ਫੋਰਟਿਸ ਹਸਪਤਾਲ ਵਿਖੇ ਦਿਲ ਵਿੱਚ ਸੁਰਾਖ ਦਾ ਆਪ੍ਰੇਸ਼ਨ ਕਰਵਾਉਣ ਵਾਲੇ ਬੱਚੇ ਬਿਲਕੁੱਲ ਤੰਦਰੁਸਤ
ਨਥਾਣਾ ਸਿਹਤ ਵਿਭਾਗ ਦੀ ਟੀਮ ਨੇ ਕੀਤੀ ਸੀ ਦਿਲ ਦੇ ਰੋਗ ਦੀ ਪਛਾਣ
ਪੰਜਾਬੀ ਖ਼ਬਰਸਾਰ ਬਿਉਰੋ
ਨਥਾਣਾ, 18 ਜਨਵਰੀ: ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ (ਆਰ.ਬੀ.ਐਸ.ਕੇ.) ਪ੍ਰੋਗਰਾਮ ਅਧੀਨ ਸਿਹਤ ਵਿਭਾਗ ਬਲਾਕ ਨਥਾਣਾ ਦੇ ਜਿਨ੍ਹਾਂ ਦੋ ਬੱਚਿਆਂ ਦੇ ਦਿਲ ਵਿੱਚ ਸੁਰਾਖ ਦਾ ਫੌਰਟਿਸ ਹਸਪਤਾਲ ਮੁਹਾਲੀ ਵਿਖੇ ਮੁਫ਼ਤ ਆਪ੍ਰੇਸ਼ਨ ਕਰਵਾਇਆ ਗਿਆ ਸੀ, ਉਹ ਬੱਚੇ ਬਿਲਕੁੱਲ ਤੰਦਰੁਸਤ ਹਨ। ਨਥਾਣਾ ਸਿਹਤ ਵਿਭਾਗ ਦੀ ਟੀਮ ਨੇ ਦੋਵਾਂ ਬੱਚੀਆਂ ਦੀ ਜਾਂਚ ਕਰਦੇ ਹੋਏ ਇਸਦੀ ਪੁਸ਼ਟੀ ਕੀਤੀ। ਦੱਸਣਯੋਗ ਹੈ ਕਿ ਇੱਕ ਬੱਚੇ ਦੀ ਉਮਰ 15 ਸਾਲ ਤੇ ਦੂਜੇ ਬੱਚੇ ਦੀ ਉਮਰ ਢਾਈ ਸਾਲ ਹੈ। ਸੀਨੀਅਰ ਮੈਡੀਕਲ ਅਫ਼ਸਰ ਨਥਾਣਾ ਡਾ. ਸੰਦੀਪ ਸਿੰਗਲਾ ਨੇ ਦੱਸਿਆ ਕਿ ਨਥਾਣਾ ਵਿਖੇ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਪ੍ਰੋਗਰਾਮ ਅਧੀਨ ਦੋ ਟੀਮਾਂ ਕੰਮ ਕਰ ਰਹੀਆਂ ਹਨ, ਦੋ ਸਾਲ ਵਿੱਚ ਇੱਕ ਵਾਰ ਬਲਾਕ ਦੇ ਸਾਰੇ ਸਰਕਾਰੀ ਸਕੂਲ ਅਤੇ ਸਾਲ ਵਿੱਚ ਦੋ ਵਾਰ ਸਾਰੇ ਆਂਗਣਵਾੜੀ ਸੈਂਟਰਾਂ ਤੇ ਜਾ ਕੇ ਬੱਚਿਆਂ ਦਾ ਮੈਡੀਕਲ ਚੈੱਕਅਪ ਕਰਦੀਆਂ ਹਨ। ਇਸ ਦੌਰਾਨ ਉਕਤ ਪ੍ਰੋਗਰਾਮ ਅਧੀਨ ਆਉਣ ਵਾਲੀਆਂ ਸਾਰੀਆਂ ਬੀਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਪ੍ਰੋਗਰਾਮ ਅਧੀਨ ਡਾ. ਪੂਜਾ ਨੇ ਢਾਈ ਸਾਲਾਂ ਜਸਕੀਰਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਵਾਸੀ ਪੂਹਲੀ ਦੇ ਦਿਲ ਵਿੱਚ ਸੁਰਾਖ ਦੀ ਪਹਿਚਾਣ ਕੀਤੀ ਅਤੇ ਡਾ. ਯੋਗੇਸ਼ ਜੋਸ਼ੀ ਨੇ 15 ਸਾਲਾਂ ਦੀ ਕੁਲਵੀਰ ਕੌਰ ਪੁੱਤਰੀ ਸਿਕੰਦਰ ਸਿੰਘ ਵਾਸੀ ਚੱਕ ਰਾਮ ਸਿੰਘ ਵਾਲਾ ਦੇ ਦਿਲ ਵਿੱਚ ਸੁਰਾਖ ਹੌਣ ਦੀ ਪਹਿਚਾਣ ਕੀਤੀ। ਦੋਵਾਂ ਬੱਚੀਆਂ ਦਾ ਆਪ੍ਰੇਸ਼ਨ ਉਕਤ ਟੀਮਾਂ ਦੇ ਯਤਨਾਂ ਸਦਕਾ ਮੁਹਾਲੀ ਦੇ ਫੌਰਟਿਸ ਹਸਪਤਾਲ ਵਿੱਚ ਬਿਲਕੁੱਲ ਮੁਫਤ ਕਰਵਾਇਆ ਗਿਆ। ਅੱਜ ਡਾਕਟਰਾਂ ਵੱਲੋਂ ਬੱਚਿਆਂ ਦੀ ਮੈਡੀਕਲ ਜਾਂਚ ਕੀਤੀ ਗਈ ਅਤੇ ਦੱਸਿਆ ਕਿ ਦੋਵੇਂ ਬੱਚੇ ਹੁਣ ਬਿਲਕੁਲ ਠੀਕ ਹਨ। ਕੁਲਵੀਰ ਕੌਰ ਦੇ ਸਕੂਲ (ਸਰਕਾਰੀ ਹਾਈ ਸਕੂਲ, ਚੱਕ ਰਾਮ ਸਿੰਘ ਵਾਲਾ) ਹੈਡ ਮਾਸਟਰ ਰਣਜੀਤ ਸਿੰਘ ਨੇ ਦੱਸਿਆ ਕਿ ਕੁਲਵੀਰ ਕੌਰ ਹੁਣ ਸਕੂਲ ਆ ਰਹੀ ਹੈ ਅਤੇ ਦੂਜੇ ਬੱਚਿਆਂ ਵਾਂਗ ਸਕੂਲ ਦੀ ਹਰ ਗਤੀਵਿਧੀ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੀ ਹੈ। ਬਲਾਕ ਐਜੂਕੇਟਰ ਰੋਹਿਤ ਜਿੰਦਲ ਨੇ ਦੱਸਿਆ ਕਿ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਪ੍ਰੋਗਰਾਮ ਅਧੀਨ 30 ਦੇ ਕਰੀਬ ਬੀਮਾਰੀਆਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਸਿਹਤ ਵਿਭਾਗ ਦੀ ਇਸ ਯੋਜਨਾ ਦਾ ਬਲਾਕ ਵਿੱਚ ਦਰਜਨਾਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਲਾਭ ਹੋਇਆ ਹੈ, ਲੱਖਾਂ ਰੁਪਏ ਦੀ ਲਾਗਤ ਨਾਲ ਹੌਣ ਵਾਲੇ ਆਪ੍ਰੇਸ਼ਨਾਂ ਨੂੰ ਇਸ ਯੋਜਨਾ ਤਹਿਤ ਵੱਡੇ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।
ਵਰਦਾਨ ਸਾਬਿਤ ਹੋ ਰਿਹਾ ਆਰ.ਬੀ.ਐਸ.ਕੇ. ਪ੍ਰੋਗਰਾਮ
12 Views