21 ਫ਼ਰਵਰੀ ਨੂੰ ਕੀਤਾ ਸੀ ਨਾਮਜਦ, ਸਪੀਕਰ ਦੀ ਮੰਨਜੂਰੀ ਤੋਂ ਬਾਅਦ ਬੀਤੀ ਰਾਤ ਅੰਬਾਲਾ ਤੋਂ ਚੁੱਕਿਆ
ਅੱਜ ਪੀਏ ਰਿਸ਼ਮ ਗਰਗ ਦੇ ਨਾਲ ਹੀ ਅਦਾਲਤ ਵਿਚ ਪੇਸ ਕਰਕੇ ਹਾਸਲ ਕੀਤਾ ਜਾਵੇਗਾ ਰਿਮਾਂਡ
ਸੁਖਜਿੰਦਰ ਮਾਨ
ਬਠਿੰਡਾ, 23 ਫਰਵਰੀ:-ਲੰਘੀ 16 ਫ਼ਰਵਰੀ ਨੂੰ ਘੁੱਦਾ ਦੀ ਮਹਿਲਾ ਸਰਪੰਚ ਸੀਮਾ ਰਾਣੀ ਦੇ ਪਤੀ ਪ੍ਰਿਤਪਾਲ ਕਾਕਾ ਕੋਲੋ ਪਿੰਡ ਦੇ ਵਿਕਾਸ ਕਾਰਜ਼ਾਂ ਲਈ ਰਾਸ਼ੀ ਜਾਰੀ ਕਰਵਾਉਣ ਬਦਲੇ ਚਾਰ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿਚ ਵਿਜੀਲੈਂਸ ਬਿਉਰੋ ਨੇ ਬੀਤੀ ਅੱਧੀ ਰਾਤ ਆਪ ਵਿਧਾਇਕ ਅਮਿਤ ਰਤਨ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰੀ ਸਮੇਂ ਵਿਧਾਇਕ ਅਪਣੇ ਦੋ ਸਾਥੀਆਂ ਨਾਲ ਇੱਕ ਪ੍ਰਾਈਵੇਟ ਕਾਰ ਰਾਹੀਂ ਅੰਬਾਲਾ ਤੋਂ ਦਿੱਲੀ ਵੱਲ ਜਾ ਰਿਹਾ ਸੀ। ਵਿਧਾਇਕ ਦੀ ਗ੍ਰਿਫਤਾਰੀ ਲਈ ਵਿਰੋਧੀ ਧਿਰਾਂ ਵਲੋਂ ਲਗਾਤਾਰ ਸਰਕਾਰ ਨੂੰ ਘੇਰਿਆ ਜਾ ਰਿਹਾ ਸੀ ਤੇ ਆਗਾਮੀ 3 ਮਾਰਚ ਨੂੰ ਸ਼ੁਰੂ ਹੋਏ ਬਜ਼ਟ ਸੈਸਨ ਵਿਚ ਇਹ ਮਾਮਲਾ ਭਖ ਸਕਦਾ ਸੀ। ਜਿਸਦੇ ਚੱਲਦੇ ਸਰਕਾਰ ਨੇ ਬਦਨਾਮੀ ਤੋਂ ਬਚਣ ਲਈ ਵਿਧਾਇਕ ਦੀ ਗ੍ਰਿਫਤਾਰੀ ਦੇ ਹੁਕਮ ਦਿੱਤੇ ਸਨ। ਸੂਤਰਾਂ ਮੁਤਾਬਕ 21 ਫ਼ਰਵਰੀ ਨੂੰ ਵਿਜੀਲੈਂਸ ਨੇ ਵਿਧਾਂਇਕ ਅਮਿਤ ਰਤਨ ਨੂੰ ਇਸ ਕੇਸ ਵਿਚ ਨਾਮਜਦ ਕਰ ਲਿਆ ਸੀ। ਜਿਸਤੋਂ ਬਾਅਦ ਦੀ ਪੁਸ਼ਟੀ ਵਿਜੀਲੈਂਸ ਬਿਉਰੋ ਬਠਿੰਡਾ ਰੇਂਜ ਦੇ ਐਸ.ਐਸ.ਪੀ ਹਰਪਾਲ ਸਿੰਘ ਨੇ ਕੀਤੀ ਹੈ। ਪਤਾ ਚੱਲਿਆ ਹੈ ਕਿ ਤੜਕ ਸਵੇਰ ਬਠਿੰਡਾ ਲਿਆਂਦੇ ਵਿਧਾਇਕ ਨੂੰ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਬਠਿੰਡਾ ਦੇ ਥਾਣਾ ਕੋਤਵਾਲੀ ਵਿਚ ਬੰਦ ਕਰ ਦਿੱਤਾ ਹੈ। ਬਾਅਦ ਦੁਪਿਹਰ ਉਸਨੂੰ ਅਦਾਲਤ ਵਿਚ ਪੇਸ਼ ਕਰਕੇ ਵਿਜੀਲੈਂਸ ਵਲੋਂ ਪੁਛਗਿਛ ਲਈ ਰਿਮਾਂਡ ਮੰਗਿਆ ਜਾਵੇਗਾ। ਜਦੋਂਕਿ ਇਸ ਮਾਮਲੇ ਵਿਚ ਸਕਰਟ ਹਾਉੂਸ ਵਿਚੋਂ ਮੌਕੇ ’ਤੇ ਹੀ ਗ੍ਰਿਫਤਾਰ ਕੀਤੇ ਗਏ ਵਿਧਾਇਕ ਦੇ ਪ੍ਰਾਈਵੇਟ ਪੀਏ ਰਿਸਮ ਗਰਗ ਨੂੰ ਵੀ ਇਸੇ ਕੇਸ ਵਿਚ ਤੀਜ਼ੀ ਵਾਰ ਅੱਜ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਵਿਜੀਲੈਂਸ ਦੇ ਅਧਿਕਾਰੀਆਂ ਮੁਤਾਬਕ ਵਿਧਾਇਕ ਦੇ ਨਾਲ-ਨਾਲ ਪੀਏ ਰਿਸ਼ਮ ਦਾ ਮੁੜ ਰਿਮਾਂਡ ਮੰਗਿਆ ਜਾਵੇਗਾ ਕਿਉਂਕਿ ਉਸਨੇ ਪਿਛਲੇ ਤਿੰਨ ਦਿਨਾਂ ‘ਚ ਪੁਛਗਿਛ ਦੌਰਾਨ ਕਾਫ਼ੀ ਅਹਿਮ ਖ਼ੁਲਾਸੇ ਕੀਤੇ ਹਨ। ਸੂਤਰਾਂ ਮੁਤਾਬਕ ਹੁਣ ਤੱਕ ਇਸ ਕੇਸ ਦੀ ਹੋਈ ਪੜਤਾਲ ਤੋਂ ਬਾਅਦ ਵਿਧਾਇਕ ਦੇ ਤਿੰਨ ਹੋਰ ਨਜਦੀਕੀ ਇਸ ਕੇਸ ਵਿਚ ਕੁੜਿੱਕੀ ਵਿਚ ਆ ਸਕਦੇ ਹਨ। ਜਦੋਂਕਿ ਬਠਿੰਡਾ ਦਿਹਾਤੀ ਹਲਕੇ ਦੇ ਕੁੱਝ ਵਿਅਕਤੀਆਂ ’ਤੇ ਵੀ ਵਿਧਾਇਕ ਲਈ ਪੈਸੇ ਇਕੱਠੇ ਕਰਨ ਦੀ ਜਾਂਚ ਚੱਲ ਰਹੀ ਹੈ, ਜਿੰਨ੍ਹਾਂ ਵਿਚ ਇੱਕ ਕੋਟਫੱਤਾ ਦਾ ਚਰਚਿਤ ਨੌਜਵਾਨ ਵੀ ਦਸਿਆ ਜਾ ਰਿਹਾ ਹੈ। ਇਸੇ ਤਰ੍ਹਾਂ ਇੱਕ ਵਕੀਲ, ਤਾਜ਼ਾ-ਤਾਜ਼ਾ ਲੀਡਰ ਬਣੇ ਸੰਗਤ ਬਲਾਕ ਨਾਲ ਸਬੰਧਤ ਦੋ ਆਪ ਆਗੂਆਂ ਨੂੰ ਵੀ ਵਿਜੀਲੈਂਸ ਜਲਦੀ ਹੀ ਚੁੱਕ ਸਕਦੀ ਹੈ। ਗੌਰਤਲਬ ਹੈ ਕਿ ਵਿਧਾਇਕ ਅਮਿਤ ਰਤਨ ਉਪਰ ਦੋਸ਼ ਹਨ ਕਿ ਉਨ੍ਹਾਂ ਅਪਣੇ ਤਿੰਨ-ਚਾਰ ਜਮਾਤੀਆਂ ਤੋਂ ਇਲਾਵਾ ਕੁੱਝ ਹੋਰਨਾਂ ਵਿਅਕਤੀਆਂ ਨਾਲ ਮਿਲਕੇ ਹਲਕੇ ਵਿਚ ਵੱਡਾ ਨੈਟਵਰਕ ਚਲਾਇਆ ਜਾ ਰਿਹਾ ਸੀ। ਜਿਸਦੇ ਵਿਚ ਇੰਨ੍ਹਾਂ ਜਮਾਤੀਆਂ ਵਿਚੋਂ ਹਰੇਕ ਨੂੰ ਵੱਖ ਵੱਖ ਵਿਭਾਗ ਵੰਡੇ ਹੋਏ ਸਨ। ਜਿਸਦੇ ਤਹਿਤ ਫ਼ੂਡ ਸਪਲਾਈ ਤੇ ਸੈਲਰ ਵਾਲਿਆਂ ਤੋਂ ਇਲਾਵਾ ਜੱਸੀ ਸਥਿਤ ਨੌਹਰੇ ਤੋਂ ਮਹੀਨਾ ਉਗਰਾਹਉਣਾ,ਬਠਿੰਡਾ ਦਿਹਾਤੀ ਦੀ ਟਰੱਕ ਯੂਨੀਅਨ ਦੇ ਨਾਂ ‘ਤੇ ਪੈਸੇ ਇਕੱਠੇ ਕਰਨੇ, ਏਮਜ਼ ਨਜਦੀਕ ਬਣੀਆਂ ਪ੍ਰਾਈਵੇਟ ਕਲੌਨੀਆਂ ਦੇ ਮਾਲਕਾਂ ਤੋਂ 27 ਲੱਖ ਦੀ ਵਸੂਲੀ ਸਹਿਤ ਪੰਚਾਇਤ ਵਿਭਾਗ ਦੇ ਕੰਮਾਂ ਵਿਚ ਹਿੱਸਾ ਪੱਤੀ ਤੋਂ ਲੈ ਕੇ ਵੱਖ ਵੱਖ ਵਿਭਾਗਾਂ ਤੋਂ ਲੈ ਕੇ ਥਾਣਿਆਂ ਤੱਕ ਬਦਲੀਆਂ ਕਰਵਾਉਣ ਲਈ ਵੀ ਵੱਡਾ ਘਪਲਾ ਚਲਾਇਆ ਜਾ ਰਿਹਾ ਸੀ। ਹਾਲਾਂਕਿ ਇਸ ਵਿਚ ਸਚਾਈ ਕਿੰਨੀ ਕੁ ਹੈ, ਇਹ ਤਾਂ ਆਉਣ ਵਾਲੇ ਸਮੇਂ ਵਿਚ ਸਾਹਮਣੈ ਆਵੇਗਾ ਪ੍ਰੰਤੂ 16 ਫ਼ਰਵਰੀ ਦੀ ਦੇਰ ਸ਼ਾਮ ਸਰਕਟ ਹਾਊਸ ’ਚ ਵਿਜੀਲੈਂਸ ਦੀ ਰੇਡ ਤੋਂ ਪਹਿਲਾਂ ਖੁਦ ਨੂੰ ਵਿਧਾਇਕ ਦੀਆਂ ਸੱਜੀਆਂ-ਖੱਬੀਆਂ ਬਾਹਾਂ ਦੱਸਣ ਵਾਲੇ ਵਿਅਕਤੀ ਰੂਪੋਸ ਹੋ ਗਏ ਹਨ। ਗੌਰਤਲਬ ਹੈ ਕਿ ਵਿਜੀਲੈਂਸ ਬਿਊਰੋ ਕੋਲ ਬਠਿੰਡਾ ਦਿਹਾਤੀ ਹਲਕੇ ਦੇ ਅਧੀਨ ਆਉਂਦੇ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਸੀਮਾ ਰਾਣੀ ਦੇ ਪਤੀ ਪ੍ਰਿਤਪਾਲ ਕੁਮਾਰ ਉਰਫ਼ ਕਾਕਾ ਵੱਲੋਂ ਸ਼ਿਕਾਇਤ ਕੀਤੀ ਗਈ ਸੀ, ਜਿਸ ਵਿਚ ਉਨ੍ਹਾਂ ਦੋਸ਼ ਲਗਾਇਆ ਸੀ ਕਿ ਗ੍ਰਾਮ ਪੰਚਾਇਤ ਘੁੱਦਾ ਨੂੰ 15ਵੇਂ ਵਿੱਤ ਕਮਿਸ਼ਨ ਤਹਿਤ ਬਲਾਕ ਸੰਮਤੀ ਰਾਹੀਂ ਪ੍ਰਾਪਤ 25 ਲੱਖ ਰੁਪਏ ਦੀ ਸਰਕਾਰੀ ਗ੍ਰਾਂਟ ਨੂੰ ਬੀਡੀਪੀਓ ਤੋਂ ਰਿਲੀਜ ਕਰਾਉਣ ਬਦਲੇ ਉਕਤ ਮੁਲਜ਼ਮ ਉਸ ਕੋਲੋਂ 5 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਪ੍ਰੰਤੂ ਉਹ ਇਸ ਕੰਮ ਲਈ ਰਿਸ਼ਵਤ ਨਹੀਂ ਸੀ ਦੇਣਾ ਚਾਹੁੰਦੇ , ਜਿਸਦੇ ਚੱਲਦੇ ਮਜਬੂਰਨ ਵਿਧਾਇਕ ਦੇ ਪੀਏ ਨੂੰ ਪਹਿਲੀ ਕਿਸ਼ਤ ਵਜੋਂ 50,000 ਰੁਪਏ ਦਿੱਤੇ ਜਾ ਚੁੱਕੇ ਸਨ ਤੇ ਅੱਜ ਚਾਰ ਲੱਖ ਰੁਪਏ ਦਿੱਤੇ ਜਾਣੇ ਸਨ। ਸੂਚਨਾ ਮੁਤਾਬਕ ਉਕਤ ਮੁਲਜਮ ਨੇ ਇਹ ਰਾਸ਼ੀ ਸਰਕਟ ਹਾਊਸ ਦੇ ਬਾਹਰ ਖ਼ੜੀ ਇੱਕ ਪ੍ਰਾਈਵੇਟ ਗੱਡੀ ਵਿਚ ਬੈਠ ਕੇ ਲਈ, ਤੇ ਇਸ ਦੌਰਾਨ ਮੌਕੇ ’ਤੇ ਵਿਜੀਲੈਂਸ ਪੁੱਜ ਗਈ। ਗੌਰਤਲਬ ਹੈ ਕਿ ਵਿਧਾਇਕ ਅਮਿਤ ਰਤਨ ਨੇ 2017 ਵਿੱਚ ਅਕਾਲੀ ਦਲ ਵੱਲੋਂ ਬਠਿੰਡਾ ਦਿਹਾਤੀ ਹਲਕੇ ਤੋਂ ਚੋਣ ਲੜੀ ਸੀ ਪ੍ਰੰਤੂ ਆਪ ਦੀ ਉਮੀਦਵਰ ਰੁਪਿੰਦਰ ਕੌਰ ਰੂਬੀ ਕੋਲੋ ਹਾਰ ਗਏ ਸਨ। ਜਿਸਤੋਂ ਬਾਅਦ ਉਨ੍ਹਾਂ ਉਪਰ ਅਕਾਲੀ ਦਲ ਦੇ ਹੀ ਕੁੱਝ ਵਰਕਰਾਂ ਨੇ ਠੱਗੀ ਮਾਰਨ ਦੇ ਦੋਸ਼ ਲਗਾਏ ਸਨ, ਜਿਸਦੇ ਚੱਲਦੇ ਉਸਨੂੰ ਅਕਾਲੀ ਦਲ ਵਿਚੋਂ ਕੱਢ ਦਿਤਾ ਗਿਆ ਸੀ ਤੇ 2022 ਦੀਆਂ ਚੋਣਾਂ ਮੌਕੇ ਉਹ ਆਪ ਵਿਚ ਸ਼ਾਮਲ ਹੋ ਗਏ ਸਨ ਤੇ ਇਸੇ ਹਲਕੇ ਤੋਂ ਚੋਣ ਜਿੱਤਣ ਵਿਚ ਸਫ਼ਲ ਰਹੇ।
ਰਿਸ਼ਵਤ ਮਾਮਲੇ ’ਚ ਵਿਜੀਲੈਂਸ ਵਲੋਂ ਵਿਧਾਇਕ ਅਮਿਤ ਰਤਨ ਗ੍ਰਿਫਤਾਰ
18 Views