14 Views
ਚੰਡੀਗੜ੍ਹ ਤੈਨਾਤੀ ਦੌਰਾਨ ਲੱਗੇ ਸਨ ਗੰਭੀਰ ਦੋਸ਼
ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਦਸ ਮਹੀਨੇ ਪਹਿਲਾਂ ਹੀ ਕਰ ਦਿੱਤਾ ਸੀ ਐਸਐਸਪੀ ਦੇ ਅਹੁੱਦੇ ਤੋਂ ਫ਼ਾਰਗ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 2 ਫ਼ਰਵਰੀ: ਵਿਵਾਦਾਂ ਦੇ ਘੇਰੇ ਵਿੱਚ ਚੱਲੇ ਆ ਰਹੇ ਪੰਜਾਬ ਪੁਲਿਸ ਦੇ ਅਧਿਕਾਰੀ ਕੁਲਦੀਪ ਚਾਹਲ ਵਿਰੁੱਧ ਸੀਬੀਆਈ ਨੇ ਭਿਰਸ਼ਟਾਚਾਰ ਦੇ ਦੋਸ਼ਾਂ ਹੇਠ ਜਾਂਚ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਿਆ ਹੈ ਕਿ ਚਹਿਲ ਵਿਰੁੱਧ ਚੰਡੀਗੜ੍ਹ ਤੈਨਾਤੀ ਦੌਰਾਨ ਪ੍ਰਸ਼ਾਸਕ ਦੇ ਕੋਲ ਗੰਭੀਰ ਤਰ੍ਹਾਂ ਦੇ ਦੋਸ਼ ਲਗਾਏ ਗਏ ਸਨ ਇਨ੍ਹਾਂ ਦੋਸ਼ਾਂ ਦੀ ਪੜਤਾਲ ਲਈ ਸੀਬੀਆਈ ਨੂੰ ਜਾਂਚ ਕਰਨ ਲਈ ਕਿਹਾ ਗਿਆ ਹੈ। ਦੱਸਣਾ ਬਣਦਾ ਹੈ ਕਿ 29 ਸਤੰਬਰ 2020 ਵਿਚ ਤਿੰਨ ਸਾਲਾਂ ਲਈ ਚੰਡੀਗੜ੍ਹ ਦੇ ਐਸਐਸਪੀ ਵਜੋਂ ਤੈਨਾਤ ਹੋਏ 2009 ਬੈਂਚ ਦੇ ਆਈਪੀਐਸ ਅਧਿਕਾਰੀ ਕੁਲਦੀਪ ਚਾਹਲ ਨੂੰ ਕਾਰਜਕਾਲ ਪੂਰਾ ਹੋਣ ਤੋਂ ਕਰੀਬ 10 ਮਹੀਨੇ ਪਹਿਲਾਂ ਹੀ ਚੰਡੀਗੜ੍ਹ ਦੇ ਮੁੱਖ ਪ੍ਰਸ਼ਾਸ਼ਕ ਅਤੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ 12 ਦਸੰਬਰ ਨੂੰ ਵਾਪਸ ਭੇਜ ਦਿੱਤਾ ਸੀ। ਹਾਲਾਂਕਿ ਇਸ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਰਾਜਪਾਲ ਵਿਚਕਾਰ ਕਾਫੀ ਤਣਾਅਪੂਰਨ ਸੰਬੰਧ ਬਣ ਗਏ ਸਨ ਪ੍ਰੰਤੂ ਰਾਜਪਾਲ ਵੱਲੋਂ ਸਾਰੇ ਤੱਥ ਜਨਤਕ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੂੰ ਚੁੱਪ ਵੱਟਣੀ ਪਈ ਸੀ। ਇਸ ਦੌਰਾਨ ਮੁੱਖ ਪ੍ਰਸ਼ਾਸ਼ਕ ਵੱਲੋਂ ਚੰਡੀਗੜ੍ਹ ਦੇ ਐਸਐਸਪੀ ਲਈ ਮੰਗੇ ਗਏ ਤਿੰਨ ਨਾਵਾਂ ਦੇ ਪੈਨਲ ਉਪਰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਵਿਚਾਰ-ਵਟਾਂਦਰਾ ਜਾਰੀ ਹੈ ਅਤੇ ਮੌਜੂਦਾ ਸਮੇਂ ਹਰਿਆਣਾ ਕਾਡਰ ਨਾਲ ਸਬੰਧਤ ਇਕ ਮਹਿਲਾ ਆਈਪੀਐਸ ਅਧਿਕਾਰੀ ਨੂੰ ਚੰਡੀਗੜ੍ਹ ਦੇ ਕਾਰਜਕਾਰੀ ਐਸਐਸਪੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਧਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਚਾਹਲ ਉਪਰ ਲੱਗੇ ਦੋਸ਼ਾਂ ‘ਚੋਂ ਇਕ ਦੋਸ਼ ਉਸ ‘ਤੇ ਨਿੱਜੀ ਤੌਰ ‘ਤੇ ਇਕ ਵੱਡੇ ਮਾਲ ‘ਚ ਫੂਡ ਕੋਰਟ ਖਾਲੀ ਕਰਵਾਉਣ ਦਾ ਹੈ ਅਤੇ ਨਾਲ ਹੀ ਚੰਡੀਗੜ੍ਹ ਸਥਿਤ ਇਸੇ ਮਾਲ ਦੇ ਮੁੱਖ ਅਧਿਕਾਰੀ ਵਿਰੁੱਧ ਲੱਗੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਐਫਆਈਆਰ ਦਰਜ ਨਾ ਕਰਨ ਲੈ ਕੇ ਚਹਿਲ ਦੀ ਭੂਮਿਕਾ ਸ਼ੱਕੀ ਸੀ। ਇਸੇ ਤਰ੍ਹਾਂ ਇਕ ਮਕਾਨ ‘ਤੇ ਨਾਜਾਇਜ਼ ਕਬਜ਼ਾ ਕਰਨ ਦੇ ਮਾਮਲੇ ‘ਚ ਵੀ ਚਹਿਲ ਉਪਰ ਉਂਗਲ ਉੱਠੀ ਸੀ। ਇਹ ਵੀ ਦੱਸਣਾ ਬਣਦਾ ਹੈ ਕਿ ਚੰਡੀਗੜ੍ਹ ਦੇ ਐਸਐਸਪੀ ਵਜੋਂ ਫ਼ਾਰਗ ਹੋਣ ਤੋਂ ਬਾਅਦ ਰਾਜਪਾਲ ਨੇ ਪੰਜਾਬ ਸਰਕਾਰ ਨੂੰ ਉਕਤ ਅਧਿਕਾਰੀ ਦੀ ਸ਼ੱਕੀ ਭੂਮਿਕਾ ਦੀ ਜਾਂਚ ਲਈ ਕਿਹਾ ਸੀ ਪ੍ਰੰਤੂ ਪੰਜਾਬ ਸਰਕਾਰ ਨੇ ਕੋਈ ਜਾਂਚ ਸ਼ੁਰੂ ਕਰਨ ਦੀ ਬਜਾਏ ਉਕਤ ਅਧਿਕਾਰੀ ਨੂੰ 21 ਜਨਵਰੀ ਨੂੰ ਜਲੰਧਰ ਦੇ ਪੁਲਿਸ ਕਮਿਸ਼ਨਰ ਵਜੋਂ ਤੈਨਾਤ ਕਰ ਦਿੱਤਾ ਸੀ। ਉਧਰ ਜਦ ਰਾਜਪਾਲ ਬਨਵਾਰੀ ਲਾਲ ਪੁਰੋਹਿਤ 26 ਜਨਵਰੀ ਨੂੰ ਜਲੰਧਰ ‘ਚ ਮਨਾਏ ਸੂਬਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਝੰਡਾ ਲਹਿਰਾਉਣ ਪੁੱਜੇ ਸਨ ਤਾਂ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਬਜਾਏ ਕੁਲਦੀਪ ਚਾਹਲ 2 ਦਿਨਾਂ ਦੀ ਛੁੱਟੀ ‘ਤੇ ਚਲੇ ਗਏ ਸਨ ਜਿਸ ਦੀ ਕਾਫੀ ਚਰਚਾ ਹੋਈ ਸੀ। ਅਜਿਹੇ ਹਾਲਾਤਾਂ ਵਿੱਚ ਸੀ ਬੀ ਆਈ ਵੱਲੋਂ ਉਕਤ ਅਧਿਕਾਰੀ ਵਿਰੁੱਧ ਜਾਂਚ ਸ਼ੁਰੂ ਕਰਨ ਦੇ ਚੱਲਦੇ ਕਾਫੀ ਕੁਝ ਸਾਹਮਣੇ ਆ ਸਕਦਾ ਹੈ। ਜਿਸ ਨਾਲ ਉਕਤ ਅਧਿਕਾਰੀ ਦੀਆਂ ਮੁਸ਼ਕਲਾਂ ਵਿਚ ਵਾਧਾ ਹੋ ਸਕਦਾ ਹੈ।
Share the post "ਵਿਵਾਦਾਂ ਵਿੱਚ ਘਿਰੇ ਪੁਲਿਸ ਅਧਿਕਾਰੀ ਕੁਲਦੀਪ ਚਾਹਲ ਵਿਰੁੱਧ ਸੀਬੀਆਈ ਜਾਂਚ ਸ਼ੁਰੂ "