ਅੰਤਿਮ ਸੰਸਕਾਰ ਮੌਕੇ ਤਿਲ ਸੁੱਟਣ ਜੋਗੀ ਨਹੀਂ ਸੀ ਬਚੀ ਜਗ੍ਹਾਂ
ਮਾਂ ਨੇ ਅਪਣੇ ਜਵਾਨ ਪੁੱਤ ਨੂੰ ਸਿਹਰਾ ਸਜ਼ਾ ਕੇ ਕੀਤਾ ਰਵਾਨਾ
ਖੇਤਾਂ ਦਾ ਪੁੱਤ ਆਖ਼ਰ ਅਪਣੇ ਖੇਤਾਂ ’ਚ ਹੀ ਹੋਇਆ ਮਿੱਟੀ
ਸੁਖਜਿੰਦਰ ਮਾਨ
ਮਾਨਸਾ, 31 ਮਈ: 29 ਮਈ ਨੂੰ ਪਿੰਡ ਜਵਾਹਰਕੇ ’ਚ ਦਿਨ-ਦਿਹਾੜੇ ਕਤਲ ਕੀਤੇ ਪੰਜਾਬੀ ਦੇ ਉੱਘੇ ਗਾਇਕ ਸਿੱਧੂ ਮੂਸੇਵਾਲਾ ਉਰਫ਼ ਸੁਭਦੀਪ ਸਿੰਘ ਸਿੱਧੂ ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਮੂਸਾ ਵਿਖੇ ਲੱਖਾਂ ਸ਼ੇਜਲ ਅੱਖਾਂ ਵਲੋਂ ਅੰਤਿਮ ਵਿਦਾਈ ਦਿੱਤੀ ਗਈ। ਦੂਰ-ਦੂਰ ਵੱਡੀ ਤਾਦਾਦ ਵਿਚ ਅਪਣੇ ਮਹਿਬੂਬ ਨੌਜਵਾਨ ਗਾਇਕ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਵਾਲਿਆਂ ਦੀ ਲੜੀ ਦੁਪਿਹਰ ਤੱਕ ਵੀ ਜਾਰੀ ਰਹੀ, ਜਿਸ ਕਾਰਨ ਅੰਤਿਮ ਸੰਸਕਾਰ ਮੌਕੇ ਪਿੰਡ ਵਿਚ ਤਿਲ ਸੁੱਟਣ ਦੀ ਜਗ੍ਹਾਂ ਵੀ ਨਹੀਂ ਬਚੀ ਹੋਈ ਸੀ। ਸੋਹਰਤ ਦੀਆਂ ਬੁੁਲੰਦੀਆਂ ’ਤੇ ਪਹੁੰਚਣ ਦੇ ਬਾਵਜੂਦ ਅਪਣੇ ਪਿੰਡ ਦੀ ਮਿੱਟੀ ਨਾਲ ਜੁੜਿਆ ਰਿਹਾ ਇਹ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਗਾਇਕ ਅੱਜ ਆਖ਼ਰਕਾਰ ਅਪਣੇ ਖੇਤਾਂ ਦੀ ਮਿੱਟੀ ਵਿਚ ਹੀ ਮਿੱਟੀ ਹੋ ਗਿਆ। ਅਪਣੇ ਇਕਲੌਤੇ ਜਿਗਰ ਦੇ ਟੁਕੜੇ ਨੂੰ ਅੰਤਿਮ ਵਿਦਾਈ ਦੇਣ ਸਮੇਂ ਸਿੱਧੂ ਦੇ ਮਾਂ-ਬਾਪ ਦਾ ਵਿਰਲਾਪ ਕਿਸੇ ਤੋਂ ਝੱਲਿਆ ਨਹੀਂ ਜਾ ਰਿਹਾ ਸੀ। ਅਗਲੇ ਮਹੀਨੇ ਘੋੜੀ ਚੜ੍ਹਣ ਵਾਲੇ ਅਪਣੇ ਪੁੱਤ ਨੂੰ ਮਾਂ ਨੇ ਦਿਲ ’ਤੇ ਪੱਥਰ ਰੱਖ ਕੇ ਚਿਹਰੇ ’ਤੇ ਸਿਹਰਾ ਅਤੇ ਕਲਗੀ ਸਜ਼ਾ ਕੇ ਆਖ਼ਰੀ ਸਫ਼ਰ ਲਈ ਰਵਾਨਾ ਕੀਤਾ। ਵੱਡੀ ਗੱਲ ਇਹ ਵੀ ਸੀ ਕਿ ਦੁਨੀਆਂ ਦੇ ਕਿਸੇ ਵੱਡੇ ਸ਼ਹਿਰ ਵਿਚ ਅਪਣੀ ਰਿਹਾਇਸ਼ ਪਾਉਣ ਦੀ ਸਮਰੱਥਾ ਰੱਖਣ ਦੇ ਬਾਵਜੂਦ ਅਪਣੇ ਪਿੰਡ ਤੇ ਖੇਤਾਂ ਨੂੰ ਅੰਤਾਂ ਦਾ ਮੋਹ ਕਰਨ ਵਾਲੇ ਇਸ ਗਾਇਕ ਦਾ ਅੰਤਿਮ ਸੰਸਕਾਰ ਵੀ ਉਸਦੇ ਅਪਣੇ ਹੀ ਖੇਤਾਂ ਵਿਚ ਕੀਤਾ ਗਿਆ, ਜਿੱਥੇ ਉਹ ਅਕਸਰ ਵਿਹਲੇ ਸਮੇਂ ਟਰੈਕਟਰ ਚਲਾਉਂਦਾ ਨਜ਼ਰ ਆਉਂਦਾ ਸੀ। ਢਾਈ ਸਾਲ ਪਹਿਲਾਂ ਅਪਣੀ ਮਾਂ ਚਰਨਜੀਤ ਕੌਰ ਨੂੰ ਪਿੰਡ ਦੀ ਸਰਪੰਚੀ ਜਤਾ ਕੇ ਸਿਆਸਤ ਵੱਲ ਮੋੜਾ ਕੱਟਣ ਵਾਲੇ ਇਸ ਗਾਇਕ ਨੂੰ ਇਸ ਵਾਰ ਕਾਂਗਰਸ ਪਾਰਟੀ ਨੇ ਮਾਨਸਾ ਤੋਂ ਟਿਕਟ ਦਿੱਤੀ ਸੀ ਪ੍ਰੰਤੂ ਆਮ ਆਦਮੀ ਪਾਰਟੀ ਦੀ ਹਨੇਰੀ ਕਾਰਨ ਉਹ ਜਿੱਤ ਨਹੀਂ ਸਕਿਆ ਪ੍ਰੰਤੂ ਇਸਦੇ ਬਾਵਜੂਦ ਉਸਦਾ ਅਪਣੇ ਪਿੰਡ ਤੇ ਮਾਨਸਾ ਨਾਲੋਂ ਮੋਹ ਨਹੀਂ ਟੁੱਟਿਆ। ਇੱਕ ਆਮ ਘਰ ਵਿਚੋਂ ਉੱਠ ਕੇ ਬਹੁਤ ਥੋੜੀ ਉਮਰ ਵਿਚ ਗਾਇਕੀ ਦੇ ਖੇਤਰ ’ਚ ਪ੍ਰਸਿੱਧੀ ਦਾ ਸਿਖ਼ਰ ਛੋਹਣ ਵਾਲਾ ਸ਼ਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਇੱਕ ਆਮ ਪ੍ਰਵਾਰ ਨਾਲ ਸਬੰਧ ਰੱਖਦਾ ਸੀ, ਜਿਸਦਾ ਪਿਤਾ ਬਲਕੌਰ ਸਿੰਘ ਇੱਕ ਸਾਬਕਾ ਫ਼ੌਜੀ ਹੈ ਤੇ ਹੁਣ ਫ਼ਾਈਰ ਬਿ੍ਰਗੇਡ ਵਿਭਾਗ ਵਿਚ ਨੌਕਰੀ ਕਰਦਾ ਹੈ। ਆਮ ਘਰ ਤੇ ਆਮ ਜਿੰਦਗੀ ਜਿਊਣ ਵਾਲੇ ਸਿੱਧੂ ਮੂਸੇਵਾਲਾ ਨੂੰ ਥੋੜੇ ਸਾਲਾਂ ’ਚ ਮਿਹਨਤ ਦੇ ਚੱਲਦਿਆਂ ਇੰਨੀਂ ਪ੍ਰਸਿੱਧੀ ਤੇ ਕਮਾਈ ਹਾਸਲ ਹੋਈ ਕਿ ਹੁਣ ਉਹ ਕਰੋੜਾਂ ਰੁਪਏ ਟੈਕਸ ਭਰਦਾ ਸੀ। ਇਹੀਂ ਨਹੀਂ ਉਸਨੇ ਕੁੱਝ ਸਮਾਂ ਪਹਿਲਾਂ ਕਰੋੜਾਂ ਰੁਪਏ ਖ਼ਰਚ ਕਰਕੇ ਅਪਣੇ ਜੱਦੀ ਪਿੰਡ ਵਿਚ ਹੀ ਹਵੇਲੀ ਬਣਾਈ ਸੀ, ਜਿਸ ਵਿਚ ਉਹ ਕਰੀਬ ਤਿੰਨ ਹਫ਼ਤੇ ਪਹਿਲਾਂ ਹੀ ਪ੍ਰਵਾਰ ਨਾਲ ਸਿਫ਼ਟ ਹੋਇਆ ਸੀ ਤੇ ਹੁਣ ਇਸੇ ਹਵੇਲੀ ਵਿਚ ਉਸਦਾ ਪੂਰੇ ਚਾਵਾਂ ਨਾਲ ਅਗਲੇ ਮਹੀਨੇ ਵਿਆਹ ਰੱਖਿਆ ਹੋਇਆ ਸੀ। ਪ੍ਰੰਤੂ ਕਿਸਮਤ ਨੂੰ ਕੁੱਝ ਹੀ ਮੰਨਜੂਰ ਸੀ ਕਿ ਮਾਪਿਆਂ ਦਾ ਇਕਲੌਤਾ ਪੁੱਤਰ ਅਪਣੀ ਜਿੰਦਗੀ ਦੇ 29 ਸਾਲ ਪੂਰੇ ਹੋਣ ਤੋਂ 13 ਦਿਨ ਪਹਿਲਾਂ ਮਾੜੇ ਸਿਸਟਮ ਦੀ ਭੇਂਟ ਚੜ੍ਹ ਗਿਆ। ਸਿੱਧੂ ਮੂਸੇਵਾਲਾ ਦੀ ਮੌਤ ਨੇ ਹਰ ਪੰਜਾਬੀ ਨੂੰ ਵੱਡਾ ਸਦਮਾ ਲੱਗਿਆ ਹੈ ਬੇੱਸਕ ਉਹ ਦੇਸ ਵਿਚ ਬੈਠਾ ਹੋਇਆ ਸੀ ਜਾਂ ਫ਼ਿਰ ਵਿਦੇਸ਼ ਵਿਚ। ਇਸਦੇ ਨਾਲ ਹੀ ਗੈਂਗਸਟਰਾਂ ਵਲੋਂ ਉਸਦੇ ਦਿਨ-ਦਿਹਾੜੇ ਹੋਏ ਕਤਲ ਨੇ ਵੀ ਹਰ ਪੰਜਾਬੀ ਨੂੰ ਝੰਜੋੜਿਆ ਹੈ।
Share the post "ਲੱਖਾਂ ਸੇਜ਼ਲ ਅੱਖਾਂ ਨੇ ਅਪਣੇ ਮਹਿਬੂਬ ਗਾਇਕ ਸਿੱਧੂ ਮੂਸੇਵਾਲਾ ਨੂੰ ਦਿੱਤੀ ਅੰਤਿਮ ਵਿਦਾਈ"