ਕਿਸਾਨ ਯੂਨੀਅਨ ਦੀ ਹਿਮਾਇਤ ਨਾਲ ਲੋਕਾਂ ਨੇ ਕੀਤਾ ਵਿਰੋਧ, ਫ਼ੂਕਿਆ ਪੁਤਲਾ
ਸੁਖਜਿੰਦਰ ਮਾਨ
ਬਠਿੰਡਾ, 6 ਜੁਲਾਈ: ਬਠਿੰਡਾ ਦੇ ਧੋਬੀਆਣਾ ਬਸਤੀ ਵਿੱਚ ਰਿੰਗ ਰੋਡ ਦੇ ਨਿਰਮਾਣ ਲਈ ਪੁੱਡਾ ਵੱਲੋਂ ਅੱਜ ਪੁਲਿਸ ਦੀ ਮੱਦਦ ਨਾਲ ਕਥਿਤ ਨਜਾਇਜ਼ ਘਰਾਂ ਦੀ ਉਸਾਰੀ ਢਾਹੁਣ ਦਾ ਮਾਮਲਾ ਮੁੜ ਭਖ ਗਿਆ ਹੈ। ਇਸ ਮੌਕੇ ਬਸਤੀ ਦੇ ਲੋਕਾਂ ਵਲੋਂ ਬਣਾਈ ਮਕਾਨ ਉਜਾੜਾ ਰੋਕੂ ਕਮੇਟੀ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਮੱਦਦ ਨਾਲ ਪੁੱਡਾ ਦੀ ਇਸ ਮੁਹਿੰਮ ਦਾ ਵਿਰੋਧ ਕੀਤਾ, ਜਿਸਦੇ ਚੱਲਦੇ ਅਧਿਕਾਰੀਆਂ ਨੂੰ ਬੇਰੰਗ ਵਾਪਸ ਮੁੜਣਾ ਪਿਆ। ਇਸਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਪੁੱਡਾ ਦਫ਼ਤਰ ਅੱਗੇ ਸਰਕਾਰ ਦਾ ਪੁਤਲਾ ਫ਼ੂਕਿਆ। ਇਸ ਮੌਕੇ ਕਮੇਟੀ ਦੇ ਆਗੂ ਅਮਿੱਤ ਸਿੰਘ , ਗੋਪਾਲ ਗੁਪਤਾ , ਗੁਰਜੀਤ ਸਿੰਘ , ਸੁਖਵਿੰਦਰ ਕੌਰ ਸੁੱਖੀ ਅਤੇ ਗੁਰਦੀਪ ਕੌਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜਗਸੀਰ ਸਿੰਘ ਝੁੰਬਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਮਨਦੀਪ ਸਿੰਘ ਸਿਵੀਆਂ ਨੇ ਕਿਹਾ ਕਿ ਪੁੱਡਾ ਦੇ ਅਧਿਕਾਰੀਆਂ ਨਾਲ ਬੀਤੇ ਕੱਲ ਮੀਟਿੰਗ ਹੋਈ ਸੀ, ਜਿਸਤੋਂ ਬਾਅਦ ਅੱਜ ਮੁੜ ਮੀਟਿੰਗ ਰੱਖੀ ਗਈ ਸੀ ਪ੍ਰੰਤੂ ਅੱਜ ਸੁਵੱਖਤੇ ਹੀ ਮੀਟਿੰਗ ਕਰਨ ਦੀ ਬਜਾਏ ਪੁੱਡਾ ਅਧਿਕਾਰੀਆਂ ਨੇ ਜੇ ਬੀ ਸੀ ਮਸ਼ੀਨਾਂ ਨਾਲ ਘਰ ਤੋੜਨੇ ਸ਼ੁਰੂ ਕਰ ਦਿੱਤੇ । ਬੁਲਾਰਿਆਂ ਨੇ ਕਿਹਾ ਕਿ ਜਿਹੜੇ ਘਰ ਢਾਹੇ ਜਾ ਰਹੇ ਹਨ ਇਨ੍ਹਾਂ ਵਿੱਚ ਇਹ ਵਸਨੀਕ 50 ਸਾਲਾਂ ਤੋਂ ਇੱਥੇ ਵਸਦੇ ਹਨ ਅਤੇ ਇਨ੍ਹਾਂ ਕੋਲ ਇੱਥੋਂ ਦੇ ਆਧਾਰ ਕਾਰਡ ,ਵੋਟਰ ਕਾਰਡ ਬਣੇ ਹੋਏ ਹਨ। ਇਹੀਂ ਨਹੀਂ ਨਗਮ ਨਿਗਮ ਵਿਚ ਸੀਵਰੇਜ ਅਤੇ ਪਾਣੀ ਦੇ ਬਿਲ ਭਰੇ ਜਾਂਦੇ ਹਨ ਅਤੇ ਘਰਾਂ ਚ ਬਿਜਲੀ ਦੇ ਮੀਟਰ ਲੱਗੇ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਜੇਕਰ ਸਰਕਾਰ ਨੂੰ ਸੜਕ ਦੇ ਨਿਰਮਾਣ ਲਈ ਇਹ ਜਗ੍ਹਾ ਚਾਹੀਦੀ ਹੈ ਤਾਂ ਇਨ੍ਹਾਂ ਨੂੰ ਪ੍ਰਤੀ ਪਰਿਵਾਰ ਵਸੇਬੇ ਯੋਗ ਜਗ੍ਹਾ ਲਈ ਯੋਗ ਖੇਤਰ ਵਿੱਚ ਪਲਾਟ ਦਿੱਤੇ ਜਾਣ ਅਤੇ ਮੁਆਵਜਾ ਦੇ ਕੇ ਮੁੜ ਪੱਕੇ ਤੌਰ ਤੇ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ। ਉਧਰ ਪੁੱਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਆਰਪੀ ਸਿੰਘ ਨੇ ਦਾਅਵਾ ਕੀਤਾ ਕਿ ਇਹ ਕਾਰਵਾਈ ਕਾਨੂੰਨ ਦੇ ਦਾਈਰੇ ਤਹਿਤ ਕੀਤੀ ਜਾ ਰਹੀ ਹੈ।
Share the post "ਰਿੰਗ ਰੋਡ ਬਣਾਉਣ ਲਈ ਧੋਬੀਆਣਾ ਬਸਤੀ ’ਚ ਨਜ਼ਾਇਜ਼ ਉਸਾਰੀਆਂ ਢਾਹੁਣ ਦਾ ਮਾਮਲਾ ਭਖਿਆ"