ਸੁਖਜਿੰਦਰ ਮਾਨ
ਬਠਿੰਡਾ, 29 ਜੂਨ : ਅਪਣੇ ਵਿਲੱਖਣ ਪ੍ਰਦਰਸਨਾਂ ਲਈ ਜਾਣੇ ਜਾਂਦੇ ਲਾਈਨੋਪਾਰ ਇਲਾਕੇ ਦੇ ਸਾਬਕਾ ਕੋਂਸਲਰ ਵਿਜੇ ਕੁਮਾਰ ਨੇ ਅੱਜ ਪਿਛਲੇ ਕੁੱਝ ਦਿਨਾਂ ਤੋਂ ਸਬਜੀਆਂ ਤੇ ਖਾਸਕਰ ਟਮਾਟਰ ਦੇ ਭਾਅ ਵਿਚ ਹੋਏ ਬੇਹਤਾਸ਼ਾ ਵਾਧੇ ਵਿਰੁਧ ਅਨੌਖਾ ਪ੍ਰਦਰਸ਼ਨ ਕੀਤਾ। ਇਸਦੇ ਲਈ ਉਨ੍ਹਾਂ ਇਕ ਰਥ ਤਿਆਰ ਕੀਤਾ ਗਿਆ, ਜਿਸਨੂੰ ਟਮਾਟਰਾਂ ਦੇ ਹਾਰਾਂ ਨਾਲ ਸਿੰਗਾਰਿਆਂ ਗਿਆ ਤੇ ਇਸਨੂੰ ਸ਼ਹਿਰ ਦੀਆਂ ਸੜਕਾਂ ’ਤੇ ਤੋਰਿਆਂ। ਇਸਤੋਂ ਇਲਾਵਾ ਖੁਦ ਵੀ ਸਾਬਕਾ ਕੋਂਸਲਰ ਨੇ ਆਪਣੇ ਗਲ ਅਤੇ ਹੱਥਾਂ ਵਿਚ ਟਮਾਟਰਾਂ ਦੀ ਮਾਲਾ ਪਹਿਨੀ ਹੋਈ ਸੀ ਅਤੇ ਸਿਰ ਉਪਰ ਟਮਾਟਰਾਂ ਦਾ ਸਿਹਰਾ ਸਜਾਇਆ ਹੋਇਆ ਸੀ। ਇਸ ਮੌਕੇ ਅਪਣੇ ਹੱਥ ਵਿਚ ਨਕਲੀ ਪਿਸਤੌਲ ਫੜਕੇ ਰੱਥ ’ਤੇ ਬੈਠੇ ਹੋਏ ਸਾਬਕਾ ਕੋਂਸਲਰ ਹਰ ਇੱਕ ਦਾ ਧਿਆਨ ਅਪਣੇ ਵੱਲ ਖਿੱਚ ਰਹੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਪਿਸਤੌਲ ਇਸ ਲਈ ਨਾਲ ਰੱਖਿਆ ਹੋਇਆ ਸੀ ਤਾਂ ਕਿ ਟਮਾਟਰਾਂ ਨੂੰ ਕੋਈ ਰਾਸਤੇ ਵਿਚ ਖੋਹ ਨਾ ਸਕੇ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰਾਂ ਦੀ ਮਿਲੀਭੁਗਤ ਨਾਲ ਮੁਨਾਫ਼ਾਖੋਰ ਕਿਸਾਨਾਂ ਤੋਂ ਨਿਗੂਣੀਆਂ ਕੀਮਤਾਂ ’ਤੇ ਟਮਾਟਰ ਖ਼ਰੀਦ ਜਮਾਂ ਕਰ ਰਹੇ ਹਨ, ਜਿਸਦੇ ਕਾਰਨ ਟਮਾਟਰਾਂ ਦੇ ਰੇਟ ਵਿਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਬਜੀਆਂ ਦੀਆਂ ਕੀਮਤਾਂ ‘ਚ ਵਾਧੇ ਕਾਰਨ ਇੱਕ ਆਮ ਪ੍ਰਵਾਰ ਦੀ ਰਸੋਈ ਦਾ ਬਜਟ ਵਿਗੜ੍ਹ ਜਾਂਦਾ ਹੈ। ਜਿਸਦੇ ਚੱਲਦੇ ਸਰਕਾਰ ਨੂੰ ਤੁਰੰਤ ਮੁਨਾਫ਼ਾਖੋਰਾਂ ਤੇ ਜਮਾਂਖੋਰਾਂ ਵਿਰੁਧ ਸਖ਼ਤ ਕਰਵਾਈ ਕਰਨੀ ਚਾਹੀਦੀ ਹੈ। ਦਸਣਾ ਬਣਦਾ ਹੈ ਕਿ ਮੌਜੂਦਾ ਸਮੇਂ ਟਮਾਟਰ ਦੀ ਕੀਮਤ 90 ਤੋਂ 100 ਪ੍ਰਤੀ ਕਿੱਲੋ ਤੱਕ ਪੁੱਜੀ ਹੋਈ ਹੈ।
Share the post "ਵਧਦੀ ਮਹਿੰਗਾਈ ਵਿਰੁਧ ਸਾਬਕਾ ਕੌਂਸਲਰ ਨੇ ਕੀਤਾ ਅਨੋਖਾ ਪ੍ਰਦਰਸ਼ਨ, ਟਮਾਟਰਾਂ ਨਾਲ ਲੱਦਿਆ ਰਥ ਸੜਕਾਂ ’ਤੇ ਤੋਰਿਆਂ"