56 Views
ਦੋ ਦਿਨ ਪਹਿਲਾਂ ਦਫ਼ਤਰ ਦੀ ਵੀ ਕੀਤੀ ਸੀ ਫ਼ਰੋਲਾ-ਫ਼ਰੋਲੀ
ਘਰ ਕੋਈ ਨਾ ਹੋਣ ਕਾਰਨ ਵਿਜੀਲੈਂਸ ਟੀਮ ਵਾਪਸ ਮੁੜੀ
ਸੁਖਜਿੰਦਰ ਮਾਨ
ਬਠਿੰਡਾ, 30 ਸਤੰਬਰ: ਪਿਛਲੇ ਕਰੀਬ ਇੱਕ ਹਫ਼ਤੇ ਤੋਂ ਭਾਜਪਾ ਆਗੂ ਤੇ ਸਾਬਕਾ ਵਿਤ ਮੰਤਰੀ ਨੂੰ ਫ਼ੜਣ ਲਈ ‘ਹੱਥ’ ਧੋ ਕੇ ਪਿੱਛੇ ਪਈ ਵਿਜੀਲੈਂਸ ਦੀ ਟੀਮ ਵਲੋਂ ਸ਼ਨੀਵਾਰ ਦੁਪਿਹਰ ਮਨਪ੍ਰੀਤ ਬਾਦਲ ਦੇ ਨਜਦੀਕੀ ਮੰਨੇ ਜਾਂਦੇ ਇੱਕ ਸਰਾਬ ਠੇਕੇਦਾਰ ਦੇ ਮਾਡਲ ਟਾਊਨ ਸਥਿਤ ਘਰ ਵਿਚ ਛਾਪੇਮਾਰੀ ਕੀਤੀ ਗਈ। ਹਾਲਾਂਕਿ ਡੀਐਸਪੀ ਸੰਦੀਪ ਸਿੰਘ ਚਹਿਲ ਤੇ ਇੰਸਪੈਕਟਰ ਨਗਿੰਦਰ ਸਿੰਘ ਦੀ ਅਗਵਾਈ ਹੇਠ ਪੁੱਜੀ ਇਸ ਟੀਮ ਨੂੰ ਉਕਤ ਠੇਕੇਦਾਰ ਦੇ ਘਰ ਤਾਲਾ ਲੱਗਿਆ ਹੋਣ ਕਾਰਨ ਵਿਜੀਲੈਂਸ ਟੀਮ ਨੂੰ ਵਾਪਸ ਮੁੜਣਾ ਪਿਆ। ਜਿਸਤੋਂ ਬਾਅਦ ਟੀਮ ਵੱਲੋਂ ਪਿੰਡ ਬਾਹੋਯਾਤਰੀ ਵਿਖੇ ਵੀ ਦਬਿਸ ਦਿੱਤੀ ਗਈ।
ਗੌਰਤਲਬ ਹੈ ਕਿ ਮਨਪ੍ਰੀਤ ਦੇ ਵਿਤ ਮੰਤਰੀ ਹੁੰਦਿਆਂ ਪ੍ਰਛਾਵੇ ਵਾਂਗ ਉਨ੍ਹਾਂ ਦੇ ਰਹਿਣ ਵਾਲੇ ਠੇਕੇਦਾਰ ਜਸਵਿੰਦਰ ਉਰਫ਼ ਜੁਗਨੂੰ ਦੇ ਦਫ਼ਤਰ ਵਿਚ ਪਰਸੋ ਸ਼ਾਮ ਵੀ ਵਿਜੀਲੈਂਸ ਦੀ ਟੀਮ ਨੇ ਛਾਪੇਮਾਰੀ ਕੀਤੀ ਸੀ। ਇਸ ਛਾਪੇਮਾਰੀ ਦੌਰਾਨ ਕੁੱਝ ਕੰਪਿਊਟਰ ਤੇ ਹੋਰ ਸਾਜੋ ਸਮਾਨ ਨੂੰ ਕਬਜੇ ਵਿਚ ਲਿਆ ਗਿਆ ਸੀ। ਇਸੇ ਤਰ੍ਹਾਂ ਜੁਗਨੂੰ ਠੇਕੇਦਾਰ ਦੇ ਰਿਸ਼ਤੇਦਾਰ ਤੇ ਲਾਈਨੋਪਾਰ ਇਲਾਕੇ ਦੇ ਕੋਂਸਲਰ ਸੁਖਰਾਜ ਔਲਖ ਦੇ ਘਰ ਵੀ ਵਿਜੀਲੈਂਸ ਦੀ ਟੀਮ ਪੁੱਜੀ ਸੀ। ਸੂਤਰਾਂ ਅਨੁਸਾਰ ਪਲਾਟ ਵਿਵਾਦ ਵਿਚ ਠੇਕੇਦਾਰ ਜੁਗਨੂੰ ਦੇ ਖਿਲਾਫ਼ ਕਈ ਸਾਰੇ ਅਹਿਮ ਤੱਥ ਵਿਜੀਲੈਂਸ ਦੇ ਹੱਥ ਲੱਗੇ ਹਨ, ਜਿਸਦੇ ਵਿੱਚ ਮਨਪ੍ਰੀਤ ਬਾਦਲ ਵਲੋਂ ਖ਼ਰੀਦੇ ਪਲਾਟਾਂ ਦੀ ਬੋਲੀ ਦੇਣ ਵਾਲੇ ਤਿੰਨ ਵਿਅਕਤੀਆਂ ਵਿਚੋਂ ਇੱਕ ਅਮਨਦੀਪ ਜੁਗਨੂੰ ਦੇ ਹੀ ਦਫ਼ਤਰ ਵਿਚ ਕੰਮ ਕਰਦਾ ਦਸਿਆ ਜਾਦਾ ਹੈ।
ਇਸੇ ਤਰ੍ਹਾਂ ਜਦ ਸਫ਼ਲ ਬੋਲੀਕਾਰਾਂ ਵਿਕਾਸ ਅਰੋੜਾ ਤੇ ਰਾਜੀਵ ਕੁਮਾਰ ਵਲੋਂ ਮਨਪ੍ਰੀਤ ਬਾਦਲ ਨੂੰ ਪਲਾਟ ਵੇਚੇ ਗਏ ਤਾਂ ਇਸਦੇ ਵਿਚ ਬਤੌਰ ਗਵਾਹ ਜਸਵਿੰਦਰ ਸਿੰਘ ਉਰਫ਼ ਜੁਗਨੂੰ ਬਣਿਆ ਹੋਇਆ ਹੈ। ਜਿਕਰਯੋਗ ਹੈ ਕਿ ਸਾਲ 2021 ਵਿਚ ਮੇਅਰ ਦੀ ਚੋਣ ਸਮੇਂ ਵਿਚ ਹੋਰ ਸੀਨੀਅਰ ਕੋਂਸਲਰਾਂ ਨੂੰ ਛੱਡ ਕੇ ਇਸ ਠੇਕੇਦਾਰ ਨਾਲ ਸਰਾਬ ਕਾਰੋਬਾਰ ਵਿਚ ਇੱਕ ਛੋਟੇ ਜਿਹੇ ਹਿੱਸੇਦਾਰ ਸੰਦੀਪ ਗੋਇਲ ਦੀ ਪਹਿਲੀ ਵਾਰ ਜਿੱਤੀ ਪਤਨੀ ਰਮਨ ਗੋਇਲ ਨੂੰ ਮੇਅਰ ਬਣਾਉਣ ਸਮੇਂ ਵੀ ਜੁਗਨੂੰ ਦਾ ਨਾਂ ਬੋਲਿਆ ਸੀ। ਹਾਲਾਂਕਿ ਇਸਦਾ ਸਿਆਸੀ ਤੌਰ ’ਤੇ ਖਮਿਆਜਾ ਬਾਅਦ ਵਿਚ ਖੁਦ ਮਨਪ੍ਰੀਤ ਬਾਦਲ ਨੂੰ ਸਾਲ 2022 ਦੀਆਂ ਚੋਣਾਂ ਸਮੇਂ ਭੁਗਤਣਾ ਪਿਆ ਸੀ।
ਕੌਣ ਹੈ ਜੁਗਨੂੰ ਤੇ ਮਨਪ੍ਰੀਤ ਬਾਦਲ ਦੀ ਦੋਸਤੀ ’ਚ ਉਸਨੇ ਕੀ ਖੱਟਿਆ?
ਬਠਿੰਡਾ: ਕਾਂਗਰਸ ਸਰਕਾਰ ਦੌਰਾਨ ਤੇ ਉਸਤੋਂ ਬਾਅਦ ਜਦ ਮਨਪ੍ਰੀਤ ਬਾਦਲ ਜਾਂ ਉਸਦੇ ਰਿਸ਼ਤੇਦਾਰ ਜੋ ਜੋ ਦਾ ਨਾਂ ਆਉਂਦਾ ਹੈ ਤਾਂ ਮੱਲੋ-ਮੱਲੀ ਜੁਗਨੂੰ ਠੇਕੇਦਾਰ ਦਾ ਵੀ ਜਿਕਰ ਹੁੰਦਾ ਹੈ। ਜਸਵਿੰਦਰ ਉਰਫ਼ ਜੁਗਨੂੰ ਬਠਿੰਡਾ ਦਿਹਾਤੀ ਹਲਕੇ ਵਿਚ ਪੈਂਦੇ ਪਿੰਡ ਬਾਹੋ ਯਾਤਰੀ ਦੇ ਚੇਅਰਮੈਨ ਹਰਦੇਵ ਸਿੰਘ ਦਾ ਪੁੱਤਰ ਹੈ। ਚੇਅਰਮੈਨ ਹਰਦੇਵ ਸਿੰਘ ਦਹਾਕਿਆਂ ਤੋਂ ਬਾਦਲ ਪ੍ਰਵਾਰ ਦਾ ਨਜਦੀਕੀ ਰਿਹਾ ਹੈ। ਸਾਲ 2011 ਵਿਚ ਜਦ ਅਕਾਲੀ ਵਿਚੋਂ ਕੱਢਣ ਤੋਂ ਬਾਅਦ ਮਨਪ੍ਰੀਤ ਬਾਦਲ ਨੇ ਪੀਪਲਜ਼ ਪਾਰਟੀ ਆਫ਼ ਪੰਜਾਬ ਦਾ ਗਠਨ ਕੀਤਾ ਸੀ ਤਦ ਹਰਦੇਵ ਸਿੰਘ ਬਾਹੋਯਾਤਰੀ ਮਨਪ੍ਰੀਤ ਬਾਦਲ ਦੇ ਨਾਲ ਹੀ ਡਟੇ ਰਹੇ।
ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਹੋਰ ਛੋਟੇ-ਵੱਡੇ ਲੀਡਰਾਂ ਨੇ ਉਨ੍ਹਾਂ ਨੂੰ ਅਪਣੇ ਨਾਲ ਰੱਖਣ ਦਾ ਯਤਨ ਕੀਤਾ। ਅਕਾਲੀ ਦਲ ਨਾਲੋਂ ਵੱਖ ਹੋਣ ਤੋਂ ਬਾਅਦ ਪਹਿਲੀ ਵਾਰ ਸਾਲ 2017 ਵਿਚ ਬਠਿੰਡਾ ਸ਼ਹਿਰੀ ਹਲਕੇ ਤੋਂ ਜਿੱਤ ਕੇ ਮਨਪ੍ਰੀਤ ਬਾਦਲ ਮੁੜ ਪੰਜਾਬ ਦੇ ‘ਪਾਵਰ’ ਵਿਚ ਆਏ ਪ੍ਰੰਤੂ ਜੁਗਨੂੰ ਉਸ ਤੋਂ ਪਹਿਲਾਂ ਹੀ ਸਰਾਬ ਕਾਰੋਬਾਰ ਦੇ ਵਿਚ ਅਪਣਾ ਵੱਡਾ ਨਾਂ ਕਮਾ ਚੁੱਕਿਆ ਸੀ। ਬੇਸ਼ੱਕ ਇਸ ਪ੍ਰਵਾਰ ਨੂੰ ਮਨਪ੍ਰੀਤ ਬਾਦਲ ਦੇ ਨਾਲ ਰਹਿਣ ਦਾ ਖਮਿਆਜਾ ਹੁਣ ਤੱਕ ਭੁਗਤਣਾ ਪੈ ਰਿਹਾ ਹੈ ਪ੍ਰੰਤੂ ਸਿਆਸੀ ਤੌਰ ’ਤੇ ਮਨਪ੍ਰੀਤ ਵਿਤ ਮੰਤਰੀ ਹੁੰਦਿਆਂ ਵੀ ਹਰਦੇਵ ਸਿੰਘ ਬਾਹੋਯਾਤਰੀ ਨੂੂੰ ਮੁੜ ਚੇਅਰਮੈਨੀ ਦਿਵਾਉਣ ਵਿਚ ਵੀ ਸਫ਼ਲ ਨਹੀਂ ਰਿਹਾ।
ਪੀਸੀਐਸ ਅਧਿਕਾਰੀ ਬਿਕਰਮ ਸ਼ੇਰਗਿੱਲ ਦੇ ਘਰ ਵੀ ਕੀਤੀ ਰੇਡ
ਬਠਿੰਡਾ: ਉਧਰ ਮਿਲੀ ਜਾਣਕਾਰੀ ਮੁਤਾਬਕ ਵਿਜੀਲੈਂਸ ਦੀ ਇਕ ਟੀਮ ਵੱਲੋਂ ਬੀਡੀਏ ਦੇ ਤਤਕਾਲੀ ਪ੍ਰਸ਼ਾਸਕ ਬਿਕਰਮ ਸਿੰਘ ਸ਼ੇਰਗਿੱਲ ਨੂੰ ਫੜਣ ਲਈ ਅੱਜ ਉਨ੍ਹਾਂ ਦੇ ਪਟਿਆਲਾ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਬਹਿਲ ਵਿਖੇ ਡੀਐਸਪੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਛਾਪੇਮਾਰੀ ਕੀਤੀ ਗਈ। ਹਾਲਾਂਕਿ ਇਸ ਦੌਰਾਨ ਸ਼ੇਰਗਿੱਲ ਕਾਬੂ ਨਹੀਂ ਆ ਸਕੇ ਪ੍ਰੰਤੂ ਵਿਜੀਲੈਂਸ ਵੱਲੋਂ ਲਗਾਤਾਰ ਮਨਪ੍ਰੀਤ ਬਾਦਲ ਸਹਿਤ ਸ਼ੇਰਗਿੱਲ ਤੇ ਸੁਪਰਡੈਂਟ ਪੰਕਜ ਕਾਲੀਆ ਨੂੰ ਗਿਰਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।