ਸੁਖਜਿੰਦਰ ਮਾਨ
ਬਠਿੰਡਾ, 23 ਸਤੰਬਰ: ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਪੰਜਾਬ ਪੁਲਿਸ ਵਲੋਂ ਦਿੱਲੀ ਦੀ ਤਿਹਾੜ ਜੇਲ੍ਹ ਵਿਚੋਂ ਲਿਆਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਵਿਸਾਲ ਚੋਪੜਾ ਨੇ ਮੁੜ ਅਪਣੇ ਮੁਵੱਕਲ ਦੇ ਝੂਠੇ ਮੁਕਾਬਲੇ ਵਿਚ ਮਾਰੇ ਜਾਣ ਦਾ ਖਦਸ਼ਾ ਪ੍ਰਗਟਾਇਆ ਹੈ। ਤਿੰਨ ਦਿਨ ਪਹਿਲਾਂ ਰਾਜਸਥਾਨ ’ਚ ਬਿਸਨੋਈ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਇੱਕ ਹੋਰ ਗੈਂਗਸਟਰ ਸੰਦੀਪ ਬਿਸਨੋਈ ਨੂੰ ਅਦਾਲਤ ਵਿਚ ਪੇਸ਼ ਕਰਨ ਸਮੇਂ ਹੋਏ ਕਤਲ ਤੋਂ ਬਾਅਦ ਉਸਦੇ ਵਕੀਲ ਨੇ ਇਹ ਖ਼ਦਸਾ ਪ੍ਰਗਟ ਕੀਤਾ ਹੈ। ਮੌਜੂਦਾ ਸਮੇਂ ਇਂੱਕ ਵਪਾਰੀ ਤੋਂ ਸੁਪਾਰੀ ਮੰਗਣ ਦੇ ਮਾਮਲੇ ’ਚ ਲਾਰੇਂਸ ਪਿਛਲੇ 11 ਦਿਨਾਂ ਤੋਂ ਬਠਿੰਡਾ ਪੁਲਿਸ ਦੀ ਕਸਟੱਡੀ ਵਿਚ ਹੈ, ਜਿੱਥੇ ਭਲਕੇ ਉਸਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ। ਹਾਲਾਂਕਿ ਪੰਜਾਬ ਲਿਆਉਣ ਤੋਂ ਬਾਅਦ ਪੁਲਿਸ ਵਲੋਂ ਲਾਰੇਂਸ ਦੀ ਸੁਰੱਖਿਆ ਲਈ ਵੱਡੇ ਉਪਰਾਲੇ ਕੀਤੇ ਹੋਏ ਹਨ ਤੇ ਉਸਨੂੰ ਕਿਸੇ ਵੀ ਅਦਾਲਤ ਵਿਚ ਪੇਸ਼ ਕਰਨ ਜਾਂ ਇੱਧਰ-ਉਧਰ ਲਿਜਾਣ ਸਮੇਂ ਬੁਲੇਟ ਪਰੂਫ਼ ਗੱਡੀ ਦੀ ਵਰਤੋਂ ਕੀਤੀ ਜਾਂਦੀ ਹੈ ਪ੍ਰੰਤੂ ਲਾਰੇਂਸ ਵਲੋਂ ਅਪਣੇ ਵਕੀਲ ਰਾਹੀਂ ਹਮੇਸ਼ਾ ਜਾਨ ਨੂੰ ਖ਼ਤਰਾ ਦਸਿਆ ਜਾਂਦਾ ਹੈ। ਇਸਤੋਂ ਇਲਾਵਾ ਲਾਰੇਂਸ ਦੇ ਵਕੀਲ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਕੇਂਦਰੀ ਏਜੰਸੀਆਂ ਨੇ ਵੀ ਲਾਰੇਂਸ ਬਿਸਨੋਈ ’ਤੇ ਹਮਲਾ ਹੋਣ ਦੀ ਸੰਭਾਵਨਾ ਜਤਾਈ ਹੈ। ਜਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੇ ਵਿਰੋਧੀ ਗੁੱਟ ਬੰਬੀਹਾ ਗੈਂਗ ਵਲੋਂ ਉਸਨੂੰ ਕਈ ਵਾਰ ਜਾਨੋਂ ਮਾਰਨ ਦੀ ਧਮਕੀ ਮਿਲ ਚੁੱਕੀ ਹੈ। ਉਧਰ ਬਠਿੰਡਾ ਪੁਲਿਸ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਬਿਸਨੋਈ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਸਾਰੇ ਇੰਤਜ਼ਾਮ ਕੀਤੇ ਗਏ ਹਨ।
Share the post "ਲਾਰੈਂਸ ਬਿਸ਼ਨੋਈ ਦੀ ਜਾਨ ਨੂੰ ਖ਼ਤਰਾ, ਵਕੀਲ ਨੇ ਪੇਸ਼ੀ ਦੌਰਾਨ ਮੁਕਾਬਲੇ ਦਾ ਖਦਸਾ ਪ੍ਰਗਟਾਇਆ"