ਸੁਖਜਿੰਦਰ ਮਾਨ
ਬਠਿੰਡਾ, 23 ਦਸੰਬਰ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੇ ਅੱਜ ਸਥਾਨਕ ਖੇਤਰੀ ਖੋਜ ਕੇਂਦਰ ਵਿਖੇ ਕਪਾਹ ਦੀ ਕਾਸ਼ਤ ਲਈ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਖੇਤੀ ਮਾਹਿਰਾਂ ਨਾਲ ਅੰਤਰਰਾਜੀ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਨਿਰਦੇਸ਼ਕ (ਖੋਜ) ਡਾ. ਅਜਮੇਰ ਸਿੰਘ ਢੱਟ, ਵਧੀਕ ਨਿਰਦੇਸ਼ਕ (ਪਸਾਰ ਸਿੱਖਿਆ) ਡਾ. ਗੁਰਮੀਤ ਸਿੰਘ ਬੁੱਟਰ ਤੇ ਪ੍ਰਮੁੱਖ ਕੀਟ ਵਿਗਿਆਨੀ ਡਾ. ਵਿਜੇ ਕੁਮਾਰ ਆਦਿ ਹਾਜ਼ਰ ਰਹੇ। ਇਸ ਮੌਕੇ ਉਨ੍ਹਾਂ ਵਿਚਾਰ-ਵਟਾਂਦਰਾ ਕਰਦਿਆਂ ਵਿਗਿਆਨੀਆਂ ਨੂੰ ਖੇਤੀ ਸਮੱਸਿਆਵਾਂ ਜਿਵੇਂ ਕਿ ਜ਼ਮੀਨ ਦੀ ਵਿਗੜਦੀ ਸਿਹਤ, ਸਿੰਚਾਈਯੋਗ ਪਾਣੀ ਦੀ ਕਮੀ ਤੇ ਖੇਤੀ ਵਿਭਿੰਨਤਾ ਨੂੰ ਧਿਆਨ ਵਿੱਚ ਰੱਖਦਿਆਂ ਖਿੱਤੇ ਨਾਲ ਸਬੰਧਿਤ ਫਲਾਂ, ਸਬਜ਼ੀਆਂ, ਕਪਾਹ ਤੇ ਹੋਰ ਫਸਲਾਂ ਨੂੰ ਕੀੜੇ-ਮਕੌੜੇ ਤੇ ਬੀਮਾਰੀਆਂ ਤੋਂ ਬਚਾਉਣ ਲਈ ਸੂਖਮ ਜੀਵ ਪ੍ਰਣਾਲੀ ਆਧਾਰਿਤ ਖੋਜ ਕਾਰਜ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਫਸਲਾਂ ਲਈ ਮੌਸਮੀ ਤਬਦੀਲੀ ਦੇ ਅਨੁਕੂਲ ਖੁਰਾਕ ਪ੍ਰਬੰਧ, ਜ਼ਮੀਨ ਦੀ ਸਿਹਤ ਅਤੇ ਪਾਣੀ ਦੀਆਂ ਲੋੜਾਂ ਦੀ ਪੂਰਤੀ ਦੇ ਮੱਦੇ ਨਜ਼ਰ ਜੈਵਿਕ ਸ੍ਰੋਤਾਂ-ਉੱਲੀਆਂ ਅਤੇ ਹੋਰ ਸੂਖਮ ਜੀਵਾਂ ਤੋਂ ਲਾਹਾ ਲੈਣ ਲਈ ਜੈਵ-ਤਕਨੀਕਾਂ ਵਿਕਸਤ ਕਰਨ ਹਿੱਤ ਬਹੁ-ਵਿਭਾਗੀ ਸਹਿਯੋਗ ਵਧਾਉਣ ਉਪਰ ਜ਼ੋਰ ਦਿੱਤਾ। ਇਸੇ ਦੌਰਾਨ ਇਸ ਕੇਂਦਰ ਵਿਖੇ ਚੱਲ ਰਹੇ ਬੀ.ਐਸ.ਸੀ. (ਐਗਰੀਕਲਚਰ) ਦੇ ਛੇ ਸਾਲਾ ਕੋਰਸ ਦਾ ਮੁਲੰਕਣ ਕੀਤਾ। ਇਸ ਮੌਕੇ ਡਾ. ਅਜਮੇਰ ਸਿੰਘ ਢੱਟ ਤੇ ਡਾ. ਗੁਰਮੀਤ ਸਿੰਘ ਬੁੱਟਰ ਨੇ ਵਿਗਿਆਨੀਆਂ ਦੇ ਖੋਜ ਤਜ਼ਰਬਿਆਂ ਦਾ ਮੁਆਇਨਾ ਕੀਤਾ। ਇਸ ਮੌਕੇ ਖੇਤੀ ਮਾਹਿਰਾਂ ਸਮੇਤ ਉੱਚ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।
Share the post "ਵਾਈਸ ਚਾਂਸਲਰ ਵਲੋਂ ਕਪਾਹ ਦੀ ਕਾਸ਼ਤ ਲਈ ਖੇਤੀ ਮਾਹਿਰਾਂ ਨਾਲ ਅੰਤਰਰਾਜੀ ਮੀਟਿੰਗ ਆਯੋਜਿਤ"