1.31 ਹਜ਼ਾਰ ਕੀਤੇ ਬਰਾਮਦ, ਵਿਧਇਕ ਦੇ ਨਾਲ ਸਬੰਧਾਂ ਬਾਰੇ ਹੋਵੇਗੀ ਪੁਛਗਿਛ
ਸੁਖਜਿੰਦਰ ਮਾਨ
ਬਠਿੰਡਾ, 20 ਫਰਵਰੀ : ਲੰਘੀ 16 ਫ਼ਰਵਰੀ ਦੀ ਸ਼ਾਮ ਨੂੰ ਵਿਜੀਲੈਂਸ ਵਲੋਂ ਬਠਿੰਡਾ ਦੇ ਸਰਕਟ ਹਾਊਸ ਵਿਖੇ ਇੱਕ ਮਹਿਲਾ ਸਰਪੰਚ ਦੇ ਪਤੀ ਕੋਲੋ ਗ੍ਰਾਂਟਾਂ ਰਿਲੀਜ਼ ਕਰਵਾਉਣ ਬਦਲੇ ਚਾਰ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤੇ ਗਏ ਬਠਿੰਡਾ ਦਿਹਾਤੀ ਹਲਕੇ ਦੇ ਵਿਧਾਇਕ ਦੇ ਨਜ਼ਦੀਕੀ ਸਾਥੀ ਰਿਸ਼ਮ ਗਰਗ ਨੂੰ ਅੱਜ ਮੁੜ ਅਦਾਲਤ ਨੇ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਵਿਜੀਲੈਂਸ ਨੂੰ ਸੌਪ ਦਿੱਤਾ ਹੈ। ਵਿਜੀਲੈਂਸ ਵਲੋਂ ਪੇਸ਼ ਹੋਏ ਵਧੀਕ ਜ਼ਿਲ੍ਹਾ ਅਟਾਰਨੀ ਅਮਰਜੀਤ ਸਿਆਲ ਅਤੇ ਤਰੁਣ ਗੋਇਲ ਨੇ ਅਦਾਲਤ ਵਿਚ ਦਾਅਵਾ ਕੀਤਾ ਕਿ ਕਥਿਤ ਮੁਜਰਮ ਕੋਲੋ ਰਿਸ਼ਵਤ ਦੇ ਰੂਪ ਵਿਚ ਲਏ ਗਏ 1.31 ਹਜ਼ਾਰ ਰੁਪਏ ਬਰਾਮਦ ਹੋ ਚੁੱਕੇ ਹਨ ਤੇ ਬਾਕੀ 1.69 ਹਜ਼ਾਰ ਰੁਪਏ ਬਰਾਮਦ ਕੀਤੇ ਜਾਣੇ ਹਨ। ਇਸੇ ਤਰ੍ਹਾਂ ਇਸਦੇ ਵਿਧਾਇਕ ਨਾਲ ਸਬੰਧਾਂ ਬਾਰੇ ਵੀ ਪੁਛਪੜਤਾਲ ਕੀਤੀ ਜਾਣੀ ਹੈ ਤੇ ਨਾਲ ਹੀ ਹੁਣ ਤੱਕ ਇਸ ਵੱਲੋਂ ਕਿੰਨੇ ਪੈਸੇ ਇਸ ਤਰ੍ਹਾਂ ਇਕੱਠੇ ਕੀਤੇ ਗਏ ਹਨ, ਬਾਰੇ ਵੀ ਜਾਣਨਾ ਹੈ। ਇਸ ਦੌਰਾਨ ਅਦਾਲਤ ਵਿਚ ਸਰਕਾਰੀ ਪੱਖ ਤੇ ਬਚਾਓ ਪੱਖ ਦੇ ਵਕੀਲ ਗੁਰਜੀਤ ਸਿੰਘ ਖਡਿਆਲ ਦੌਰਾਨ ਕਾਫ਼ੀ ਦਲੀਲਬਾਜ਼ੀ ਵੀ ਹੋਈ। ਉਧਰ ਪਤਾ ਲੱਗਿਆ ਹੈ ਕਿ ਵਿਜੀਲੈਂਸ ਵਲੋਂ ਇਸ ਮਾਮਲੇ ਵਿਚ ਵਿਧਾਇਕ ਨੂੰ ਵੀ ਹੱਥ ਪਾਉਣ ਦੀ ਲਗਭਗ ਤਿਆਰੀ ਕਰ ਲਈ ਗਈ ਹੈ। ਸੂਤਰਾਂ ਮੁਤਾਬਕ ਇਸ ਸਬੰਧ ਵਿਚ ਮੁਦਈ ਪ੍ਰਿਤਪਾਲ ਕਾਕਾ ਵਲੋਂ ਮੁਹੱਈਆਂ ਕਰਵਾਈਆਂ ਗਈਆਂ ਆਡੀਓਜ਼ ਦੀ ਵੀ ਪੜਤਾਲ ਕਰਵਾਈ ਜਾ ਰਹੀ ਹੈ ਤੇ ਨਾਲ ਹੀ ਅਰੋਪੀ ਰਿਸ਼ਮ ਗਰਗ ਦੇ ਫ਼ੋਨ ਦੀ ਕਾਲ ਡਿਟੇਲ ਮੰਗੀ ਗਈ ਹੈ। ਸੂਚਨਾ ਮੁਤਾਬਕ ਵਿਜੀਲੈਂਸ ਅਧਿਕਾਰੀਆਂ ਦੇ ਹੱਥ ਇਸ ਕੇਸ ਦੀ ਹੁਣ ਤੱਕ ਹੋਈ ਪੜਤਾਲ ਦੌਰਾਨ ਪਿਛਲੇ ਕੁੱਝ ਸਮੇਂ ਵਿਚ ਬਠਿੰਡਾ ਦਿਹਾਤੀ ਹਲਕੇ ਵਿਚ ਹੋਏ ਕੰਮਾਂ ਬਾਰੇ ਕਾਫ਼ੀ ਮਹੱਤਵਪੂਰ ਸੁਰਾਗ ਹੱਥ ਲੱਗੇ ਹਨ। ਵਿਧਾਇਕ ਦੇ ਨਾਲ ਵਿਚਰਨ ਵਾਲੇ ਹਲਕੇ ਦੇ ਕੁੱਝ ਆਪ ਆਗੂਆਂ ਦੀ ਵੀ ਭੂਮਿਕਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
Share the post "ਵਿਧਾਇਕ ਦੇ ਨਜ਼ਦੀਕੀ ਰਿਸ਼ਮ ਗਰਗ ਦਾ ਵਿਜੀਲੈਂਸ ਨੂੰ ਮੁੜ ਮਿਲਿਆ ਤਿੰਨ ਰੋਜ਼ਾ ਰਿਮਾਂਡ"