ਵਿਧਾਇਕ ਅਮਿਤ ਰਤਨ ਨੇ ਵੀ ਕੀਤਾ ਦਾਅਵਾ ਕਿ ਗ੍ਰਿਫਤਾਰ ਕੀਤਾ ਵਿਅਕਤੀ ਨਹੀਂ ਹੈ ਉਸਦਾ ਪੀਏ
ਭਾਜਪਾ ਆਗੂਆਂ ਨੇ ਵਿਧਾਇਕ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸਰਕਟ ਹਾਊਸ ਵਿਚ ਕੀਤੀ ਨਾਅਰੇਬਾਜ਼ੀ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 16 ਫਰਵਰੀ : ਵਿਜੀਲੈਂਸ ਬਿਉਰੋ ਵਲੋਂ ਅੱਜ ਸ਼ਾਮ ਖੁਦ ਨੂੰ ਆਪ ਵਿਧਾਇਕ ਦੇ ਪ੍ਰਾਈਵੇਟ ਪੀਏ ਦੱਸਣ ਵਾਲੇ ਰਸਿਮ ਗਰਗ ਨਾਂ ਦੇ ਇੱਕ ਵਿਅਕਤੀ ਨੂੰ ਪੰਚਾਇਤੀ ਕੰਮਾਂ ਲਈ ਆਈ ਰਾਸ਼ੀ ਦੇ ਕਮਿਸ਼ਨ ਵਜੋਂ ਚਾਰ ਲੱਖ ਰੁਪਏ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ। ਦੇਰ ਸ਼ਾਮ ਸਥਾਨਕ ਸਰਕਟ ਹਾਊਸ ’ਚ ਹੋਏ ਇਸ ਨਾਟਕੀ ਘਟਨਾਕ੍ਰਮ ਦੌਰਾਨ ਮੌਕੇ ’ਤੇ ਹੀ ਮੌਜੂਦ ਵਿਧਾਇਕ ਅਮਿਤ ਰਤਨ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਮੌਕੇ ’ਤੇ ਪੁੱਜੇ ਭਾਜਪਾ ਆਗੂਆਂ ਵਲੋਂ ਨਾਅਰੇਬਾਜ਼ੀ ਕੀਤੀ ਗਈ। ਜਿਸਦੇ ਚੱਲਦੇ ਸਥਿਤੀ ਕਾਫ਼ੀ ਤਨਾਅਪੂਰਨ ਹੋ ਗਈ ਤੇ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਪ੍ਰਸ਼ਾਸਨ ਵਲੋਂ ਭਾਰੀ ਤਾਦਾਦ ਵਿਚ ਪੁਲਿਸ ਤੈਨਾਤ ਕਰ ਦਿੱਤੀ ਗਈ। ਇਸ ਮੌਕੇ ਵਿਧਾਂਇਕ ਦੀ ਹਿਮਾਇਤ ’ਚ ਪੁੱਜੇ ਕੁੱਝ ਆਪ ਆਗੂਆਂ ਦੀ ਵੀ ਸਾਬਕਾ ਵਿਧਾਇਕ ਤੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਨਾਲ ਝੜਪ ਹੋ ਗਈ। ਜਿਸਦੇ ਚੱਲਦੇ ਨੌਬਤ ਹੱਥੋਪਾਈ ਤੱਕ ਪੁੱਜ ਗਈ। ਉਧਰ, ਕਰੀਬ ਦੋ ਘੰਟੇ ਸਰਕਟ ਹਾਊਸ ’ਚ ਚੱਲੇ ਇਸ ਡਰਾਮੇ ਦੌਰਾਨ ਵਿਜੀਲੈਂਸ ਦੇ ਅਧਿਕਾਰੀਆਂ ਵਲੋਂ ਵਿਧਾਇਕ ਨੂੰ ਵੀ ਰੋਕ ਕੇ ਰੱਖਿਆ ਗਿਆ ਤੇ ਪੁਛਗਿਛ ਕੀਤੀ ਗਈ ਤੇ ਬਾਹਰ ਭਾਜਪਾ ਅਤੇ ਮੀਡੀਆ ਦੇ ਜਮਾਵੜੇ ਨੂੰ ਦੇਖਦਿਆਂ ਪਿਛਲੇ ਗੇਟ ਰਾਹੀਂ ਵਿਧਾਇਕ ਨੂੰ ਬਾਹਰ ਕੱਢਿਆ ਗਿਆ ਜਦੋਂਕਿ ਖੁਦ ਨੂੰ ਵਿਧਾਇਕ ਦੇ ਨਿੱਜੀ ਸਹਾਇਕ ਦਸਣ ਵਾਲੇ ਰਸ਼ਿਮ ਗਰਗ ਵਾਸੀ ਸਮਾਣਾ ਜਿਲਾ ਪਟਿਆਲਾ ਨੂੰ ਮੁੱਖ ਗੇਟ ਤੋਂ ਗ੍ਰਿਫਤਾਰ ਕਰਕੇ ਲਿਜਾਇਆ ਗਿਆ। ਵਿਜੀਲੈਂਸ ਦੇ ਅਧਿਕਾਰੀਆਂ ਵਲੋਂ ਵੀ ਪਹਿਲਾਂ ਜਾਰੀ ਪ੍ਰੈਸ ਬਿਆਨ ਵਿਚ ਰਸ਼ਿਮ ਗਰਗ ਨੂੰ ਵਿਧਾਇਕ ਦਾ ਨਿੱਜੀ ਸਹਾਇਕ ਦੱਸਿਆ ਸੀ ਪ੍ਰੰਤੂ ਬਾਅਦ ਵਿਚ ਤਬਦੀਲ ਕਰਕੇ ਭੇਜੇ ਪ੍ਰੈਸ ਨੋਟ ਵਿਚ ਉਸਨੂੰ ਪ੍ਰਾਈਵੇਟ ਵਿਅਕਤੀ ਦਸਿਆ ਗਿਆ। ਵਿਜੀਲੈਂਸ ਅਧਿਕਾਰੀਆਂ ਮੁਤਾਬਕ ਪਰਚਾ ਇਕੱਲੇ ਰਸਮਿ ਗਰਗ ਵਿਰੁਧ ਦਰਜ਼ ਕੀਤਾ ਗਿਆ ਹੈ ਤੇ ਸਿਕਾਇਤਕਰਤਾ ਵਲੋਂ ਮੁਹੱਈਆ ਕਰਵਾਏ ਤੱਥਾਂ ਤਹਿਤ ਵਿਧਾਂਇਕ ਦੀ ਭੂਮਿਕਾ ਦੀ ਵੀ ਤਫ਼ਤੀਸ ਕੀਤੀ ਜਾ ਸਕਦੀ ਹੈ। ਗੌਰਤਲਬ ਹੈ ਕਿ ਵਿਜੀਲੈਂਸ ਬਿਊਰੋ ਕੋਲ ਬਠਿੰਡਾ ਦਿਹਾਤੀ ਹਲਕੇ ਦੇ ਅਧੀਨ ਆਉਂਦੇ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਸੀਮਾ ਰਾਣੀ ਦੇ ਪਤੀ ਪ੍ਰਿਤਪਾਲ ਕੁਮਾਰ ਉਰਫ਼ ਕਾਕਾ ਵੱਲੋਂ ਸ਼ਿਕਾਇਤ ਕੀਤੀ ਗਈ ਸੀ, ਜਿਸ ਵਿਚ ਉਨ੍ਹਾਂ ਦੋਸ਼ ਲਗਾਇਆ ਸੀ ਕਿ ਗ੍ਰਾਮ ਪੰਚਾਇਤ ਘੁੱਦਾ ਨੂੰ 15ਵੇਂ ਵਿੱਤ ਕਮਿਸ਼ਨ ਤਹਿਤ ਬਲਾਕ ਸੰਮਤੀ ਰਾਹੀਂ ਪ੍ਰਾਪਤ 25 ਲੱਖ ਰੁਪਏ ਦੀ ਸਰਕਾਰੀ ਗ੍ਰਾਂਟ ਨੂੰ ਬੀਡੀਪੀਓ ਤੋਂ ਰਿਲੀਜ ਕਰਾਉਣ ਬਦਲੇ ਉਕਤ ਮੁਲਜ਼ਮ ਉਸ ਕੋਲੋਂ 5 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਪ੍ਰੰਤੂ ਉਹ ਇਸ ਕੰਮ ਲਈ ਰਿਸ਼ਵਤ ਨਹੀਂ ਸੀ ਦੇਣਾ ਚਾਹੁੰਦੇ , ਜਿਸਦੇ ਚੱਲਦੇ ਮਜਬੂਰਨ ਵਿਧਾਇਕ ਦੇ ਪੀਏ ਨੂੰ ਪਹਿਲੀ ਕਿਸ਼ਤ ਵਜੋਂ 50,000 ਰੁਪਏ ਦਿੱਤੇ ਜਾ ਚੁੱਕੇ ਸਨ ਤੇ ਅੱਜ ਚਾਰ ਲੱਖ ਰੁਪਏ ਦਿੱਤੇ ਜਾਣੇ ਸਨ। ਸੂਚਨਾ ਮੁਤਾਬਕ ਉਕਤ ਮੁਲਜਮ ਨੇ ਇਹ ਰਾਸ਼ੀ ਸਰਕਟ ਹਾਊਸ ਦੇ ਬਾਹਰ ਖ਼ੜੀ ਇੱਕ ਪ੍ਰਾਈਵੇਟ ਗੱਡੀ ਵਿਚ ਬੈਠ ਕੇ ਲਈ, ਤੇ ਇਸ ਦੌਰਾਨ ਮੌਕੇ ’ਤੇ ਵਿਜੀਲੈਂਸ ਪੁੱਜ ਗਈ। ਗੌਰਤਲਬ ਹੈ ਕਿ ਵਿਧਾਇਕ ਅਮਿਤ ਰਤਨ ਨੇ 2017 ਵਿੱਚ ਅਕਾਲੀ ਦਲ ਵੱਲੋਂ ਬਠਿੰਡਾ ਦਿਹਾਤੀ ਹਲਕੇ ਤੋਂ ਚੋਣ ਲੜੀ ਸੀ ਪ੍ਰੰਤੂ ਆਪ ਦੀ ਉਮੀਦਵਰ ਰੁਪਿੰਦਰ ਕੌਰ ਰੂਬੀ ਕੋਲੋ ਹਾਰ ਗਏ ਸਨ। ਜਿਸਤੋਂ ਬਾਅਦ ਉਨ੍ਹਾਂ ਉਪਰ ਅਕਾਲੀ ਦਲ ਦੇ ਹੀ ਕੁੱਝ ਵਰਕਰਾਂ ਨੇ ਠੱਗੀ ਮਾਰਨ ਦੇ ਦੋਸ਼ ਲਗਾਏ ਸਨ, ਜਿਸਦੇ ਚੱਲਦੇ ਉਸਨੂੰ ਅਕਾਲੀ ਦਲ ਵਿਚੋਭਂ ਕੱਢ ਦਿਤਾ ਗਿਆ ਸੀ ਤੇ 2022 ਦੀਆਂ ਚੋਣਾਂ ਮੌਕੇ ਉਹ ਆਪ ਵਿਚ ਸ਼ਾਮਲ ਹੋ ਗਏ ਸਨ ਤੇ ਇਸੇ ਹਲਕੇ ਤੋਂ ਚੋਣ ਜਿੱਤਣ ਵਿਚ ਸਫ਼ਲ ਰਹੇ। ਉਧਰ ਇਸ ਮੌਕੇ ਪੁੱਜੇ ਬੀ. ਜੇ. ਪੀ ਦੇ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਸਾਬਕਾ ਚੇਅਰਮੈਨ ਅਸੋਕ ਭਰਤੀ, ਸਾਬਕਾ ਚੇਅਰਮੈਨ ਮੋਹਨ ਲਾਲ ਗਰਗ ਆਦਿ ਵੱਡੀ ਗਿਣਤੀ ਵਿਚ ਆਪਣੇ ਸਮਰਥਕਾਂ ਨਾਲ ਸਰਕਟ ਹਾਊਸ ਵਿਚ ਪੁੱਜ ਗਏ ਤੇ ਉਨ੍ਹਾਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਵਿਧਾਇਕ ਨੂੰ ਵੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਇਸ ਮੌਕੇ ਵਿਧਾਇਕ ਦੇ ਸਮਰਥਕ ਰਾਹੁਲ ਝੂੰਬਾ ਨਾਲ ਭਾਜਪਾ ਆਗੂਆਂ ਦੀ ਤਲਖਕਲਾਮੀ ਹੋ ਗਿਆ ਤੇ ਮਹੌਲ ਤਨਾਅ ਪੂਰਨ ਬਣ ਗਿਆ, ਜਿਸਨੂੰ ਪੁਲਿਸ ਨੇ ਕਾਫ਼ੀ ਮੁਸੱਕਤ ਨਾਲ ਕਾਬੂ ਕੀਤਾ।
ਰਸਿਮ ਗਰਗ ਨਹੀਂ ਹੈ ਮੇਰਾ ਪੀਏ: ਅਮਿਤ ਰਤਨ
ਬਠਿੰਡਾ: ਉਧਰ ਦੇਰ ਸ਼ਾਮ ਵਿਧਾਇਕ ਅਮਿਤ ਰਤਨ ਨੇ ਸੋਸਲ ਮੀਡੀਆ ’ਤੇ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਕਿ ਵਿਜੀਲੈਂਸ ਵਲੋਂ ਗ੍ਰਿਫਤਾਰ ਕੀਤਾ ਗਿਆ ਰਸ਼ਿਮ ਗਰਗ ਉਸਦਾ ਪੀਏ ਨਹੀਂ ਹੈ, ਬਲਕਿ ਉਸਦਾ ਪੀਏ ਰਣਵੀਰ ਸਿੰਘ ਹੈ। ਜਿਸਦੇ ਚੱਲਦੇ ਗ੍ਰਿਫਤਾਰ ਕੀਤੇ ਵਿਅਕਤੀ ਨਾਲ ਉਸਦਾ ਕੋਈ ਲੈਣਾ-ਦੇਣਾ ਨਹੀਂ ਹੈ।
Share the post "ਵਿਜੀਲੈਂਸ ਵਲੋਂ ਆਪ ਵਿਧਾਇਕ ਦੇ ਨੇੜਲਾ ਸਾਥੀ ਦੱਸੇ ਜਾਣ ਵਾਲੇ ਵਿਅਕਤੀ 4 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਕੀਤਾ ਕਾਬੂ"