ਬੀਤੇ ਕੱਲ ਹੀ ਦੋ ਦਰਜ਼ਨ ਕਾਂਗਰਸੀ ਕੋਂਸਲਰਾਂ ਨੇ ਮੇਅਰ ਵਿਰੁਧ ਬਣਾਈ ਸੀ ਰਣਨੀਤੀ
ਸੁਖਜਿੰਦਰ ਮਾਨ
ਬਠਿੰਡਾ, 12 ਜੂਨ: ਅਪਣੀ ਹੀ ਪਾਰਟੀ ਦੇ ਕੋਂਸਲਰਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੀ ਬਠਿੰਡਾ ਨਗਰ ਨਿਗਮ ਦੀ ਮੇਅਰ ਰਮਨ ਗੋਇਲ ਵਲੋਂ ਭਲਕੇ ਮੰਗਲਵਾਰ ਨੂੰ ਹੋਣ ਜਾ ਰਹੀ ਜਨਰਲ ਹਾਊਸ ਦੀ ਮੀਟਿੰਗ ਰੱਦ ਕਰ ਦਿੱਤੀ ਹੈ। ਪਤਾ ਲੱਗਿਆ ਹੈ ਕਿ ਮੀਟਿੰਗ ’ਚ ਰੱਖੇ ਏਜੰਡੇ ਅਤੇ ਇਸ ਸਬੰਧੀ ਕੋਂਸਲਰਾਂ ਦੀ ਰਾਏ ਨਾ ਲੈਣ ਤੋਂ ਭੜਕੇ ਕਾਂਗਰਸੀ ਕੋਂਸਲਰਾਂ ਵਲੋਂ ਮੇਅਰ ਨੂੰ ਘੇਰਣ ਲਈ ਬੀਤੇ ਕੱਲ ਹੀ ਰਣਨੀਤੀ ਘੜੀ ਸੀ। ਇਸ ਸਬੰਧ ਵਿਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਕਾਂਗਰਸ ਦਫ਼ਤਰ ’ਚ ਕਰੀਬ ਦੋ ਦਰਜ਼ਨ ਕੋਂਸਲਰਾਂ ਵਲੋਂ ਮੀਟਿੰਗ ਕੀਤੀ ਗਈ ਸੀ। ਦਸਣਾ ਬਣਦਾ ਹੈ ਕਿ ਕਾਂਗਰਸੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਕੁੱਝ ਸਮਾਂ ਪਹਿਲਾਂ ਪੌਣੀ ਦਰਜ਼ਨ ਕੋਂਸਲਰਾਂ ਸਹਿਤ ਮੇਅਰ ਰਮਨ ਗੋਇਲ ਨੂੰ ਵੀ ਕਾਂਗਰਸ ਪਾਰਟੀ ਨੇ ਬਾਹਰ ਕੱਢ ਦਿੱਤਾ ਸੀ। ਸਾਬਕਾ ਵਿਤ ਮੰਤਰੀ ਮਨਪ੍ਰੀਤ ਬਾਦਲ ਦੇ ਖੇਮੇ ਦੀ ਮੰਨੀ ਜਾਣ ਵਾਲੀ ਸ਼੍ਰੀਮਤੀ ਗੋਇਲ ਨੇ ਹਾਲੇ ਤੱਕ ਭਾਜਪਾ ਵੀ ਜੁਆਇੰਨ ਨਹੀਂ ਕੀਤੀ ਹੈ ਤੇ ਹਾਊਸ ਵਿਚ ਬਹੁਮਤ ਨਾ ਹੋਣ ਕਾਰਨ ਹਰ ਮੀਟਿੰਗ ਵਿਚ ਉਨ੍ਹਾਂ ਨੂੰ ਅਪਣੀ ਸਾਬਕਾ ਪਾਰਟੀ ਦੇ ਕੋਂਸਲਰਾਂ ਦਾ ਭਾਰੀ ਵਿਰੋਧ ਝੱਲਣਾ ਪੈ ਰਿਹਾ ਹੈ। ਉਧਰ ਭਲਕੇ ਹੋਣ ਵਾਲੀ ਮੀਟਿੰਗ ਨੂੰ ਰੱਦ ਕਰਨ ਸਬੰਧੀ ਜਦ ਕੁੱਝ ਕੋਂਸਲਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾਅਵਾ ਕੀਤਾ ਕਿ ‘‘ ਮੀਟਿੰਗ ਵਿਚ ਰੱਖਿਆ ਏਜੰਡਾ ਪੱਖਪਾਤੀ ਸੀ ਤੇ ਇਸਨੂੰ ਤਿਆਰ ਕਰਨ ਲਈ ਜਿਆਦਾਤਰ ਕੋਂਸਲਰਾਂ ਦੀ ਰਾਏ ਨਹੀਂ ਲਈ ਗਈ ਸੀ। ’’ ਸੂਤਰਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਕਾਂਗਰਸੀ ਕੋਂਸਲਰਾਂ ਨੇ ਅੰਦਰਖਾਤੇ ਮੇਅਰ ਤਂੋ ਕਮੇਟੀ ਬਣਾਉਣ ਸਹਿਤ ਹੋਰ ਮਹੱਤਵਪੂਰਨ ਅਧਿਕਾਰ ਵੀ ਬਹੁਮਤ ਦੇ ਅਧਾਰ ’ਤੇ ਵਾਪਸ ਲੈਣ ਦੀ ਤਿਆਰੀ ਕੀਤੀ ਹੋਈ ਸੀ, ਜਿਸਦਾ ਅਸਰ ਵੀ ਮੀਟਿੰਗ ਨੂੰ ਰੱਦ ਕਰਨ ਦੇ ਪਿੱਛੇ ਦਿਖਾਈ ਦਿੱਤਾ ਹੈ। ਗੌਰਤਲਬ ਹੈ ਕਿ ਬਠਿੰਡਾ ਨਗਰ ਨਿਗਮ ਦੇ 50 ਮੈਂਬਰੀ ਹਾਊਸ ਵਿਚ ਫ਼ਰਵਰੀ 2021 ਵਿਚ ਹੋਈਆਂ ਚੋਣਾਂ ’ਚ ਕਾਂਗਰਸ ਦੇ 41 ਕੋਂਸਲਰ ਜਿੱਤੇ ਸਨ, ਜਿਸਦੇ ਵਿਚੋਂ 28-29 ਦੇ ਕਰੀਬ ਕੋਂਸਲਰ ਹਾਲੇ ਵੀ ਕਾਂਗਰਸ ਨਾਲ ਖੜ੍ਹੈ ਹਨ, ਜਿਸਦੇ ਚੱਲਦੇ ਹਾਊਸ ਵਿਚ ਸਧਾਰਨ ਬਹੁਮਤ ਕਾਂਗਰਸ ਪਾਰਟੀ ਕੋਲ ਮੌਜੂਦ ਹੈ ਪ੍ਰੰਤੂ ਮੇਅਰ ਨੂੰ ਗੱਦੀਓ ਉਤਾਰਨ ਲਈ ਦੋ ਤਿਹਾਈ ਬਹੁਮਤ ਦੀ ਜਰੂਰਤ ਹੈ, ਜਿਹੜਾ ਹਾਲੇ ਕਾਂਗਰਸ ਕਰ ਨਹੀਂ ਪਾਈ ਹੈ। ਸੂਤਰਾਂ ਮੁਤਾਬਕ ਮੇਅਰ ਨੂੰ ਗੱਦੀਓ ਉਤਾਰਨ ਦੇ ਪਏ ਰੌਲੇ-ਰੱਪੇ ਅਤੇ ਮਨਪ੍ਰੀਤ ਬਾਦਲ ਵਲੋਂ ਭਾਜਪਾ ’ਚ ਸਮੂਲੀਅਤ ਦੌਰਾਨ ਸੁਖਬੀਰ ਸਿੰਘ ਬਾਦਲ ਵਲੋਂ ਸੱਦੀ ਮੀਟਿੰਗ ਤੋਂ ਬਾਅਦ ਹਾਊਸ ’ਚ ਮੌਜੂਦ ਅੱਧੀ ਦਰਜ਼ਨ ਦੇ ਕਰੀਬ ਅਕਾਲੀ ਕੋਂਸਲਰ ਦੇ ਤੇਵਰ ਵੀ ਬਦਲੇ-ਬਦਲੇ ਦਿਖ਼ਾਈ ਦੇਣ ਲੱਗੇ ਹਨ। ਜਿਸਦੇ ਚੱਲਦੇ ਕਾਂਗਰਸ ਹਾਲੇ ਤੱਕ ਮੇਅਰ ਵਿਰੁਧ ਬੇਵਿਸਾਹੀ ਦਾ ਮਤਾ ਲਿਆਉਣ ਵਿਚ ਅਸਫ਼ਲ ਰਹੀ ਹੈ।
Share the post "ਵਿਰੋਧੀ ਗੁੱਟ ਦੇ ਦਬਾਅ ਤੋਂ ਬਾਅਦ ਬਠਿੰਡਾ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਰੱਦ"