ਸੁਖਜਿੰਦਰ ਮਾਨ
ਬਠਿੰਡਾ, 25 ਅਪ੍ਰੈਲ : ਅਣਵੰਡੇ ਬਠਿੰਡਾ ਜ਼ਿਲ੍ਹੇ ਦੇ ਵਾਸੀ ਤੇ ਅੰਗਰੇਜ਼ਾਂ ਦੇ ਸਰਵਉੱਚ ਫ਼ੌਜੀ ਸਨਮਾਨ ਵਿਕਟੋਰੀਆ ਕਰਾਸ ਮੈਡਲ ਦੇ ਜੇਤੂ ਸ਼ਹੀਦ ਜਮਾਂਦਾਰ ਨੰਦ ਸਿੰਘ ਦੇ ਬੁੱਤ ਕੋਲ ਜ਼ਿਲ੍ਹਾ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਚੱਲਦਿਆਂ ਪਿਛਲੇ ਲੰਮੇ ਸਮੇਂ ਤੋਂ ਹਨੇਰਾ ਪਸਰਿਆਂ ਹੋਇਆ ਹੈ। ਲੱਖਾਂ ਰੁਪਏ ਦੀ ਲਾਗਤ ਨਾਲ ਫ਼ੌਜ ਦੇ ਉਪ ਮੁੱਖੀ ਵਲੋਂ ਕੁੱਝ ਸਮਾਂ ਪਹਿਲਾਂ ਦੁਬਾਰਾ ਸਜ਼ਾਵਟ ਕਰਕੇ ਸੁਸੋਭਿਤ ਕੀਤੇ ਬੁੱਤ ਕੋਲ ਲਗਾਈਆਂ ਫ਼ੈਂਸੀ ਲਾਈਟਾਂ ਸੋਅਪੀਸ਼ ਬਣ ਕੇ ਰਹਿ ਗਈਆਂ ਹਨ। ਇਸ ਸਬੰਧ ਵਿਚ ਸ਼ਹਿਰ ਦੇ ਇੱਕ ਆਰਟੀਆਈ ਕਾਰਕੁੰਨ ਸੰਜੀਵ ਗੋਇਲ ਨੇ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ‘ਬੁੱਤ ਕੋਲ ਲਾਈਟਾਂ ਲਗਾਉਣ ਸਬੰਧੀ ਉਸਦੇ ਵਲੋਂ ਦਰਜ਼ਨਾਂ ਵਾਰ ਨਗਰ ਨਿਗਮ ਤੋਂ ਲੈ ਕੇ ਬੀਡੀਏ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਸਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਪ੍ਰੰਤੂ ਕਿਸੇ ਵੀ ਅਧਿਕਾਰੀ ਕੋਲ ਸ਼ਹੀਦ ਦੇ ਬੁੱਤ ਵੱਲ ਧਿਆਨ ਦੇਣ ਦਾ ਸਮਾਂ ਨਹੀਂ ਹੈ। ’ ਦਸਦਾ ਬਣਦਾ ਹੈ ਕਿ ਸਹੀਦ ਨੰਦ ਸਿੰਘ ਚੌਕ ਨੂੰ ਪੁਰਾਣੇ ਬੱਸ ਅੱਡੇ ਦੇ ਤੌਰ ’ਤੇ ਵੀ ਜਾਣਿਆਂ ਜਾਂਦਾ ਹੈ। ਪਿਛਲੇ ਸਮੇਂ ਦੌਰਾਨ ਇੱਥੇ ਸ਼ਹੀਦ ਦੇ ਬੁੱਤ ਵਾਲੀ ਜਗ੍ਹਾਂ ਬਣੇ ਗੋਲ ਚੌਕ ਨੂੰ ਟਰੈਫ਼ਿਕ ਸਮੱਸਿਆ ਦੇ ਚੱਲਦੇ ਛੋਟਾ ਕੀਤਾ ਗਿਆ ਸੀ ਤੇ ਨਾਲ ਹੀ ਬੁੱਤ ਦੇ ਸੁੰਦਰੀਕਰਨ ਲਈ ਇੱਥੇ ਤੋਪਾਂ ਵੀ ਸਜਾਈਆਂ ਗਈਆਂ ਸਨ। ਇਸੇ ਤਰ੍ਹਾਂ ਇੱਥੇ ਰਾਤ ਨੂੰ ਬੁੱਤ ਦੀ ਸੋਭਾ ਵਧਾਉਣ ਲਈ ਫ਼ੈਂਸੀ ਲਾਈਟਾਂ ਵੀ ਲਗਾਈਆਂ ਗਈਆਂ ਸਨ ਪ੍ਰੰਤੂ ਹੁਣ ਇਹ ਲਾਈਟਾਂ ਬੰਦ ਪਈਆਂ ਹੋਈਆਂ ਹਨ। ਸੰਜੀਵ ਗੋਇਲ ਨੇ ਅੱਗੇ ਦਸਿਆ ਕਿ ਉਸਦੇ ਵਲੋਂ ਨਗਰ ਨਿਗਮ ਨੂੰ ਇੱਥੇ ਸ਼ਹੀਦ ਦੇ ਬੁੱਤ ਵਾਲੇ ਚੌਕ ਵਿਚ ਰੌਸ਼ਨੀ ਦਾ ਪ੍ਰਬੰਧ ਕਰਨ ਲਈ ਇਕ ਲਾਈਟ ਟਾਵਰ ਲਗਾਉਣ ਦੀ ਅਪੀਲ ਕੀਤੀ ਗਈ ਸੀ ਪ੍ਰੰਤੂ ਉਹ ਵੀ ਲਗਾਇਆ ਨਹੀਂ ਗਿਆ ਹੈ। ਇਹੀਂ ਨਹੀਂ ਮਾਮਲਾ ਪੰਜਾਬ ਸਰਕਾਰ ਦੇ ਧਿਆਨ ਵਿਚ ਲਿਆਉਣ ਲਈ ਪੀਜੀਆਰਐਸ ਪੋਰਟਲ ਉਪਰ ਵੀ ਸ਼ਹੀਦ ਨੰਦ ਸਿੰਘ ਚੌਂਕ ਵਿਖੇ ਲਾਈਟ ਟਾਵਰ ਲਗਾਉਣ ਸਬੰਧੀ ਕਈ ਵਾਰ ਲਿਖਿਆ ਜਾ ਚੁੱਕਾ ਹੈ, ਪਰ ਅਜੇ ਤਕ ਕਿਸੇ ਨੇ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ ਹੈ।
Share the post "ਵਿਕਟੋਰੀਆ ਕਰਾਸ ਜੇਤੂ ਸ਼ਹੀਦ ਨੰਦ ਸਿੰਘ ਦੇ ਬੁੱਤ ਦੀ ਸੋਭਾ ਵਧਾਉਣ ਲੱਗੀਆਂ ਫ਼ੈਂਸੀ ਲਾਈਟਾਂ ਹੋਈ ਗੁੱਲ"