ਖੇਤਾ ਸਿੰਘ ਬਸਤੀ ਵਿਖੇ ਕੀਤਾ “ਆਮ ਆਦਮੀ ਕਲੀਨਕ” ਦਾ ਉਦਘਾਟਨ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 15 ਅਗਸਤ: ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪਿੰਡ ਪੱਧਰ ਤੇ ਦੇਣ ਦੇ ਉਦੇਸ਼ ਨਾਲ ਸੂਬੇ ਚ ਪਹਿਲੇ ਪੜਾਅ ਚ 75 “ਆਮ ਆਦਮੀ ਕਲੀਨਿਕ” ਖੋਲ੍ਹੇ ਗਏ ਹਨ, ਜੋ ਕਿ ਪੰਜਾਬ ਸਰਕਾਰ ਦੇ ਸਿਹਤਮੰਦ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ ਨੇ ਸਥਾਨਕ ਖੇਤਾ ਸਿੰਘ ਬਸਤੀ ਵਿਖੇ “ਆਮ ਆਦਮੀ ਕਲੀਨਿਕ” ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਇਸ ਮੌਕੇ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਅੱਜ ਦੇ ਇਸ ਮਹਾਨ ਦਿਨ ਉਨ੍ਹਾਂ ਸਾਰੇ ਪੰਜਾਬੀਆਂ ਨੂੰ ਯਾਦ ਕਰਦਾ ਹਾਂ, ਜਿਨ੍ਹਾਂ ਨੇ ਆਜ਼ਾਦੀ ਵੇਲੇ ਹੋਈ ਦੇਸ਼ ਦੀ ਵੰਡ ਸਮੇਂ ਸ਼ਹੀਦੀਆਂ ਦਿੱਤੀਆਂ, ਘਰੋਂ ਬੇਘਰ ਹੋਏ ਤੇ ਆਪਣਿਆਂ ਦੇ ਵਿਛੜਣ ਦੇ ਤਸੀਹੇ ਸਹੇ। ਦੇਸ਼ ਦੀ ਵੰਡ ਦੇ ਦੌਰਾਨ ਸਾਡੇ ਪੰਜਾਬੀਆਂ ਨੇ ਜੋ ਕੀਮਤ ਚੁਕਾਈ ਹੈ, ਉਹ ਕਦੇ ਭੁਲਾਈ ਨਹੀਂ ਜਾ ਸਕਦੀ।
ਇਸ ਦੌਰਾਨ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਨਿਰੰਤਰ ਹੰਭਲੇ ਮਾਰੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ “ਆਮ ਆਦਮੀ ਕਲੀਨਕ” ਸਹਾਈ ਸਿੱਧ ਹੋਣਗੇ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਬੁਲਾਰੇ ਤੇ ਜੁਆਇੰਟ ਸੈਕਟਰੀ ਸ੍ਰੀ ਨੀਲ ਗਰਗ, ਟ੍ਰੇਡ ਵਿੰਗ ਦੇ ਸੂਬਾ ਪ੍ਰਧਾਨ ਸ਼੍ਰੀ ਅਨਿੱਲ ਠਾਕੁਰ, ਸੂਬਾ ਬੁਲਾਰਾ ਤੇ ਲੀਗਲ ਸੈਲ ਦੇ ਵਾਈਸ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ, ਲੋਕ ਸਭਾ ਇਚਾਰਜ ਸ਼੍ਰੀ ਰਾਕੇਸ਼ ਪੁਰੀ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ਼੍ਰੀ ਅਮ੍ਰਿਤਲਾਲ ਅਗਰਵਾਲ, ਦਿਹਾਤੀ ਪ੍ਰਧਾਨ ਸ਼੍ਰੀ ਗੁਰਜੰਟ ਸਿਵੀਆ, ਬੀਸੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਮੈਡਮ ਮਨਦੀਪ ਕੌਰ ਰਾਮਗੜੀਆ, ਜ਼ਿਲ੍ਹਾ ਯੂਥ ਪ੍ਰਧਾਨ ਅਮਰਦੀਪ ਰਾਜਨ ਆਦਿ ਸਖ਼ਸ਼ੀਅਤਾਂ ਹਾਜ਼ਰ ਸਨ।
Share the post "ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਗੇ “ਆਮ ਆਦਮੀ ਕਲੀਨਿਕ” : ਜਗਰੂਪ ਸਿੰਘ ਗਿੱਲ"