ਸੁਖਜਿੰਦਰ ਮਾਨ
ਬਠਿੰਡਾ, 10 ਦਸੰਬਰ :ਅੱਜ ਲੋਕ ਮੋਰਚਾ ਪੰਜਾਬ ਦੀ ਬਠਿੰਡਾ ਇਕਾਈ ਵੱਲੋਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਸਥਾਨਕ ਟੀਚਰਜ਼ ਹੋਮ ਵਿਖੇ ਕਨਵੈਨਸ਼ਨ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਠੇਕਾ ਕਾਮਿਆਂ ਨੇ ਹਿੱਸਾ ਲਿਆ। ਕਨਵੈਨਸ਼ਨ ਦੌਰਾਨ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੀ ਸੂਬਾ ਕਮੇਟੀ ਮੈਂਬਰ ਸ਼ੀਰੀਂ ਨੇ ਕਿਹਾ ਕਿ 10ਦਸੰਬਰ 1948ਨੂੰ ਦੂਜੀ ਸੰਸਾਰ ਜੰਗ ਪਿੱਛੋਂ ਹੋਂਦ ਚ ਆਈ ਯੂ ਐਨ ਓ ਨੇ ਕੌਮਾਂਤਰੀ ਮਨੁੱਖੀ ਅਧਿਕਾਰਾਂ ਦਾ ਐਲਾਨਨਾਮਾ ਜਾਰੀ ਕੀਤਾ ਜਿਸ ਚ ਰਾਜਨੀਤਕ ਸਿਵਲ ਅਧਿਕਾਰਾਂ, ਆਰਥਿਕ, ਸਮਾਜਿਕ, ਸਭਿਆਚਾਰਕ ਹੱਕਾਂ ਨੂੰ ਸ਼ਾਮਲ ਕੀਤਾ ਗਿਆ। ਦੁਨੀਆਂ ਦੇ ਅਨੇਕਾਂ ਮੁਲਕਾਂ ਨੇ ਭਾਵੇਂ ਰਸਮੀ ਤੌਰ ਤੇ ਇਸ ਐਲਾਨਨਾਮੇ ਨੂੰ ਸਵੀਕਾਰ ਕੀਤਾ ਹੈ ਪ੍ਰੰਤੂ ਅੱਡ2 ਮੁਲਕਾਂ ਚ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਹੋ ਰਹੀਆਂ ਹਨ।ਸਾਮਰਾਜੀ ਹੱਲੇ ਨੇ ਭਾਰਤੀ ਸਮਾਜ ਅੰਦਰ ਪਹਿਲਾਂ ਤੋਂ ਮੌਜੂਦ ਵਿਤਕਰਿਆ ਅਤੇ ਦਾਬੇ ਨੂੰ ਤਕੜਾ ਕੀਤਾ ਹੈ ਅਤੇ ਸਾਮਰਾਜੀ ਸੰਸਾਰੀਕਰਨ ਹੇਠ ਔਰਤਾਂ, ਦਲਿਤਾਂ ਆਦਿਵਾਸੀਆਂ ਘੱਟ ਗਿਣਤੀਆਂ ਅਤੇ ਕਿਰਤੀ ਲੋਕਾਂ ਦੇ ਮਨੁੱਖੀ ਅਧਿਕਾਰ ਹੋਰ ਵਧੇਰੇ ਲਿਤਾੜੇ ਗਏ ਹਨ। ਫਿਰਕਾਪ੍ਰਸਤੀ ਮਨੁੱਖੀ ਅਧਿਕਾਰਾਂ ਨੂੰ ਕੁਚਲਣ ਦਾ ਵੱਡਾ ਸਾਧਨ ਬਣਕੇ ਉਭਰੀ ਹੈ।ਰਾਜ ਵੱਲੋਂ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਕਾਨੂੰਨੀ ਸਰਪ੍ਰਸਤੀ ਹਾਸਲ ਹੈ ਅਤੇ ਯੂ ਏ ਪੀ ਏ,ਅਫਸਪਾ ਵਰਗੇ ਅਨੇਕਾਂ ਕਾਲੇ ਕਾਨੂੰਨ ਹੱਕੀ ਅਵਾਜ਼ਾਂ ਨੂੰ ਦਬਾਉਣ ਲਈ ਵਰਤੇ ਜਾ ਰਹੇ ਹਨ। ਮੋਰਚੇ ਦੇ ਸੂਬਾ ਸਕੱਤਰ ਜਗਮੇਲ ਸਿੰਘ, ਅਤੇ ਸੂਬਾ ਕਮੇਟੀ ਮੈਂਬਰ ਸ਼੍ਰੀ ਗੁਰਦੀਪ ਖੁੱਡੀਆਂ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦਾ ਸੰਘਰਸ ਇਸ ਸਮਾਜ ਦੇ ਜਮਹੂਰੀਕਰਨ ਦੇ ਸੰਘਰਸ ਨਾਲ ਜੁੜਿਆ ਹੋਇਆ ਹੈ ਅਤੇ ਉਸਦਾ ਅੰਗ ਹੈ।ਲੋਕਾਂ ਦੀ ਪ੍ਰਬੰਧ ਅੰਦਰ ਸਰਗਰਮ ਦਖਲ ਅੰਦਾਜੀ ਹੀ ਮਨੁੱਖੀ ਅਧਿਕਾਰਾਂ ਦੀ ਸਲਾਮਤੀ ਦੀ ਜਾਮਨੀ ਕਰ ਸਕਦੀ ਹੈ।ਇਸ ਮੌਕੇ ਕਨਵੈਨਸ਼ਨ ਵੱਲੋਂ ਕਾਲੇ ਕਾਨੂੰਨ ਰੱਦ ਕਰਨ, ਬੁੱਧੀਜੀਵੀਆਂ, ਜਮਹੂਰੀ ਹੱਕਾਂ ਦੇ ਕਾਰਕੁਨਾਂ,ਸਿਆਸੀ ਕੈਦੀਆਂ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਰਿਹਾਅ ਕਰਨ, ਨਿੱਜੀਕਰਨ ਦੀ ਨੀਤੀ ਰੱਦ ਕਰਨ, ਫਿਰਕੂ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਅਤੇ ਕੌਮੀਅਤਾਂ ਨੂੰ ਸਵੈਨਿਰਣੇ ਦਾ ਹੱਕ ਦੇਣ ਦੀ ਮੰਗ ਕੀਤੀ। ਹਾਜਰ ਇਕੱਠ ਵੱਲੋਂ ਭੋਪਾਲ ਦੇ ਇਕ ਕਾਲਜ ਵਿਚ ਹਿੰਦੂ ਸ਼ਾਵਨਵਾਦ ਦਾ ਜ਼ਿਕਰ ਕਰਦੀ ਇੱਕ ਕਿਤਾਬ ਪੜ੍ਹਾਏ ਜਾਣ ਤੇ ਸਬੰਧਤ ਲੇਖਿਕਾ ਅਤੇ ਕਾਲਜ ਦੇ ਪ੍ਰੋਫੈਸਰਾਂ ਨੂੰ ਗ੍ਰਿਫ਼ਤਾਰ ਕਰਨ ਸਬੰਧੀ ਅਤੇ ਇਰਾਨ ਅੰਦਰ ਹਿਜਾਬ ਸਬੰਧੀ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੇ ਮੋਹਸੇਨ ਸ਼ੇਕਰੀ ਨੂੰ ਦਿੱਤੀ ਫਾਂਸੀ ਦੀ ਸਜ਼ਾ ਸਬੰਧੀ ਨਿਖੇਧੀ ਮਤੇ ਪਾਸ ਕੀਤੇ ਗਏ।ਇਸ ਮੌਕੇ ਨਿਰਮਲ ਸਿੰਘ ਸਿਵੀਆ ਨੇ ਇਨਕਲਾਬੀ ਗੀਤ ਪੇਸ਼ ਕੀਤਾ ਅਤੇ ਸਟੇਜ ਸਕੱਤਰ ਦੀ ਭੂਮਿਕਾ ਜ਼ਿਲ੍ਹਾ ਸਕੱਤਰ ਸ੍ਰੀ ਸੁਖਵਿੰਦਰ ਸਿੰਘ ਨੇ ਨਿਭਾਈ।
ਲੋਕ ਮੋਰਚਾ ਪੰਜਾਬ ਵਲੋਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਕਨਵੈਨਸ਼ਨ
3 Views