ਭਿ੍ਰਸ਼ਟਾਚਾਰ ਦੇ ਖਾਤਮੇ ਲਈ ਸਮਾਜ ਨੂੰ ਖੁਦ ਸਮਝਣ ਤੇ ਬਦਲਣ ਦੀ ਜ਼ਰੂਰਤ : ਡਿਪਟੀ ਕਮਿਸ਼ਨਰ
ਬਿਊਰੋ ਦਾ ਮੁੱਖ ਟੀਚਾ ਵੱਖ-ਵੱਖ ਵਿਭਾਗਾਂ ਦੀ ਮੱਦਦ ਕਰਨਾ: ਹਰਪਾਲ ਸਿੰਘ
ਸੁਖਜਿੰਦਰ ਮਾਨ
ਬਠਿੰਡਾ, 4 ਨਵੰਬਰ : ਵਿਜੀਲੈਂਸ ਜਾਗਰੂਕਤਾ ਮੁਹਿੰਮ ਤਹਿਤ ਵਿਜੀਲੈਂਸ ਬਿਉਰੋ ਬਠਿੰਡਾ ਰੇਂਜ ਵਲੋਂ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਟ ਵਿਖੇ ਜ਼ਿਲ੍ਹਾ ਪੱਧਰੀ ਭਿ੍ਰਸ਼ਟਾਚਾਰ ਵਿਰੁੱਧ ਸਲਾਨਾ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਜ਼ੀਰੋ ਟਾਰਲੈਂਸ ਦੀ ਨੀਤੀ ਅਪਣਾਈ ਜਾ ਰਹੀ ਹੈ ਤੇ ਇਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਹਨ, ਪਰ ਫਿਰ ਵੀ ਭਿ੍ਰਸ਼ਟਾਚਾਰ ਨੂੰ ਜੜ੍ਹ ਤੋਂ ਖਾਤਮ ਕਰਨ ਲਈ ਸਮਾਜ ਦਾ ਸਹਿਯੋਗ ਅਤਿ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਮਾਜ ਅੰਦਰ ਸਿਰਫ਼ ਭਿ੍ਰਸ਼ਟਾਚਾਰ ਹੀ ਨਹੀਂ ਸਗੋਂ ਇਸ ਵਰਗੀਆਂ ਹੋਰ ਵੀ ਕਈ ਭਿਆਨਕ ਬਿਮਾਰੀਆਂ ਹਨ, ਜਿਨ੍ਹਾਂ ਦੇ ਖਾਤਮੇ ਲਈ ਸਮਾਜ ਨੂੰ ਖੁਦ ਸਮਝਣ ਅਤੇ ਬਦਲਣ ਦੀ ਜ਼ਰੂਰਤ ਹੈ।
ਇਸ ਦੌਰਾਨ ਵਿਜੀਲੈਂਸ ਬਿਊਰੋ ਦੇ ਜ਼ਿਲ੍ਹਾ ਪੁਲਿਸ ਮੁਖੀ ਹਰਪਾਲ ਸਿੰਘ ਨੇ ਵਿਜੀਲੈਂਸ ਬਿਊਰੋ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਬਿਊਰੋ ਦਾ ਮੁੱਖ ਟੀਚਾ ਵੱਖ-ਵੱਖ ਵਿਭਾਗਾਂ ਦੀ ਮੱਦਦ ਕਰਨਾ ਹੈ ਤਾਂ ਕਿ ਉਹ ਭਿ੍ਰਸ਼ਟਾਚਾਰ ਦੇ ਕੇਸਾਂ ਵਿੱਚ ਫੌਰੀ ਕਾਰਵਾਈ ਕਰ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਰਿਸ਼ਵਤ ਦੇਣਾ ਅਤੇ ਰਿਸ਼ਵਤ ਲੈਣਾ ਦੋਨੇਂ ਹੀ ਗੈਰ-ਕਾਨੂੰਨੀ ਹਨ। ਉਨ੍ਹਾਂ ਵਿਜੀਲੈਂਸ ਬਿਊਰੋ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਭਿ੍ਰਸ਼ਟਾਚਾਰ ਵਿਅਕਤੀ ਨੂੰ ਸਿੱਧਾ ਟਰੈਪ ਕਰਕੇ ਉਸ ਖਿਲਾਫ਼ ਬਣਦੀ ਕਾਰਵਾਈ ਕਰਨ ਤੋਂ ਇਲਾਵਾ ਅਚਨਚੇਤੀ ਚੈਕਿੰਗ ਕਰਨਾ ਅਤੇ ਆਮਦਨ ਤੋਂ ਜ਼ਿਆਦਾ ਸਾਧਨ ਇਕੱਤਰ ਕਰਨ ਵਾਲੇ ਵਿਅਕਤੀਆਂ ਦੀ ਜਾਂਚ-ਪੜਤਾਲ ਕਰਕੇ ਉਨ੍ਹਾਂ ਖਿਲਾਫ਼ ਢੁੱਕਵੀਂ ਕਾਰਵਾਈ ਕਰਨਾ ਹੈ।ਇਸ ਤੋਂ ਪਹਿਲਾਂ ਡੀਐਸਪੀ (ਕਰਾਇਮ) ਸ. ਕੁਲਦੀਪ ਸਿੰਘ ਅਤੇ ਪੰਜਾਬ ਪੁਲਿਸ ਦੇ ਸੇਵਾ ਮੁਕਤ ਇੰਸਪੈਕਟਰ ਸਮਸ਼ੇਰ ਸਿੰਘ ਵੱਲੋਂ ਵੀ ਆਪੋ-ਆਪਣੇ ਸੰਬੋਧਨ ਦੌਰਾਨ ਵੀ ਭਿ੍ਰਸ਼ਟਾਚਾਰ ਦੇ ਖਾਤਮੇ ਲਈ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ ਗਏ। ਇਸ ਤੋਂ ਇਲਾਵਾ ਬਾਬਾ ਫ਼ਰੀਦ ਗਰੁੱਪ ਆਫ਼ ਇੰਸੀਟਿਊਸ਼ਨ ਦੇ ਵਿਦਿਆਰਥੀਆਂ ਭਾਰਤ ਭੂਸ਼ਣ ਅਤੇ ਕਮਲਦੀਪ ਕੌਰ ਵਲੋਂ ਵੀ ਭਿ੍ਰਸ਼ਟਾਚਾਰ ਖਿਲਾਫ਼ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸੀਟਿਊਸ਼ਨ ਦੇ ਡਿਪਟੀ ਡਾਇਰੈਕਟਰ ਹਰਪਾਲ ਸਿੰਘ, ਡੀਐਸਪੀ ਸੀਆਈਡੀ ਪਰਵਿੰਦਰ ਸਿੰਘ,ਗੁਰਦਾਸ ਸਿੰਘ ਜਿਲ੍ਹਾਂ ਲੋਕ ਸੰਪਰਕ ਅਫਸਰ ਅਤੇ ਬਲਕਰਨ ਸਿੰਘ ਮਾਹਲ ਜਿਲ੍ਹਾ ਮਾਲ ਅਫਸਰ ਤੋਂ ਇਲਾਵਾ ਇੰਸੀਟਿਊਸ਼ਨ ਦਾ ਸਟਾਫ਼ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।
Share the post "ਵਿਜੀਲੈਂਸ ਜਾਗਰੂਕਤਾ ਮੁਹਿੰਮ ਤਹਿਤ ਵਿਜੀਲੈਂਸ ਬਿਉਰੋ ਨੇ ਬਾਬਾ ਫ਼ਰੀਦ ਗਰੂੱਪ ’ਚ ਕਰਵਾਇਆ ਜਾਗਰੂਕਤਾ ਸੈਮੀਨਾਰ"