ਗੀਤਕਾਰਾਂ, ਕਵੀਆਂ ਅਤੇ ਦਾਨਿਸ਼ਵਰਾਂ ਨੇ ਕੀਤੀ ਲੋਕ ਕਾਵਿ ‘ਤੇ ਚਰਚਾ
ਗੀਤਾਂ ਨੇ ਪੰਜਾਬੀ ਬੋਲੀ ਨੂੰ ਸਾਂਭਿਆ ਹੋਇਆ ਹੈ- ਬਾਬੂ ਸਿੰਘ ਮਾਨ
ਮੈਨੂੰ ਹੀਰ ਵਾਰਿਸ ਤੇ ਸੱਤੇ ਬਲਵੰਡ ਦੀ ਵਾਰ ਦੀ ਸੰਥਿਆ ਮਿਲੀ ਹੈ- ਰੱਬੀ ਸ਼ੇਰਗਿੱਲ
ਸੁਖਜਿੰਦਰ ਮਾਨ
ਬਠਿੰਡਾ,27 ਦਸੰਬਰ: ਸਥਾਨਕ ਟੀਚਰਜ਼ ਹੋਮ ਵਿਖੇ ਚੱਲ ਰਹੇ ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਅੱਜ ਤੀਜੇ ਦਿਨ ਦੀ ਸ਼ੁਰੂਆਤ ਵਾਰਿਸ ਸ਼ਾਹ ਦੀਆਂ ਤਿੰਨ ਸਦੀਆਂ ਦੇ ਜਸ਼ਨ ਵਜੋਂ ਉਲੀਕੀਆਂ ਗਈਆਂ ਤਿੰਨ ਸੰਵਾਦੀ ਬੈਠਕਾਂ ਨਾਲ ਹੋਈ। ਪਹਿਲੀ ਬੈਠਕ ਵਿਚ ਮਸ਼ਹੂਰ ਲੋਕ ਗੀਤਕਾਰ ਬਾਬੂ ਸਿੰਘ ਮਾਨ ਨੇ ਆਪਣੇ ਹੀਰ-ਰਾਂਝੇ ਬਾਰੇ ਲਿਖੇ ਸੱਤਰ ਕੁ ਗੀਤਾਂ ਦੇ ਹਵਾਲੇ ਨਾਲ ਲੋਕ ਮਨਾ ਦੀ ਮਹਿਮਾਂ ਕਰਦਿਆਂ ਆਪਣੀ ਗੱਲ ਰੱਖੀ। ਕਵੀਸ਼ਰਾਂ, ਢਾਡੀਆਂ, ਰਾਸਧਾਰੀਆਂ ਤੇ ਚਿੱਠਿਆਂ, ਪ੍ਰਸੰਗਾਂ ਨਾਲ ਹੋਈ ਆਪਣੀ ਤਰਬੀਅਤ ਦਾ ਜ਼ਿਕਰ ਕੀਤਾ। ਪ੍ਰੋਫੈਸਰ ਰਾਜਿੰਦਰ ਪਾਲ ਸਿੰਘ ਬਰਾੜ ਨੇ ਕਿਹਾ ਕਿ ਪੰਜਾਬੀ ਸਭਿਆਚਾਰ ਦਾ ਪ੍ਰਧਾਨ ਕਲਾ ਰੂਪ ਗੀਤ ਹਨ ਪਰ ਸਾਡੇ ਸਾਹਿਤ ਆਲੋਚਨਾ ਦੇ ਪਿੜ ਵਿੱਚੋਂ ਇਹ ਲਗਭਗ ਖਾਰਿਜ ਕਰ ਦਿੱਤੇ ਗਏ ਹਨ। ਜਦੋਂਕਿ ਇਹਨਾਂ ਦੇ ਜ਼ਰੀਏ ਪਰਪੱਕ ਭਾਵਨਾਵਾਂ ਅਤੇ ਬਿਰਤੀਆਂ ਦਾ ਬਿਆਨ ਕੀਤਾ ਮਿਲਦਾ ਹੈ। ਅਦਾਰਾ 23 ਮਾਰਚ ਦੇ ਡਾਇਰੈਕਟਰ ਡਾ. ਸੁਮੇਲ ਸਿੰਘ ਸਿੱਧੂ ਨੇ ਹੀਰ ਵਾਰਿਸ ਵਿਚ ਹੀਰ ਦੀ ਬਗਾਵਤ ਨੂੰ ਵੀਹਵੀਂ ਸਦੀ ਦੀ ਲੋਕ ਗੀਤਕਾਰੀ ਵਿੱਚੋਂ ਸਿਰਫ ਬੇਬਸੀ ਤੱਕ ਘਟਾ ਲੈਣ ਦੇ ਵਰਤਾਰੇ ਦਾ ਜ਼ਿਕਰ ਕੀਤਾ। ਇਸ ਤੋਂ ਪਹਿਲਾਂ ਸੰਸਥਾ ਪੀਪਲਜ਼ ਫੋਰਮ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਮਹਿਮਾਨਾ ਦਾ ਸਵਾਗਤ ਕੀਤਾ।ਫੈਸਟੀਵਲ ਦੂਜੇ ਸ਼ੈਸ਼ਨ ਵਿਚ ਪੰਜਾਬੀ ਕਵੀ ਵਿਜੇ ਵਿਵੇਕ ਦੇ ਬੈਤਾਂ ਦਾ ਜ਼ਿਕਰ ਖਾਸ ਕੀਤਾ ਗਿਆ। ਵਾਰਿਸ ਸ਼ਾਹੀ ਜ਼ਮੀਨ ‘ਤੇ ਵਗਦਿਆਂ ਵਿਜੇ ਵਿਵੇਕ ਦੇ ਸੁਚੇਤ ਪੱਧਰ ‘ਤੇ ਵਾਰਿਸ ਸ਼ਾਹ ਦੇ ਛੰਦ, ਪਾਤਰ ਅਤੇ ਨਿਭਾਅ ਨੂੰ ਮੌਲਿਕ ਢੰਗ ਨਾਲ ਉਲੀਕਣ ‘ਤੇ ਵਿਸ਼ੇਸ਼ ਚਰਚਾ ਹੋਈ। ਗ਼ਜ਼ਲਗੋ ਗੁਰਤੇਜ ਕੋਹਾਰਵਾਲਾ ਅਤੇ ਸੁਖਜਿੰਦਰ ਨੇ ਵਿਜੇ ਦੀ ਸ਼ਾਇਰੀ ਵਿਚ ਬਿਰਹਾ ਅਤੇ ਵਿਜੋਗ ਦੇ ਤੱਤ ਦਾ ਉਚੇਚਾ ਜ਼ਿਕਰ ਕੀਤਾ।ਤੀਜੇ ਸ਼ੈਸ਼ਨ ਵਿਚ, ‘ਪੰਜਾਬ-ਪਿਆਰ ਦੀ ਵੰਗਾਰ ਅਤੇ ਸਾਡੀਆਂ ਸਿਆਣਪਾ’ ਉਪਰ ਮਸ਼ਹੂਰ ਗਾਇਕ-ਗੀਤਕਾਰ ਰੱਬੀ ਸ਼ੇਰਗਿੱਲ ਨਾਲ ਇਤਿਹਾਸਕਾਰ ਡਾ. ਸੁਮੇਲ ਸਿੰਘ ਸਿੱਧੂ ਦੀ ਸੰਵਾਦੀ ਬੈਠਕ ਹੋਈ। ਰੱਬੀ ਸ਼ੇਰਗਿੱਲ ਨੇ ਦੇਸੀ ਪੰਜਾਬੀ ਦੀ ਨਫਾਸਤ ਅਤੇ ਰਮਜ਼ ਨੂੰ ਆਪਣੀ ਕਲਾ ਸਿਰਜਣਾ ਦੀ ਬੁਨਿਆਦ ਦੱਸਿਆ। ਇਸ ਭਾਸ਼ਾ ਦੀ ਤਾਕਤ ਅਤੇ ਸਮਰੱਥਾ ਨੂੰ ਬਣਾਉਟੀ ਢੰਗ ਨਾਲ ਵਿਸਾਰਨ- ਵਿਗਾੜਣ ਦੇ ਵਰਤਾਰੇ ਨੂੰ ਪੰਜਾਬ ਲਈ ਸਭ ਤੋਂ ਵੱਡਾ ਖਤਰਾ ਦੱਸਿਆ।ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਤੀਜੇ ਦਿਨ ਦੇ ਆਖਰੀ ਸ਼ੈਸ਼ਨ ਵਿਚ ਦਸਤਕ ਮੰਚ ਜਲੰਧਰ ਵੱਲੋਂ ‘ਬਰੂਨੋ’ ਅਤੇ ‘ਗੇਟਕੀਪਰ’ ਦਾ ਸ਼ੋਅ ਦਿਖਾਇਆ ਗਿਆ। ਇਸ ਫਿਲਮ ਉਪਰ ਹੋਈ ਵਿਚਾਰ ਚਰਚਾ ਵਿਚ ਗੁਰਪੰਥ ਗਿੱਲ, ਦੀਪ ਜਗਦੀਪ, ਮਨਦੀਪ ਮਹਿਰਮ ਅਤੇ ਰਾਜਿੰਦਰ ਜਿਧਾ ਨੇ ਹਿੱਸਾ ਲਿਆ।ਫੈਸਟੀਵਲ ਵਿਚ ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਵੱਲੋਂ ਲਗਾਈ ਵਿਰਾਸਤੀ ਪ੍ਰਦਰਸ਼ਨੀ, ਗਰੀਨ ਐਨਰਜੀ ਫਾਰਮ ਦੀ ਅਮਰੂਦ ਬਰਫੀ, ਬਰਗਾੜੀ ਗੁੜ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ।ਇਸ ਮੌਕੇ ਹੋਰਨਾ ਤੋਂ ਇਲਾਵਾ ਡਾ. ਚਰਨਜੀਤ ਕੌਰ, ਗੁਰਪ੍ਰੀਤ ਸਿੱਧੂ, ਲਾਭ ਸਿੰਘ ਖੀਵਾ, ਲਛਮਣ ਮਲੂਕਾ, ਰਣਜੀਤ ਗੌਰਵ, ਜਸਪਾਲ ਮਾਨਖੇੜਾ ਆਦਿ ਹਾਜ਼ਰ ਸਨ।
Share the post "ਲਿਟਰੇਰੀ ਫੈਸਟੀਵਲ, ਮਾਂ ਬੋਲੀ ਤੋਂ ਤੋੜ ਵਿਛੋੜਾ ਪੰਜਾਬੀ ਰਹਿਤਲ ਲਈ ਸਭ ਤੋਂ ਵੱਡਾ ਖਤਰਾ"