ਡੀ ਸੀ ਖਿਲਾਫ ਵਿਭਾਗੀ ਕਾਰਵਾਈ ‘ਤੇ ਹੋਰ ਮੰਗਾਂ ਨੂੰ ਲੈਕੇ ਇੱਕ ਅਪ੍ਰੈਲ ਨੂੰ ਮੁਕਤਸਰ ‘ਚ ਸੂਬਾਈ ਪ੍ਰਦਰਸ਼ਨ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 30 ਮਾਰਚ: ਲੰਬੀ ਵਿਖੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਉੱਪਰ ਹੋਏ ਲਾਠੀਚਾਰਜ ਅਤੇ ਮੌਜੂਦਾ ਸਮੇਂ ਮਾਲ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹੜਤਾਲ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਜ਼ਿੰਮੇਵਾਰ ਹਨ ਜਿਨ੍ਹਾਂ ਖਿਲਾਫ ਤੁਰੰਤ ਸਖਤ ਵਿਭਾਗੀ ਕੀਤੀ ਜਾਵੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਕੀਤਾ ਗਿਆ। ਉਹਨਾਂ ਐਲਾਨ ਕੀਤਾ ਕਿ ਡਿਪਟੀ ਕਮਿਸ਼ਨਰ ਮੁਕਤਸਰ ਸਾਹਿਬ ਅਤੇ ਡੀ ਐਸ ਪੀ ਮਲੋਟ ਜਸਪਾਲ ਸਿੰਘ ਉਪਰ ਸਖਤ ਕਾਰਵਾਈ ਕਰਨ , ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸਮੇਤ ਵੱਖ ਵੱਖ ਜ਼ਿਲ੍ਹਿਆਂ ਚ ਨਰਮਾ ਖਰਾਬੇ ਦਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਤੁਰੰਤ ਮੁਆਵਜ਼ਾ ਦੇਣ ਅਤੇ ਲੰਬੀ ਵਿਖੇ ਕਿਸਾਨਾਂ ਮਜ਼ਦੂਰਾਂ ਤੇ ਦਰਜ਼ ਕੇਸ ਵਾਪਸ ਲੈਣ ਆਦਿ ਮੰਗਾਂ ਨੂੰ ਲੈਕੇ ਮੁਕਤਸਰ ਸਾਹਿਬ ਵਿਖੇ ਮਾਲਵਾ ਖੇਤਰ ਦਾ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ।
ਉਹਨਾਂ ਡਿਪਟੀ ਕਮਿਸ਼ਨਰ ਮੁਕਤਸਰ ਉੱਪਰ ਗੰਭੀਰ ਦੋਸ਼ ਲਾਏ ਕਿ ਕੱਲ੍ਹ ਮਾਲ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਧਰਨੇ ਚ ਬੈਠ ਕੇ ਉਹਨਾਂ ਵੱਲੋਂ ਨਾਹਰੇ ਲਾਉਣੇ ਅਤੇ ਇਸ ਤੋਂ ਪਹਿਲਾਂ ਮੁਆਵਜ਼ੇ ਦੇ ਹੱਕਦਾਰ ਕਿਸਾਨਾਂ ਨੂੰ ਅਣਗੌਲਿਆਂ ਕਰਕੇ ਜਿਲੇ ਦੇ ਸਿਰਫ ਅੱਧੀ ਦਰਜਨ ਪਿੰਡਾਂ ਨੂੰ ਹੀ ਗੁਲਾਬੀ ਸੁੰਡੀ ਕਾਰਨ ਨਰਮੇ ਦੇ ਹੋਏ ਨੁਕਸਾਨ ਚ ਸ਼ਾਮਲ ਕਰਨਾ,ਪਰ ਉਹਨਾਂ ਨੂੰ ਵੀ ਫੁੱਟੀ ਕੌਡੀ ਮੁਆਵਜ਼ਾ ਨਾ ਦੇਣਾ, ਨਰਮਾ ਚੁਗਣ ਵਾਲੇ ਮਜ਼ਦੂਰਾਂ ਦੀ ਸ਼ਨਾਖਤ ਲਈ ਸਰਕਾਰੀ ਹਦਾਇਤਾਂ ਨੂੰ ਉਲੰਘ ਕੇ ਨਰਮਾ ਉਤਪਾਦਕ ਕਿਸਾਨਾਂ ਕੋਲੋਂ ਸਹੀ ਪਵਾਉਣ ਅਤੇ ਮੁਆਵਜ਼ਾ ਸੂਚੀ ਚੋਂ ਬਾਹਰ ਛੱਡੇ ਕਿਸਾਨਾਂ ਕੋਲੋਂ ਜੇ ਫਾਰਮ ਜਮ੍ਹਾਂ ਕਰਵਾਉਣ ਵਰਗੀਆਂ ਬੇਲੋੜੀ ਸ਼ਰਤ ਮੜ੍ਹਕੇ ਉਹਨਾਂ ਵੱਲੋਂ ਕਿਸਾਨਾਂ ਮਜ਼ਦੂਰਾਂ ਨੂੰ ਸੰਘਰਸ਼ ਲਈ ਮਜਬੂਰ ਕੀਤਾ ਗਿਆ। ਉਹਨਾਂ ਦੱਸਿਆ ਕਿ 28 ਮਾਰਚ ਨੂੰ ਕਿਸਾਨਾਂ ਮਜ਼ਦੂਰਾਂ ਵੱਲੋਂ ਨਾਇਬ ਤਹਿਸੀਲਦਾਰ ਲੰਬੀ ਦੇ ਘਿਰਾਓ ਸਮੇਂ ਡਿਪਟੀ ਕਮਿਸ਼ਨਰ ਮੁਕਤਸਰ ਵੱਲੋਂ ਯੂਨੀਅਨ ਦੇ ਸੂਬਾ ਆਗੂ ਸ਼ਿੰਗਾਰਾ ਸਿੰਘ ਮਾਨ ਨਾਲ਼ ਗੱਲਬਾਤ ਕਰਨ ਦਾ ਅਮਲ ਚਲਾਇਆ ਗਿਆ ਤੇ ਦੂਜੇ ਪਾਸੇ ਕਿਸਾਨਾਂ ਮਜ਼ਦੂਰਾਂ ਉਤੇ ਨਾਂ ਸਿਰਫ ਪੁਲਿਸ ਵੱਲੋਂ ਲਾਠੀਚਾਰਜ ਕਰਵਾਇਆ ਗਿਆ ਸਗੋਂ ਡੀ ਸੀ ਦਫ਼ਤਰ ਦੇ ਮੁਲਾਜ਼ਮਾਂ ਨੂੰ ਵੀ ਉਕਸਾਕੇ ਕਿਸਾਨਾਂ ਮਜ਼ਦੂਰਾਂ ਤੇ ਹਮਲਾ ਕਰਵਾਇਆ ਗਿਆ। ਉਹਨਾਂ ਕਿਹਾ ਕਿ ਘਿਰਾਓ ਦੌਰਾਨ ਪਟਵਾਰੀਆਂ ਤੇ ਹੋਰ ਅਮਲੇ ਨੂੰ ਕਿਸਾਨ ਆਗੂਆਂ ਵੱਲੋਂ ਘਰ ਜਾਣ ਦੀ ਆਗਿਆ ਦੇ ਦਿੱਤੀ ਸੀ ਪਰ ਉਹ ਡੀ ਸੀ ਤੇ ਹੋਰ ਅਧਿਕਾਰੀਆਂ ਦੇ ਦਬਾਅ ਕਾਰਨ ਨਾਂ ਸਿਰਫ ਕਿਸਾਨ ਆਗੂਆਂ ਦੇ ਕਹਿਣ ਤੇ ਬਾਹਰ ਨਹੀਂ ਆਏ ਸਗੋਂ ਪਟਵਾਰੀ ਯੂਨੀਅਨ ਦੇ ਆਗੂਆਂ ਦੇ ਕਹਿਣ ਤੇ ਬਾਹਰ ਨਹੀਂ ਆਏ। ਉਹਨਾਂ ਕਿਹਾ ਕਿ ਇਸ ਘਿਰਾਓ ਦੌਰਾਨ ਮੁਲਾਜ਼ਮਾਂ ਨਾਲ਼ ਕਿਸੇ ਕਿਸਮ ਦਾ ਦੁਰ ਵਿਵਹਾਰ ਨਹੀਂ ਕੀਤਾ ਗਿਆ। ਉਹਨਾਂ ਕਿਹਾ ਉੱਚ ਅਫ਼ਸਰਸ਼ਾਹੀ ਤੇ ਸਰਕਾਰ ਮੁਲਾਜ਼ਮਾਂ ਨੂੰ ਮੋਹਰਾ ਬਣਾ ਕੇ ਕਿਸਾਨਾਂ ਤੇ ਮੁਲਾਜ਼ਮਾਂ ਦਾ ਟਕਰਾਅ ਖੜ੍ਹਾ ਕਰਕੇ ਪਾੜੋ ਤੇ ਰਾਜ ਕਰੋ ਦੀ ਨੀਤੀ ‘ਤੇ ਚੱਲ ਰਹੀ ਹੈ। ਉਹਨਾਂ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਹੜਤਾਲ ਵਾਪਸ ਲੈਕੇ ਹੱਕੀ ਸੰਘਰਸ਼ ਕਰ ਰਹੇ ਕਿਸਾਨਾਂ ਮਜਦੂਰਾਂ ਦਾ ਸਾਥ ਦੇਣ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੋਂ ਇਲਾਵਾ ਕਿਸਾਨ ਆਗੂ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ ਤੇ ਰੂਪ ਸਿੰਘ ਛੰਨਾ ਵੀ ਮੌਜੂਦ ਸਨ। ਉਹਨਾਂ ਦੱਸਿਆ ਕਿ ਇਸ ਸਮੁੱਚੇ ਦੇ ਹੱਲ ਲਈ ਉਹਨਾਂ ਵੱਲੋਂ ਲੰਬੀ ਹਲਕੇ ਦੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨਾਲ਼ ਮੁਲਾਕਾਤ ਕੀਤੀ ਗਈ ਹੈ ਜਿਹਨਾਂ ਵੱਲੋਂ ਸਭਨਾਂ ਮਸਲਿਆਂ ਦੇ ਹੱਲ ਦਾ ਭਰੋਸਾ ਦਿੱਤਾ ਗਿਆ।
Share the post "ਲੰਬੀ ਲਾਠੀਚਾਰਜ ਤੇ ਮਾਲ ਵਿਭਾਗ ਦੀ ਹੜਤਾਲ ਲਈ ਡਿਪਟੀ ਕਮਿਸ਼ਨਰ ਮੁਕਤਸਰ ਜ਼ਿੰਮੇਵਾਰ: ਉਗਰਾਹਾਂ"