ਰਿਸ਼ਮ ਵਲੋਂ ਪੈਸੇ ਫ਼ੜਣ ਦੇ ਬਾਅਦ ਵੀ ਵਿਧਾਇਕ ਕੋਲ ਪੈਸੇ ਪਹੁੰਚਾਉਣ ਦਾ ਇੰਤਜਾਰ ਕਰਦੇ ਰਹੇ ਵਿਜੀਲੈਂਸ ਅਧਿਕਾਰੀ
ਸੁਖਜਿੰਦਰ ਮਾਨ
ਬਠਿੰਡਾ, 18 ਫ਼ਰਵਰੀ: ਵੀਰਵਾਰ ਦੀ ਸ਼ਾਮ ਨੂੰ ਬਠਿੰਡਾ ਦੇ ਸਰਕਟ ਹਾਊਸ ’ਚ ਬੈਠੇ ਦਿਹਾਤੀ ਹਲਕੇ ਦੇ ਵਿਧਾਇਕ ਅਮਿਤ ਰਤਨ ਦੀ ਕਿਸਮਤ ਹੀ ਚੰਗੀ ਕਹੀ ਜਾ ਸਕਦੀ ਹੈ ਕਿ ਉਨ੍ਹਾਂ ਪੈਸੇ ਨੂੰ ਹੱਥ ਨਹੀਂ ਲਗਾਇਆ ਜਦੋਂਕਿ ਵਿਜੀਲੈਂਸ ਦੀ ਟੀਮ ਨੇ ਵਿਧਾਇਕ ਨੂੰ ਹੀ ਕਾਬੂ ਕਰਨ ਲਈ ਜਾਲ ਵਿਛਾਇਆ ਹੋਇਆ ਸੀ। ਇਸ ਕੇਸ ਵਿਚ ਸਿਕਾਇਤਕਰਤਾ ਪ੍ਰਿਤਪਾਲ ਉਰਫ਼ ਕਾਕਾ, ਜੋਕਿ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਸੀਮਾ ਰਾਣੀ ਦਾ ਪਤੀ ਹਨ, ਨੇ ਵਿਜੀਲੈਂਸ ਦੇ ਅਧਿਕਾਰੀਆਂ ਕੋਲ ਸਿਕਾਇਤ ਵੀ ਵਿਧਾਇਕ ਦੀ ਹੀ ਕੀਤੀ ਸੀ। ਮਿਲੀਆਂ ਸੂਚਨਾਵਾਂ ਮੁਤਾਬਕ ਇਹ ਘਟਨਾ ਅਚਾਨਕ ਨਹੀਂ ਵਾਪਰੀ ਸੀ, ਬਲਕਿ ਪਿਛਲੇ ਕਈ ਮਹੀਨਿਆਂ ਤੋਂ ਇਸ ਸਬੰਧ ਵਿਚ ਤਾਣਾ-ਬਾਣਾ ਬੁਣਿਆ ਜਾ ਰਿਹਾ ਸੀ। ਬੇਸ਼ੱਕ ਇਸ ਮਾਮਲੇ ਵਿਚ ਸਰਕਾਰ ਉਪਰ ਵਿਧਾਇਕ ਨੂੰ ਬਚਾਉਣ ਦੇ ਦੋਸ਼ ਲੱਗ ਰਹੇ ਹਨ ਪ੍ਰੰਤੂ ਜੋ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ, ਉਸ ਮੁਤਾਬਕ ਵਿਧਾਇਕ ਵਿਰੁਧ ਟਰੈਪ ਲਗਾਉਣ ਲਈ ਫੈਸਲਾ ਇਕੱਲੇ ਵਿਜੀਲੈਂਸ ਬਿਉਰੋ ਬਠਿੰਡਾ ਟੀਮ ਦਾ ਨਹੀਂ ਸੀ, ਬਲਕਿ ਉਸਨੂੰ ਤਾਂ ਐਨ ਦੋ-ਤਿੰਨ ਦਿਨ ਹੀ ਇਸ ਸਬੰਧ ਵਿਚ ਤਿਆਰੀਆਂ ਕਰਨ ਦੀਆਂ ਹਿਦਾਇਤਾਂ ਮਿਲੀਆਂ ਸਨ ਜਦੋਂਕਿ ਵਿਜੀਲੈਂਸ ਦੇ ਹੈਡਕੁਆਟਰ ਤੋਂ ਲੈ ਕੇ ਮੁੱਖ ਮੰਤਰੀ ਦਫ਼ਤਰ ਤੱਕ ਪਹਿਲਾਂ ਹੀ ਵਿਧਾਇਕ ਨੂੰ ਕਾਬੂ ਕਰਨ ਲਈ ਪਲਾਨਿੰਗ ਤਿਆਰ ਕੀਤੀ ਜਾ ਚੁੱਕੀ ਸੀ। ਸੂਤਰਾਂ ਮੁਤਾਬਕ ਸਭ ਤੋਂ ਪਹਿਲਾਂ ਸਿਕਾਇਤਕਰਤਾ ਅਪਣੇ ਇੱਕ ਸਾਥੀ ਨਾਲ ਵਿਜੀਲੈਂਸ ਦੇ ਡੀਜੀਪੀ ਵਰਿੰਦਰ ਕੁਮਾਰ ਕੋਲ ਸਾਰਾ ਦੁੱਖੜਾ ਸੁਣਾਉਣ ਲਈ ਪੁੱਜਿਆ ਸੀ। ਜਿਸਤੋਂ ਬਾਅਦ ਵਿਜੀਲੈਂਸ ਹੈਡਕੁਆਟਰ ਵਲੋਂ ਮਾਮਲਾ ਸੱਤਾਧਿਰ ਦੇ ਵਿਧਾਇਕ ਨਾਲ ਸਬੰਧਤ ਹੋਣ ਕਾਰਨ ਮੁੱਖ ਮੰਤਰੀ ਦਫ਼ਤਰ ਨਾਲ ਰਾਬਤਾ ਕਾਇਮ ਕੀਤਾ ਗਿਆ। ਵੱਡੀ ਗੱਲ ਇਹ ਵੀ ਪਤਾ ਲੱਗੀ ਹੈ ਕਿ ਮੁੱਖ ਮੰਤਰੀ ਦਫ਼ਤਰ ਵਲੋਂ ਐਕਸ਼ਨ ਨੂੰ ਹਰੀ ਝੰਡੀ ਦੇਣ ਤੋਂ ਪਹਿਲਾਂ ਇਸ ਵਿਧਾਇਕ ਦੀ ਰੀਪੋਰਟ ਤਿਆਰ ਕਰਵਾਈ ਗਈ, ਜੋਕਿ ਕਾਫ਼ੀ ਨੈਗੀਟਿਵ ਦੱਸੀ ਜਾ ਰਹੀ ਹੈ। ਜਿਸਤੋਂ ਬਾਅਦ ਵਿਜੀਲੈਂਸ ਨੂੰ ਕਾਰਵਾਈ ਕਰਨ ਲਈ ਖੁੱਲ ਦਿੱਤੀ ਗਈ। ਵਿਧਾਇਕ ਅਤੇ ਉਸਦੇ ਸਾਥੀ ਨਾਲ ਕਥਿਤ ਪੈਸਿਆਂ ਦੇ ਲੈਣ-ਦੇਣ ਦੀ ਹੋ ਰਹੀ ਗੱਲਬਾਤ ਨੂੰ ਰਿਕਾਰਡ ’ਤੇ ਲਿਆਉਣ ਲਈ ਸਿਕਾਇਤਕਰਤਾ ਵਲੋਂ 15-15 ਹਜ਼ਾਰ ਦੇ ਦੋ ਰਿਕਾਰਡਰ ਵੀ ਖਰੀਦੇ ਗਏ, ਜਿੰਨ੍ਹਾਂ ਵਿਚੋਂ ਇੱਕ ਰਿਕਾਰਡਰ ਗੁੰਮ ਹੋ ਗਿਆ ਜਦੋਂਕਿ ਉਸਦੇ ਵਿਚ ਵੀ ਕਾਫ਼ੀ ਅਹਿਮ ਖੁਲਾਸੇ ਹੋਣੇ ਸਨ। ਸੂਤਰਾਂ ਮੁਤਾਬਕ ਇਹ ਪ੍ਰਕ੍ਰਿਆ ਕਈ ਮਹੀਨੇ ਚੱਲਦੀ ਰਹੀ ਤੇ ਵਿਧਾਇਕ ਨੂੰ ਸ਼ੱਕ ਨਾ ਹੋਵੇ, ਇਸਦੇ ਲਈ ਸਿਕਾਇਤਕਰਤਾ ਉਸਦੇ ਨਾਲ ਨੇੜਤਾ ਵਧਾਉਂਦਾ ਰਿਹਾ। ਸੂਚਨਾ ਅਨੁਸਾਰ ਜਿਸ ਦਿਨ ਇਹ ਟਰੈਪ ਲਗਾਉਣਾ ਸੀ, ਉਸ ਦਿਨ ਵਿਜੀਲੈਂਸ ਵਲੋਂ ਵਿਧਾਇਕ ਅਮਿਤ ਰਤਨ ਨੂੰ ਕਾਬੂ ਕਰਨ ਦੀ ਤਿਆਰੀ ਸੀ। ਇਸਦੇ ਲਈ ਦੋ ਡੀਐਸਪੀ ਰੈਂਕ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਦੋ ਦਰਜਨ ਹੋਰਨਾਂ ਰੈਂਕਾਂ ਦੇ ਵਿਜੀਲੈਂਸ ਮੁਲਾਜਮ ਸ਼ਾਮਲ ਕੀਤੇ ਗਏ ਸਨ। ਵੱਡੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਇਹ ਯੋਜਨਾ ਲੀਕ ਨਾ ਹੋ ਜਾਵੇ, ਦੋਨਾਂ ਡੀਐਸਪੀ ਨੂੰ ਇਸ ਯੋਜਨਾ ਬਾਰੇ ਕੁੱਝ ਹੀ ਘੰਟੇ ਪਹਿਲਾਂ ਦਸਿਆ ਗਿਆ ਜਦੋਂਕਿ ਹੇਠਲੇ ਅਧਿਕਾਰੀਆਂ ਨੂੰ ਮੌਕੇ ਉਪਰ ਹੀ ਸੂਚਿਤ ਕੀਤਾ ਗਿਆ। ਇਸ ਸਾਰੀ ‘ਪਲਾਨਿੰਗ’ ਨਾਲ ਵਿਜੀਲੈਂਸ ਦਾ ਹੈਡਕੁਆਟਰ ਪਲ-ਪਲ ਜੁੜਿਆ ਰਿਹਾ ਤੇ ਡੀਜੀਪੀ ਖ਼ੁਦ ਸਾਰੀ ਕਾਰਵਾਈ ਨੂੰ ਮੋਨੀਟਰ ਕਰਦੇ ਰਹੇ। ਘਟਨਾ ਵਾਲੇ ਦਿਨ ਰਿਸਮ ਗਰਗ ਅਤੇ ਵਿਧਾਇਕ ਦੀ ਵੀ ਪਲ-ਪਲ ਦੀ ਰੀਪੋਰਟ ਇਕੱਠੀ ਕੀਤੀ ਜਾਂਦੀ ਰਹੀ ਕਿ ਉਹ ਕਿਧਰ ਜਾ ਰਹੇ ਹਨ, ਕਿਸਨੂੰ ਮਿਲ ਰਹੇ ਹਨ। ਇਸੇ ਤਰ੍ਹਾਂ ਸਰਕਟ ਹਾਊਸ ਦੇ ਮੁੱਖ ਗੇਟ ਅਤੇ ਇਸਦੇ ਨਾਲ ਲੱਗਦੇ ਡਿਊਨਜ਼ ਕਲੱਬ ਦੇ ਗੇਟ ਉਪਰ ਦੋਨਾਂ ਡੀਐਸਪੀਜ਼ ਦੀਆਂ ਪ੍ਰਾਈਵੇਟ ਗੱਡੀਆਂ ਖੜਾਈਆਂ ਗਈਆਂ ਤਾਂ ਕੋਈ ਭੱਜਣ ਵਿਚ ਸਫ਼ਲ ਨਾ ਹੋ ਸਕੇ। ਸੂਤਰਾਂ ਮੁਤਾਬਕ ਵਿਜੀਲੈਂਸ ਅਧਿਕਾਰੀਆਂ ਨੂੰ ਉਮੀਦ ਸੀ ਕਿ ਸਿਕਾਇਤਕਰਤਾ ਕੋਲੋ ਪੈਸੇ ਵਿਧਾਇਕ ਦੀ ਹਾਜ਼ਰੀ ਦੌਰਾਨ ਕਮਰੇ ਵਿਚ ਹੀ ਲਏ ਜਾਣਗੇ ਪ੍ਰੰਤੂ ਅਜਿਹਾ ਨਹੀਂ ਹੋਇਆ ਤੇ ਪੈਸੇ ਲੈਣ ਲਈ ਰਿਸ਼ਮ ਗਰਗ ਬਾਹਰ ਅਪਣੀ ਗੱਡੀ ਕੋਲ ਮਹਿਲਾ ਸਰਪੰਚ ਦੇ ਪਤੀ ਨੂੰ ਲੈ ਕੇ ਆ ਗਿਆ। ਗੱਡੀ ਵਿਚ ਜਦ ਪੈਸੇ ਫ਼ੜਾਉਣ ਤੋਂ ਬਾਅਦ ਸਿਕਾਇਤਕਰਤਾ ਨੇ ਵਿਜੀਲੈਂਸ ਨੂੰ ਖੱਬੇ ਹੱਥ ਨੂੰ ਸਿਰ ਉਪਰ ਫ਼ੇਰ ਕੇ ਇਸ਼ਾਰਾ ਕਰ ਦਿੱਤਾ ਤਾਂ ਵੀ ਵਿਜੀਲੈਂਸ ਦੀ ਟੀਮ ਹਰਕਤ ਵਿਚ ਨਹੀਂ ਆਈ, ਕਿਉਂਕਿ ਉਨ੍ਹਾਂ ਨੂੰ ਮੁੜ ਉਮੀਦ ਸੀ ਕਿ ਕਥਿਤ ਮੁਜ਼ਰਮ ਇਹ ਪੈਸੇ ਲੈ ਕੇ ਵਿਧਾਇਕ ਵਾਲੇ ਕਮਰੇ ਵਿਚ ਜਾਵੇਗਾ ਪ੍ਰੰਤੂ ਅਜਿਹਾ ਨਹੀਂ ਹੋਇਆ ਤੇ ਉਹ ਸਰਕਟ ਹਾਊਸ ਦੇ ਮੁੱਖ ਗੇਟ ਰਾਹੀਂ ਗੱਡੀ ਲੈ ਕੇ ਬਾਹਰ ਜਾਣ ਲੱਗਿਆ, ਜਿਸਦੇ ਚੱਲਦੇ ਇੱਕ ਡੀਐਸਪੀ ਨੇ ਗੇਟ ਅੱਗੇ ਅਪਣੀ ਗੱਡੀ ਲਗਾ ਕੇ ਉਸਦੀ ਗੱਡੀ ਰੋਕ ਲਈ ਅਤੇ ਰੰਗ ਲੱਗੇ ਚਾਰ ਲੱਖ ਰੁਪਇਆ ਸਹਿਤ ਕਾਬੂ ਕਰ ਲਿਆ।
ਬਾਕਸ
ਮਹਿੰਦਰਾ ਕਾਲਜ਼ ’ਚ ਇਕੱਠੇ ਪੜਦੇ ਰਹੇ ਹਨ ਰਿਸ਼ਮ ਗਰਗ ਤੇ ਅਮਿਤ ਰਤਨ
ਬਠਿੰਡਾ: ਉਧਰ ਇਹ ਵੀ ਪਤਾ ਚੱਲਿਆ ਹੈ ਕਿ ਰਿਸਮ ਗਰਗ ਅਤੇ ਵਿਧਾਇਕ ਅਮਿਤ ਰਤਨ ਬਚਪਨ ਦੇ ਦੋਸਤ ਹਨ ਤੇ ਇੰਨ੍ਹਾਂ ਨੇ ਮਹਿਦਰਾ ਕਾਲਜ਼ ਪਟਿਆਲਾ ਤੋਂ ਇਕੱਠਿਆ ਹੀ ਬਾਹਰਵੀਂ ਪਾਸ ਕੀਤੀ ਹੈ। ਦੋਨਾਂ ਦੀ ਇਹ ਦੋਸਤੀ ਅੱਗੇ ਵੀ ਚੱਲਦੀ ਰਹੀ ਤੇ ਵਿਧਾਨ ਸਭਾ ਚੋਣਾਂ ਦੌਰਾਨ ਰਿਸ਼ਮ ਨੇ ਅਮਿਤ ਰਤਨ ਦੀ ਚੋਣ ਮੁਹਿੰਮ ਵਿਚ ਕਾਫ਼ੀ ਭੂਮਿਕਾ ਨਿਭਾਈ ਤੇ ਹੁਣ ਵੀ ਚੋਣ ਜਿੱਤਣ ਤੋਂ ਬਾਅਦ ਉਹ ਹਲਕੇ ਵਿਚ ਵਿਚਰ ਰਿਹਾ ਸੀ।