ਸੁਖਜਿੰਦਰ ਮਾਨ
ਬਠਿੰਡਾ, 27 ਜੁਲਾਈ: ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਿੰਨ ਸਾਲ ਪੂਰੇ ਹੋਣ ਦੇ ਮੌਕੇ ‘ਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਐਨਈਪੀ-2020 ਨੂੰ ਸਫ਼ਲਤਾਪੂਰਵਕ ਲਾਗੂ ਕਰਨ ਸੰਬੰਧੀ ਯੂਨੀਵਰਸਿਟੀ ਵੱਲੋਂ ਕੀਤੇ ਯਤਨਾਂ ਅਤੇ ਭਵਿੱਖ ਦੀਆਂ ਰਣਨੀਤੀਆਂ ਨੂੰ ਸਾਂਝਾ ਕਰਨ ਲਈ ਇੱਕ ਪ੍ਰੈੱਸ ਕਾਨਫਰੰਸ ਕੀਤੀ।ਪ੍ਰੈੱਸ ਕਾਨਫਰੰਸ ਦੌਰਾਨ ਵਾਈਸ ਚਾਂਸਲਰ ਪ੍ਰੋ. ਆਰ.ਪੀ ਤਿਵਾਰੀ ਅਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ “ਐਨਈਪੀ-2020 ਲਾਗੂ ਕਰਨ ਦੁਆਰਾ ਸਿੱਖਿਆ ਵਿੱਚ ਬਦਲਾਵ: ਪ੍ਰਾਪਤੀਆਂ ਅਤੇ ਅੱਗੇ ਦਾ ਰਾਹ” ਸਿਰਲੇਖ ਵਾਲੀ ਇੱਕ ਹੈੰਡਬੂਕ ਰਿਲੀਜ ਕੀਤੀ। ਇਸ ਪ੍ਰੈੱਸ ਕਾਨਫਰੰਸ ਦੌਰਾਨ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਵਿਜ਼ਨ ਨੂੰ ਉਜਾਗਰ ਕਰਦੇ ਹੋਏ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾਰੀ ਨੇ ਕਿਹਾ ਕਿ ਇਹ ਸਿੱਖਿਆ ਨੀਤੀ ਭਾਰਤ ਦੇ ਵਿਦਿਅਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਹਰੇਕ ਨਾਗਰਿਕ ਨੂੰ ਮਿਆਰੀ ਸਿੱਖਿਆ ਤੱਕ ਪਹੁੰਚ ਪ੍ਰਦਾਨ ਕਰਨ ‘ਤੇ ਕੇਂਦਰਿਤ ਹੈ, ਤਾਂ ਜੋ ਇੱਕ ਜੀਵੰਤ ਅਤੇ ਗਿਆਨਵਾਨ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਐਨਈਪੀ-2020 ਦੇ ਪਰਿਵਰਤਨਸ਼ੀਲ ਸੁਧਾਰਾਂ ਦਾ ਉਦੇਸ਼ ਵਿਸ਼ਵ ਹੁਨਰ ਅਤੇ ਨੈਤਿਕ ਕਦਰਾਂ ਕੀਮਤਾਂ ਵਾਲੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਹੈ ਜੋ ਆਤਮਨਿਰਭਰ ਭਾਰਤ ਦੀ ਯਾਤਰਾ ਵਿੱਚ ਯੋਗਦਾਨ ਪਾਉਣਗੇ।ਉਹਨਾਂ ਦੱਸਿਆ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਉੱਚ ਸਿੱਖਿਆ ਵਿੱਚ ਲੋੜੀਂਦੇ ਬਦਲਾਅ ਲਿਆਉਣ ਲਈ ਅਕਾਦਮਿਕ ਸੈਸ਼ਨ 2021-2022 ਅਤੇ 2022-2023 ਦੌਰਾਨ ਐਨਈਪੀ-2020 ਦੇ ਅਨੁਸਾਰ ਕਈ ਮਹੱਤਵਪੂਰਨ ਸੁਧਾਰ ਲਾਗੂ ਕੀਤੇ ਹਨ। ਇਹਨਾਂ ਸੁਧਾਰਾਂ ਵਿੱਚੋਂ ਮੁੱਖ ਹਨ: ਲਰਨਿੰਗ ਆਊਟਕਮ-ਸੈਂਟ੍ਰਿਕ ਫਰੇਮਵਰਕ ਅਧਾਰਿਤ ਬਹੁ-ਅਨੁਸ਼ਾਸਨੀ, ਸੰਪੂਰਨ, ਅਤੇ ਲਚਕਦਾਰ ਪਾਠਕ੍ਰਮ ਨੂੰ ਲਾਗੂ ਕਰਨਾ; ਅਕਾਦਮਿਕ ਬੈਂਕ ਆਫ਼ ਕ੍ਰੈਡਿਟ ਅਤੇ ਨੈਸ਼ਨਲ ਅਕਾਦਮਿਕ ਡਿਪਾਜ਼ਟਰੀ ਦੇ ਨਾਲ ਸਿੱਖਿਆ ਦਾ ਡਿਜੀਟਲੀਕਰਨ; ਮਲਟੀਪਲ-ਐਂਟਰੀ ਅਤੇ ਐਗਜ਼ਿਟ ਵਿਕਲਪਾਂ ਨੂੰ ਲਾਗੂ ਕਰਨਾ; ਮੈਸਿਵ ਓਪਨ ਔਨਲਾਈਨ ਕੋਰਸ ਦੁਆਰਾ ਕ੍ਰੈਡਿਟ ਟ੍ਰਾਂਸਫਰ ਦੀ ਸਹੂਲਤ ਦੇਣਾ ਅਤੇ ਰਾਸ਼ਟਰੀ ਕ੍ਰੈਡਿਟ ਫਰੇਮਵਰਕ ਨੂੰ ਅਪਣਾਉਣਾ; ਅਤੇ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਇੰਟਰਨਸ਼ਿਪ, ਖੋਜ, ਕਮਿਊਨਿਟੀ ਟੀਚਿੰਗ, ਇੰਡਸਟਰੀ ਟਰੇਨਿੰਗ, ਸਰਵਿਸ ਲਰਨਿੰਗ, ਵਿਦਿਅਕ ਟੂਰ ਅਤੇ ਫੀਲਡ ਟ੍ਰਿਪਸ ਰਾਹੀਂ ਅਨੁਭਵ ਅਧਾਰਤ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਜਿਹੇ ਸੁਧਾਰ ਸ਼ਾਮਲ ਹਨ।ਪ੍ਰੋ. ਤਿਵਾਰੀ ਨੇ ਦੱਸਿਆ ਕਿ ਐਨਈਪੀ-2020 ਦੀ ਵਿਜਨ ਦੇ ਅਨੁਸਾਰ ਯੂਨੀਵਰਸਿਟੀ ਪਾਠਕ੍ਰਮ ਵਿੱਚ ਹੁਨਰ-ਅਧਾਰਿਤ ਕੋਰਸਾਂ ਨੂੰ ਤਰਜੀਹ ਦਿਤੀ ਗਈ ਹੈ। ਇਸ ਕਿਸਮ ਦੇ ਕੋਰਸ ਵਿਦਿਆਰਥੀਆਂ ਵਿੱਚ ਲੋੜੀਂਦੇ ਹੁਨਰ ਨੂੰ ਵਿਕਸਤ ਕਰਨ ਵਿੱਚ ਬਹੁਤ ਪ੍ਰਭਾਵਸ਼ਾਲੀ ਸਿੱਧ ਰਹੇ ਹਨ।ਪ੍ਰੋ. ਤਿਵਾਰੀ ਨੇ ਦੱਸਿਆ ਕਿ ਐਨਈਪੀ-2020 ਦੇ ਪਹਿਲਾਂ ਤੋਂ ਲਾਗੂ ਕੀਤੇ ਗਏ ਸੁਧਾਰਾਂ ਨੂੰ ਵਧਾਉਣ ਤੋਂ ਇਲਾਵਾ, ਯੂਨੀਵਰਸਿਟੀ ਨੇ ਐਨਈਪੀ-2020 ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਅੱਗੇ ਦੀਆਂ ਰਣਨੀਤੀਆਂ ਤਿਆਰ ਕੀਤੀਆਂ ਹਨ। ਇਹਨਾਂ ਰਣਨੀਤੀਆਂ ਵਿੱਚ ਨਵੇਂ ਯੁੱਗ ਦੇ ਪ੍ਰੋਗਰਾਮਾਂ ਦੇ ਨਾਲ-ਨਾਲ ਦੋਹਰੇ-ਡਿਗਰੀ ਅਤੇ ਸੰਯੁਕਤ ਡਿਗਰੀ ਪ੍ਰੋਗਰਾਮਾਂ ਦੀ ਸ਼ੁਰੂਆਤ ਸ਼ਾਮਲ ਹੈ ਜਿਸਦਾ ਉਦੇਸ਼ ਉੱਚ ਸਿੱਖਿਆ ਅਤੇ ਖੋਜ ਵਿੱਚ ਵਿਕਲਪਾਂ ਦਾ ਵਿਸਥਾਰ ਕਰਨਾ ਹੈ। ਉਹਨਾਂ ਕਿਹਾ ਕਿ ਯੂਨੀਵਰਸਿਟੀ ਸਮਾਜਿਕ ਉੱਦਮਤਾ ਅਤੇ ਟਿਕਾਊ ਵਿਕਾਸ, ਮਨੁੱਖੀ ਕਦਰਾਂ-ਕੀਮਤਾਂ ਅਤੇ ਭਾਰਤੀ ਗਿਆਨ ਪਰੰਪਰਾਵਾਂ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਅਤੇ ਯੂਨੀਵਰਸਿਟੀ ਨੂੰ ਖੋਜ-ਮੁਖੀ ਸੰਸਥਾ ਵਿੱਚ ਬਦਲਣ ਦਾ ਟੀਚਾ ਮਿੱਥਿਆ ਹੈ।ਇਸ ਦੌਰਾਨ ਯੂਨੀਵਰਸਿਟੀ ਅਧਿਕਾਰੀਆਂ ਨੇ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਪੂਰੀ ਤਰ੍ਹਾਂ ਲਾਗੂ ਕਰਕੇ ਦੇਸ਼ ਦੇ ਨੌਜਵਾਨਾਂ ਨੂੰ ਲਾਭ ਪਹੁੰਚਾਉਣ ਲਈ ਆਪਣੀਆਂ ਭਵਿੱਖ ਦੀਆਂ ਰਣਨੀਤੀਆਂ ਸਾਂਝੀਆਂ ਕੀਤੀਆਂ।ਇਸ ਦੌਰਾਨ ਆਈਕਿਊਏਸੀ ਡਾਇਰੈਕਟਰ ਪ੍ਰੋ. ਮੋਨੀਸ਼ਾ ਧੀਮਾਨ, ਕੰਟਰੋਲਰ ਪ੍ਰੀਖਿਆਵਾਂ ਅਤੇ ਕਾਰਜਕਾਰੀ ਰਜਿਸਟਰਾਰ ਪ੍ਰੋ. ਬੀ.ਪੀ. ਗਰਗ; ਡੀਨ ਵਿਦਿਆਰਥੀ ਭਲਾਈ ਪ੍ਰੋ. ਸੰਜੀਵ ਠਾਕੁਰ; ਵਿੱਤ ਅਫ਼ਸਰ ਡਾ. ਰਾਜਕੁਮਾਰ ਸ਼ਰਮਾ, ਡਾ. ਬਾਵਾ ਸਿੰਘ ਅਤੇ ਡਾ. ਰਮਨਪ੍ਰੀਤ ਕੌਰ ਆਦਿ ਹਾਜ਼ਰ ਸਨ।
Share the post "ਵਿਦਿਆਰਥੀਆਂ ਦੇ ਫਾਇਦੇ ਲਈ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਪੰਜਾਬ ਕੇਂਦਰੀ ਯੂਨੀਵਰਸਿਟੀ ਵਚਨਬੱਧ – ਪ੍ਰੋ. ਤਿਵਾਰੀ"