ ਸਥਿਤੀ ਉਪਰ ਵੀ ਨਰਾਸ਼ਾ ਪ੍ਰਗਟ ਕਰਦਿਆਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਹੋਰ ਕੰਮਾਂ ਲਈ ਭਗਵੰਤ ਮਾਨ ਸਰਕਾਰ ਨੂੰ ਸਮਾਂ ਦਿੱਤਾ ਜਾ ਸਕਦਾ ਹੈ ਪ੍ਰੰਤੂ ਇਸਦੇ ਲਈ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦੀ ਵਿੱਤੀ ਹਾਲਾਤ ਤੇ ਅਮਨ ਕਾਨੂੰਨ ਦੀ ਸਥਿਤੀ ਉਪਰ ਉਹ ਵੀਰਵਾਰ ਨੂੰ ਪੰਜਾਬ ਦੇ ਰਾਜਪਾਲ ਨੂੰ ਮਿਲਣ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਆਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਦੀ ਕੁੱਝ ਮੁੱਦਿਆਂ ’ਤੇ ਤਰੀਫ਼ ਵੀ ਕੀਤੀ, ਜਿੰਨ੍ਹਾਂ ਵਿਚ ਨਿਤਨ ਗਡਗਰੀ ਦੀ ਅਗਵਾਈ ਹੇਠ ਸੂਬੇ ’ਚ ਬਣੇ ਕੌਮੀ ਮਾਰਗਾਂ ਦੀ ਵਧੀਆਂ ਹਾਲਾਤ ਤੇ ਭਗਵੰਤ ਮਾਨ ਵਲੋਂ ਦਾਲਾਂ ਅਤੇ ਮੱਕੀ ’ਤੇ ਐੱਮਐੱਸਪੀ ਦੇਣ ਦਾ ਐਲਾਨ ਸ਼ਾਮਲ ਹੈ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਐਮ.ਐਲ.ਏ ਨਵਤੇਜ ਸਿੰਘ ਚੀਮਾ, ਰਜਿੰਦਰ ਸਿੰਘ ਰਾਜਾ, ਨਾਜ਼ਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ ਕਮਾਲੂ, ਸੁਰਜੀਤ ਸਿੰਘ ਧੀਮਾਨ, ਪਿਰਮਿਲ ਸਿੰਘ ਧੋਲਾ, ਹਰਦਿਆਲ ਸਿੰਘ ਕੰਬੋਜ, ਸਾਬਕਾ ਐਮ.ਪੀ ਸ਼ੇਰ ਸਿੰਘ ਘੁਬਾਇਆ, ਸੁਨੀਲ ਦੱਤੀ, ਵਿਜੇ ਕਾਲੜਾ, ਅਵਤਾਰ ਸਿੰਘ ਗੋਨਿਆਣਾ, ਸਰਬਜੀਤ ਸਿੰਘ ਮੀਆ, ਕਰਨਵੀਰ ਢਿੱਲੋਂ, ਸਤਨਾਮ ਸਿੰਘ ਸ਼ਤਰਾਣਾ, ਅੰਮਿ੍ਰਤ ਕੌਰ ਗਿੱਲ, ਚੇਅਰਮੈਨ ਹਰਮੇਲ ਸਿੰਘ ਘੁੱਦਾ, ਨਵੀਂ ਚੇਅਰਮੈਨ ਤਲਵੰਡੀ ਸਾਬੋ, ਰੋਸ਼ਨ ਸਿੰਘ ਸੰਗਤ, ਜਗਜੀਤ ਸਿੰਘ ਬਲਾਕ ਪ੍ਰਧਾਨ, ਮਨਜੀਤ ਸਿੰਘ ਸਰਪੰਚ, ਸਰਬਜੀਤ ਸਿੰਘ ਰੁਲਦੂਵਾਲਾ ਆਦਿ ਹਾਜ਼ਰ ਸਨ
Share the post "ਪੰਜਾਬ ਦੀ ਨਿੱਘਰਦੀ ਵਿੱਤੀ ਹਾਲਾਤ ਦੇ ਮੁੱਦੇ ਨੂੰ ਲੈ ਕੇ ਨਵਜੋਤ ਸਿੱਧੂ ਵਲੋਂ ਰਾਜਪਾਲ ਨੂੰ ਮਿਲਣ ਦਾ ਐਲਾਨ"