ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੀ ਕੀਤੀ ਪ੍ਰਧਾਨਗੀ
ਪਲਾਸਟਿਕ ਦੇ ਲਿਫਾਫਿਆਂ ‘ਤੇ ਪਾਬੰਦੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂਕਰਨ ‘ਤੇ ਦਿੱਤਾ ਜ਼ੋਰ
ਸੁਖਜਿੰਦਰ ਮਾਨ
ਚੰਡੀਗੜ੍ਹ, 22 ਜੁਲਾਈ: ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਕ ਅਹਿਮ ਮੀਟਿੰਗ ਕਰਦਿਆਂ ਪ੍ਰਦੂਸ਼ਣ ਕੰਟਰੋਲ ਕਾਨੂੰਨਾਂ ਨੂੰ ਲਾਗੂ ਕਰਨ ਦੀ ਮੌਜੂਦਾ ਸਥਿਤੀ ਨਾਲ ਸਬੰਧਤ ਵੱਖ-ਵੱਖ ਮੁੱਦੇ ਜਿਵੇਂ ਪਾਣੀ ਦੀ ਜਾਂਚ, ਪਲਾਸਟਿਕ ਨਾਲ ਸਬੰਧਤ ਮੁੱਦੇ, ਲਾਗੂ ਕਰਨ ਸਬੰਧੀ ਵਿਭਾਗ ਨੂੰ ਦਰਪੇਸ਼ ਸਮੱਸਿਆਵਾਂ ਅਤੇ ਇਸ ਦੇ ਲਾਗੂ ਕਰਨ ਲਈ ਚੁੱਕੇ ਜਾਣ ਵਾਲੇ ਸੁਚੱਜੇ ਕਦਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ।ਸ੍ਰੀ ਮੀਤ ਹੇਅਰ ਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਵਿਗਿਆਨ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਸਕੱਤਰ ਰਾਹੁਲ ਤਿਵਾੜੀ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਆਦਰਸ਼ ਪਾਲ ਵਿੱਜ, ਪੀ.ਪੀ.ਸੀ.ਬੀ. ਦੇ ਮੈਂਬਰ ਸਕੱਤਰ ਈ.ਆਰ. ਕਰੁਨੇਸ਼ ਗਰਗ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਵਾਤਾਵਰਣ ਇੰਜੀਨੀਅਰ ਈ.ਆਰ. ਪਰਦੀਪ ਗੁਪਤਾ, ਈ.ਆਰ, ਜੀ.ਐਸ. ਮਜੀਠੀਆ ਅਤੇ ਈ.ਆਰ. ਗੁਲਸ਼ਨ ਰਾਏ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਵੱਖ-ਵੱਖ ਕਸਬਿਆਂ ਦੇ ਅੰਸ਼ਿਕ ਤੌਰ ‘ਤੇ ਸੋਧੇ/ਅਣਸੋਧੇ ਘਰੇਲੂ ਗੰਦੇ ਪਾਣੀ ਦੇ ਸੂਬੇ ਦੀਆਂ ਨਦੀਆਂ ਵਿੱਚ ਹੋਣ ਵਾਲੇ ਵਹਾਅ ਨੂੰ ਰੋਕਣ ਦੇ ਮਾਮਲੇ ‘ਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਪਲਾਸਟਿਕ ਦੇ ਲਿਫਾਫਿਆਂ ‘ਤੇ ਪਾਬੰਦੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਇਕ ਵਾਰ ਵਰਤੋਂ ਵਾਲੇ ਪਲਾਸਟਿਕ ਦੀਆਂ ਵਸਤੂਆਂ ਬਾਰੇ ਨਿਰਮਾਤਾਵਾਂ, ਵਪਾਰੀਆਂ, ਥੋਕ ਵਿਕਰੇਤਾਵਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਸੂਬੇ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਦੇ ਨਾਲ ਨਾਲ ਮੌਜੂਦਾ ਬਰਸਾਤ ਦੇ ਸੀਜ਼ਨ ਦੌਰਾਨ ਰੂਫ ਟਾਪ ਰੇਨ ਵਾਟਰ ਹਾਰਵੈਸਟਿੰਗ ਅਤੇ ਮੌਜੂਦਾ ਮਾਨਸੂਨ/ਵਣ ਮਹਾਂਉਤਸਵ ਸੀਜ਼ਨ ਦੌਰਾਨ ਛੋਟੇ/ਸ਼ਹਿਰੀ ਜੰਗਲਾਂ ਦੇ ਵਿਕਾਸ ਅਤੇ ਪੌਦੇ ਲਗਾਉਣ ਦੀ ਮੁਹਿੰਮ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।
ਮੀਟਿੰਗ ਦੌਰਾਨ, ਪਰਾਲੀ ਸਾੜਨ ਸਬੰਧੀ ਮੁੱਦੇ ‘ਤੇ ਚਰਚਾ ਕਰਦਿਆਂ ਬੋਰਡ ਦੇ ਅਧਿਕਾਰੀਆਂ ਨੇ ਕੈਬਨਿਟ ਮੰਤਰੀ ਨੂੰ ਵੱਖ-ਵੱਖ ਉਦਯੋਗਾਂ ਵੱਲੋਂ ਕੀਤੇ ਜਾ ਰਹੇ ਮੌਕੇ ’ਤੇ (ਖੇਤ ਵਿੱਚ ਹੀ)-ਬਾਅਦ ਵਿੱਚ ਅਪਣਾਏ ਜਾਣ ਵਾਲੇ ਉਪਾਵਾਂ ਅਤੇ ਝੋਨੇ ਦੀ ਪਰਾਲੀ ਦੀ ਬਾਲਣ ਵਜੋਂ ਵਰਤਣ ਸਬੰਧੀ ਜਾਣਕਾਰੀ ਦਿੱਤੀ।ਵਾਤਾਵਰਣ ਮੰਤਰੀ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਹੋਰ ਉਦਯੋਗਾਂ ਨੂੰ ਵੀ ਝੋਨੇ ਦੀ ਪਰਾਲੀ ਨੂੰ ਆਪਣੇ ਬਾਇਲਰਾਂ ਵਿੱਚ ਬਾਲਣ ਵਜੋਂ ਵਰਤਣ ਲਈ ਉਤਸ਼ਾਹਿਤ ਕਰਨ ਲਈ ਕਿਹਾ। ਪੀ.ਪੀ.ਸੀ.ਬੀ. ਦੇ ਅਧਿਕਾਰੀਆਂ ਨੇ ਉਦਯੋਗਾਂ ਵੱਲੋਂ ਲਗਾਏ ਗਏ ਆਨਲਾਈਨ ਕੰਟੀਨਿਊਅਸ ਐਫਲੂਐਂਟ ਮਾਨੀਟਰਿੰਗ ਸਿਸਟਮ (ਓ.ਸੀ.ਈ.ਐਮ.ਐਸ.) ਬਾਰੇ ਵੀ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ ਅਤੇ ਮੀਟਿੰਗ ਦੌਰਾਨ ਮੰਤਰੀ ਨੂੰ ਲਾਈਵ ਫੀਡ ਵੀ ਦਿਖਾਈ ਗਈ।
ਮੀਤ ਹੇਅਰ ਨੇ ਅਧਿਕਾਰੀਆਂ ਨੂੰ ਵੱਖ-ਵੱਖ ਸਰੋਤਾਂ ਜਿਵੇਂ ਪਟਾਕੇ, ਵਾਹਨਾਂ ਦਾ ਸ਼ੋਰ-ਸ਼ਰਾਬਾ, ਮੈਰਿਜ ਪੈਲੇਸਾਂ ਆਦਿ ਤੋਂ ਹੋਣ ਵਾਲੇ ਧੁਨੀ ਪ੍ਰਦੂਸ਼ਣ ਨੂੰ ਰੋਕਣ ਲਈ ਕਿਹਾ ਅਤੇ ਵਪਾਰੀਆਂ, ਸਟਾਕ ਕਰਨ ਵਾਲਿਆਂ ਨੂੰ ਚਾਈਨਾ ਡੋਰ ਆਦਿ ਨਾ ਵੇਚਣ ਦੀ ਅਪੀਲ ਕੀਤੀ ਜੋ ਕਿ ਲੋਕਾਂ ਲਈ ਬਹੁਤ ਨੁਕਸਾਨਦੇਹ ਹੈ। ਉਨ੍ਹਾਂ ਉਦਯੋਗਪਤੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸੂਬੇ ਦੇ ਵਾਤਾਵਰਣ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਵਾਤਾਵਰਣ ਸਬੰਧੀ ਕਾਨੂੰਨਾਂ ਦੇ ਉਪਬੰਧਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ।ਇਸ ਤੋਂ ਇਲਾਵਾ ਮੰਤਰੀ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਵਾਤਾਵਰਣ ਸਬੰਧੀ ਵੱਖ-ਵੱਖ ਕਾਨੂੰਨਾਂ ਦੀ ਸਹੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਉਦਯੋਗਿਕ ਇਕਾਈਆਂ ਦੀ ਵੱਧ ਤੋਂ ਵੱਧ ਚੈਕਿੰਗ ਕਰਨ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ।
Share the post "ਵਾਤਾਵਰਣ ਮੰਤਰੀ ਨੇ ਪ੍ਰਦੂਸ਼ਣ ਕੰਟਰੋਲ ਕਾਨੂੰਨਾਂ ਦੇ ਲਾਗੂਕਰਨ ਦਾ ਲਿਆ ਜਾਇਜ਼ਾ"