ਵਿਜੀਲੈਂਸ ਦਾ ਦਾਅਵਾ, ਵਿਧਾਇਕ ਨਹੀਂ ਕਰ ਰਿਹਾ ਸਹਿਯੋਗ
ਸੁਖਜਿੰਦਰ ਮਾਨ
ਬਠਿੰਡਾ, 27 ਫਰਵਰੀ:-ਲੰਘੀ 16 ਫ਼ਰਵਰੀ ਨੂੰ ਚਾਰ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦਰਜ਼ ਕੇਸ ਵਿਚ ਵਿਜੀਲੈਂਸ ਬਿਉਰੋ ਵਲੋਂ 22 ਫ਼ਰਵਰੀ ਦੀ ਅੱਧੀ ਰਾਤ ਨੂੰ ਗ੍ਰਿਫਤਾਰ ਕੀਤੇ ਆਪ ਵਿਧਾਇਕ ਅਮਿਤ ਰਤਨ ਨੂੰ ਅੱਜ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਮਾਣਯੋਗ ਦਲਜੀਤ ਕੌਰ ਦੀ ਅਦਾਲਤ ਨੇ ਵਿਧਾਇਕ ਨੂੰ ਮੁੜ 2 ਮਾਰਚ ਤੱਕ ਵਿਜੀਲੈਂਸ ਦੀ ਹਿਰਾਸਤ ਵਿਚ ਭੇਜ ਦਿੱਤਾ। ਇਸ ਦੌਰਾਨ ਵਿਜੀਲੈਂਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਵਿਧਾਇਕ ਪੁਛਗਿਛ ਦੌਰਾਨ ਸਹਿਯੋਗ ਨਹੀਂ ਕਰ ਰਿਹਾ। ਇਸ ਕੇਸ ਵਿਚ ਮੌਕੇ ਤੋਂ ਹੀ ਗ੍ਰਿਫਤਾਰ ਕੀਤੇ ਗਏ ਪੀਏ ਰਿਸ਼ਮ ਗਰਗ ਮੌਜੂਦਾ ਸਮੇਂ ਜੇਲ੍ਹ ਵਿਚ ਬੰਦ ਹੈ। ਪਤਾ ਲੱਗਿਆ ਹੈ ਕਿ ਵਿਜੀਲੈਂਸ ਵਲੋਂ ਵਿਧਾਇਕ ਦੀ ਜਾਇਦਾਦ ਦੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਜਲਦੀ ਹੀ ਵਿਜੀਲੈਂਸ ਵਿਧਾਇਕ ਨੂੰ ਚੰਡੀਗੜ੍ਹ ਲਿਜਾ ਸਕਦੀ ਹੈ। ਇਸਤੋਂ ਇਲਾਵਾ ਹਲਕੇ ਵਿਚੋਂ ਪੈਸੇ ਇਕੱਠੇ ਕਰਨ ਦੀਆਂ ਆਈਆਂ ਸਿਕਾਇਤਾਂ ਦੀ ਪੜਤਾਲ ਵੀ ਨਾਲੋ-ਨਾਲ ਜਾਰੀ ਹੈ। ਉਂਜ ਇਸ ਦੌਰਾਨ ਵਿਜੀਲੈਂਸ ਨੇ ਕੋਈ ਖ਼ੁਲਾਸਾ ਨਹੀਂ ਕੀਤਾ ਹੈ। ਗੌਰਤਲਬ ਹੈ ਕਿ ਵਿਜੀਲੈਂਸ ਬਿਊਰੋ ਕੋਲ ਬਠਿੰਡਾ ਦਿਹਾਤੀ ਹਲਕੇ ਦੇ ਅਧੀਨ ਆਉਂਦੇ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਸੀਮਾ ਰਾਣੀ ਦੇ ਪਤੀ ਪ੍ਰਿਤਪਾਲ ਕੁਮਾਰ ਉਰਫ਼ ਕਾਕਾ ਵੱਲੋਂ ਸ਼ਿਕਾਇਤ ਕੀਤੀ ਗਈ ਸੀ, ਜਿਸ ਵਿਚ ਉਨ੍ਹਾਂ ਦੋਸ਼ ਲਗਾਇਆ ਸੀ ਕਿ ਗ੍ਰਾਮ ਪੰਚਾਇਤ ਘੁੱਦਾ ਨੂੰ 15ਵੇਂ ਵਿੱਤ ਕਮਿਸ਼ਨ ਤਹਿਤ ਬਲਾਕ ਸੰਮਤੀ ਰਾਹੀਂ ਪ੍ਰਾਪਤ 25 ਲੱਖ ਰੁਪਏ ਦੀ ਸਰਕਾਰੀ ਗ੍ਰਾਂਟ ਨੂੰ ਬੀਡੀਪੀਓ ਤੋਂ ਰਿਲੀਜ ਕਰਾਉਣ ਬਦਲੇ ਉਕਤ ਮੁਲਜ਼ਮ ਉਸ ਕੋਲੋਂ 5 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ।
Share the post "ਰਿਸ਼ਵਤ ਮਾਮਲੇ ’ਚ ਅਦਾਲਤ ਨੇ ਵਿਧਾਇਕ ਅਮਿਤ ਰਤਨ ਨੂੰ ਮੁੜ 2 ਮਾਰਚ ਤੱਕ ਪੁਲਿਸ ਰਿਮਾਂਡ ’ਤੇ ਭੇਜਿਆ"