ਧਰਤੀ ਸੰਬੰਧੀ ਸਮੁੱਚਾ ਗਿਆਨ ਦੇਣ ਵਾਲੇ ਵਿਸ਼ੇ ਭੂਗੋਲ ਨੂੰ ਹਰੇਕ ਸਕੂਲ ’ਚ ਚਾਲੂ ਕਰਨ ਦੀ ਮੰਗ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 22 ਅਪ੍ਰੈਲ: ਵਿਸ਼ਵ ਧਰਤੀ ਦਿਵਸ ਮੌਕੇ ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਜੱਥੇਬੰਦੀ ਦੇ ਸੂਬਾ ਪ੍ਰਧਾਨ ਲੈਕਚਰਾਰ ਸੁਖਜਿੰਦਰ ਸਿੰਘ ਸੁੱਖੀ ਦੀ ਪ੍ਰਧਾਨਗੀ ਹੇਠ ਹੋਈ। ਜੱਥੇਬੰਦੀ ਦੇ ਆਗੂ ਹਰਜੋਤ ਸਿੰਘ ਬਰਾੜ ਨੇ ਦਸਿਆ ਕਿ ਸਭ ਤੋਂ ਪਹਿਲਾਂ ਸੰਯੁਕਤ ਰਾਜ ਦੇ ਸੈਨੇਟਰ ਗੇਲੋਰਡ ਨੈਲਸਨ ਨੇ 22 ਅਪ੍ਰੈਲ 1970 ਨੂੰ ਦੇਸ਼ ਭਰ ਵਿੱਚ ਇਸ ਦਿਨ ਨੂੰ ਮਨਾਉਣ ਦਾ ਵਿਚਾਰ ਪੇਸ਼ ਕੀਤਾ। ਗਗਨਦੀਪ ਸਿੰਘ ਸੰਧੂ ਅਤੇ ਅਭੈਜੋਤ ਸਿੰਘ ਨੇ ਦੱਸਿਆ ਕਿ ਭਾਰਤ ਸਮੇਤ ਇਸ ਸਮੇਂ ਦੁਨੀਆਂ ਦੇ ਲੱਗਭਗ 193 ਦੇਸ਼ਾਂ ਵਿੱਚ ਹਰ ਸਾਲ 22 ਅਪ੍ਰੈਲ ਨੂੰ ਧਰਤੀ ਦਿਵਸ ਮਨਾਇਆ ਜਾਂਦਾ ਹੈ। ਜੱਥੇਬੰਦੀ ਦੇ ਸਕੱਤਰ ਸ਼ਮਸ਼ੇਰ ਸਿੰਘ ਸ਼ੈਰੀ ਅਤੇ ਮਹਾਂਵੀਰ ਸਿੰਘ ਨੇ ਕਿਹਾ ਕਿ ਜਾਣਕਾਰੀ ਦਿੱਤੀ ਕਿ ਇਸ ਸਾਲ 2023 ਵਿੱਚ ਵਿਸ਼ਵ ਧਰਤੀ ਦਿਵਸ ਦਾ ਥੀਮ ’ ਸਾਡੇ ਗ੍ਰਹਿ ਵਿੱਚ ਨਿਵੇਸ਼ ਕਰੋ ’ ਹੈ। ਮੀਟਿੰਗ ਵਿੱਚ ਇਹ ਮਹਿਸੂਸ ਕੀਤਾ ਗਿਆ ਕਿ ਧਰਤੀ ਗ੍ਰਹਿ ਮਨੁੱਖ ਦਾ ’ ਘਰ ’ ਹੈ ਅਤੇ ਕੁਦਰਤੀ ਸੌਗਾਤਾਂ ਨਾਲ ਭਰਪੂਰ ਹੈ ਪਰੰਤੂ ਮਨੁੱਖ ਨੇ ਇਸ ਨੂੰ ਆਪਣੀਆਂ ਲੋੜਾਂ ਦੀ ਪੂਰਤੀ ਲਈ ਪ੍ਰਦੂਸ਼ਿਤ ਕੀਤਾ ਹੋਇਆ ਹੈ, ਜਿਸ ਦਾ ਪ੍ਰਭਾਵ ਸਮੁੱਚੇ ਵਾਤਾਵਰਣ ਉੱਪਰ ਪੈ ਕੇ ਮਨੁੱਖੀ ਸਿਹਤ ਨੂੰ ਨੁਕਸਾਨ ਪਹੁੰਚ ਰਿਹਾ ਹੈ। ਮੀਟਿੰਗ ਵਿੱਚ ਪੰਜਾਬ ਦੇ ਦਰਿਆਵਾਂ ਨੂੰ ਦੂਸ਼ਿਤ ਕਰਨ ਉੱਪਰ ਚਿੰਤਾ ਜਾਹਰ ਕੀਤੀ ਗਈ ਕਿ ਇਸ ਦਾ ਪਾਣੀ ਪੀਣਯੋਗ ਵੀ ਨਹੀਂ ਰਿਹਾ ਤੇ ਖੇਤੀਬਾੜੀ ਲਈ ਵੀ ਯੋਗ ਨਹੀਂ ਹੈ। ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ ਨੇ ਦੱਸਿਆ ਕਿ 11ਵੀਂ ਤੇ 12ਵੀਂ ਸ਼ਰੇਣੀ ਦੇ ਭੂਗੋਲ ਵਿਸ਼ੇ ਵਿੱਚ ਮਹਾਂਦੀਪਾਂ, ਮਹਾਂਸਾਗਰਾਂ, ਵਾਯੂਮੰਡਲ, ਧਰਤੀ ਦੀ ਕੁਦਰਤੀ ਬਨਸਪਤੀ, ਪਰਬਤਾਂ, ਮੈਦਾਨਾਂ, ਨਕਸ਼ਿਆਂ ਰਾਹੀਂ ਗਿਆਨ ਦੇਣ ਅਤੇ ਕੁਦਰਤੀ ਸਾਧਨਾਂ ਬਾਰੇ ਸਮੁੱਚਾ ਗਿਆਨ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਕੁਦਰਤੀ ਤੋਹਫ਼ਿਆਂ ਦੇ ਹੋਂਦ ਦੀ ਜਾਣਕਾਰੀ ਦੀ ਘਾਟ ਹੋਣ ਕਰਕੇ ਮਨੁੱਖ ਇਸ ਦੀ ਦੁਰਵਰਤੋਂ ਕਰ ਰਿਹਾ ਹੈ, ਜਿਸ ਦਾ ਨੁਕਸਾਨ ਆਉਣ ਵਾਲੀ ਪੀੜ੍ਹੀ ਨੂੰ ਵਧੇਰੇ ਹੋਵੇਗਾ। ਉੱਧਰ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ (ਸਕੂਲਾਂ) ਵੱਲੋਂ ਧਰਤੀ ਸੰਬੰਧੀ ਸਮੁੱਚਾ ਗਿਆਨ ਦੇਣ ਵਾਲੇ ਵਿਸ਼ੇ ਭੂਗੋਲ (ਜੌਗਰਫ਼ੀ) ਨੂੰ ਅੱਖੋਂ ਪਰੋਖੇ ਕੀਤਾ ਹੈ ਕਿਉਂਕਿ ਵਰਤਮਾਨ ਸਮੇਂ ਪੰਜਾਬ ਦੇ ਲਗਭਗ 2026 ਸੀਨੀ: ਸੈਕੰ: ਸਕੂਲਾਂ ਵਿੱਚੋਂ 225 ਸਕੂਲਾਂ ਦੇ ਵਿਦਿਆਰਥੀਆਂ ਨੂੰ ਹੀ ਲੈਕਚਰਾਰ ਪੜ੍ਹਾਉਣ ਲਈ ਮੌਜ਼ੂਦ ਹਨ, ਜਦੋਂਕਿ ਬਾਕੀ 1800 ਸਕੂਲਾਂ ਦੇ ਵਿਦਿਆਰਥੀ ਧਰਤੀ ਸੰਬੰਧੀ ਗਿਆਨ ਦੇਣ ਵਾਲੇ ਭੂਗੋਲ ਵਿਸ਼ੇ ਦੀ ਪੜ੍ਹਾਈ ਤੋਂ ਵਾਂਝੇ ਹਨ। ਜੱਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਹਰ ਇੱਕ ਸੀਨੀਅਰ ਸੀਨੀ: ਸੈਕੰ: ਸਕੂਲ ਵਿੱਚ ਭੂਗੋਲ ਦੇ ਲੈਕਚਰਾਰ ਦੀ ਆਸਾਮੀ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਐਮੀਨੈਂਸ ਸਕੂਲਾਂ ਤੇ ਪੀ.ਐੱਮ. ਸ਼੍ਰੀ ਸਕੂਲਾਂ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਜਾਣ, ਤਾਂ ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਧਰਤੀ ’ਗ੍ਰਹਿ’ ਦੀ ਰੱਖਿਆ ਕਰ ਸਕੇ ਅਤੇ ਪੰਜਾਬ ਦੀ ਖੁਸ਼ਹਾਲੀ ਵਿੱਚ ਆਪਣਾ ਯੋਗਦਾਨ ਪਾ ਸਕੇ।
ਵਿਸ਼ਵ ਧਰਤੀ ਦਿਵਸ ਮੌਕੇ ਜੌਗਰਫ਼ੀ ਟੀਚਰਜ਼ ਯੂਨੀਅਨ ਪੰਜਾਬ ਦੀ ਮੀਟਿੰਗ
23 Views