ਪੁਲਿਸ ਦੀਆਂ ਥਾਂ-ਥਾਂ ਦਿਖ਼ਾਈ ਦਿੱਤੀਆਂ ਭਾਰੀ ਰੋਕਾਂ, ਸੰਗਤਾਂ ਦੇ ਮਨਾਂ ’ਚ ਦੇਖਣ ਨੂੰ ਮਿਲਿਆ ਖੌਫ਼ ਦਾ ਪ੍ਰਛਾਵਾਂ
ਸੁਖਜਿੰਦਰ ਮਾਨ
ਦਮਦਮਾ ਸਾਹਿਬ, (ਬਠਿੰਡਾ) 14 ਅਪ੍ਰੈਲ : ਖ਼ਾਲਸਾ ਸਾਜ਼ਨਾ ਦਿਵਸ ਦੇ 324ਵੇਂ ਦਿਹਾੜੇ ਮੌਕੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਮਨਾਏ ਵਿਸਾਖੀ ਦੇ ਜੋੜ ਮੇਲੇ ਉਪਰ ਅੱਜ ਪੁਲਿਸ ਦੀ ਸਖ਼ਤੀ ਦਾ ਪ੍ਰਛਾਵਾਂ ਦੇਖਣ ਨੂੰ ਮਿਲਿਆ। ਇਸ ਦੌਰਾਨ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਧਾਰਮਿਕ ਸਮਾਗਮਾਂ ਤਹਿਤ ਅੱਜ ਤਖ਼ਤ ਸਾਹਿਬ ਉਪਰ ਧਾਰਮਿਕ ਦੀਵਾਨ ਸਜ਼ਾਏ ਗਏ ਅਤੇ ਸ਼੍ਰੀ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ। ਪ੍ਰੰਤੂ ਪਿਛਲੇ ਵਿਸਾਖੀ ਜੋੜ ਮੇਲਿਆਂ ਦੇ ਮੁਕਾਬਲੇ ਇਸ ਵਾਰ ਨਾਂ ਹੀ ਸਰਧਾਲੂਆਂ ਦੀ ਭੀੜ ਦਿਸੀ ਅਤੇ ਨਾਂ ਹੀ ਲੰਗਰਾਂ ਵਿਚ ਰੌਲਾ-ਰੱਪਾਂ ਸੁਣਾਈ ਦਿੱਤਾ। ਕਈ ਇਲਾਕਿਆਂ ਵਿਚ ਸਰਧਾਲੂਆਂ ਦੇ ਮੁਕਾਬਲੇ ਪੁਲਿਸ ਮੁਲਾਜਮਾਂ ਦੀ ਗਿਣਤੀ ਜਿਆਦਾ ਵਿਖਾਈ ਦਿੱਤੀ। ਹਾਲਾਂਕਿ ਸਵੇਰ ਸਮੇਂ ਸਰਧਾਲੂਆਂ ਦੀ ਆਮਦ ਮੱਠੀ ਰਹੀ ਜੋਕਿ ਦੁਪਿਹਰ ਤੱਕ ਜਰੂਰ ਵਧਦੀ ਦਿਖ਼ਾਈ ਦਿੱਤੀ ਪ੍ਰੰਤੂ ਪਿਛਲੇ ਕੁੱਝ ਦਿਨਾਂ ਤੋਂ ਤਲਵੰਡੀ ਸਾਬੋ ਵਿਖੇ ਭਾਰੀ ਗਿਣਤੀ ’ਚ ਪੁਲਿਸ ਬਲ ਤੈਨਾਤ ਹੋਣ ਅਤੇ ਵਿਸਾਖ਼ੀ ਮੌਕੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਵਲੋਂ ਆਤਮ ਸਮਰਪਣ ਦੀਆਂ ਅਫ਼ਵਾਹਾਂ ਨੇ ਸਰਧਾਲੂਆਂ ਦੇ ਮਨਾਂ ਉਪਰ ਵੱਡਾ ਅਸਰ ਪਾਇਆ। ਜਿਸਦੇ ਚੱਲਦੇ ਇੱਥੇ ਹਜ਼ਾਰਾਂ ਰੁਪਏ ਖ਼ਰਚ ਕਰਕੇ ਵਿਸਾਖੀ ਮੌਕੇ ਦੁਕਾਨਾਂ ਤੇ ਸਟਾਲਾਂ ਸਜਾਉਣ ਵਾਲਿਆਂ ਦੇ ਚਿਹਰੇ ਵੀ ਮਰਝਾਏ ਰਹੇ। ਇਸਤੋਂ ਇਲਾਵਾ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਬਹੁਜਨ ਸਮਾਜ ਪਾਰਟੀ ਨੂੰ ਛੱਡ ਕਿਸੇ ਵੀ ਸਿਆਸੀ ਧਿਰ ਵਲੋਂ ਤਖ਼ਤ ਸਾਹਿਬ ਉਪਰ ਵਿਸ਼ਾਖੀ ਕਾਨਫਰੰਸ ਨਹੀਂ ਕੀਤੀ ਗਈ ਸੀ, ਜਿਸਦੇ ਕਾਰਨ ਵੀ ਰੈਲੀਆਂ ’ਚ ਪੁੱਜਣ ਵਾਲੇ ਸਿਆਸੀ ਕਾਰਕੁੰਨ ਵੀ ਘਟ ਹੀ ਦਿਖ਼ਾਈ ਦਿੱਤੇ। ਉਂਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਛੱਡ ਕੋਈ ਵੱਡਾ ਸਿਆਸੀ ਆਗੂ ਵੀ ਇੱਥੇ ਨਜ਼ਰ ਨਹੀਂ ਆਇਆ। ਦੂਜੇ ਪਾਸੇ ਏਡੀਜੀਪੀ ਦੀ ਅਗਵਾਈ ਹੇਠ ਅੱਧੀ ਦਰਜ਼ਨ ਤੋਂ ਵੱਧ ਜ਼ਿਲ੍ਹਿਆਂ ਦੇ ਐਸਐਸਪੀਜ਼ ਸਹਿਤ ਹਜ਼ਾਰਾਂ ਦੀ ਤਾਦਾਦ ਵਿਚ ਛੋਟੇ-ਵੱਡੇ ਅਫ਼ਸਰ ਵਰਦੀ ਤੇ ਸਿਵਲ ਕੱਪੜਿਆਂ ’ਚ ਤਖ਼ਤ ਸਾਹਿਬ ਅਤੇ ਤਲਵੰਡੀ ਸਾਬੋ ਇਲਾਕੇ ਦੇ ਚੱਪੇ-ਚੱਪੇ ਉਪਰ ਤੈਨਾਤ ਸਨ, ਜਿੰਨ੍ਹਾਂ ਵਲੋਂ ਹਰ ਆਉਣ-ਜਾਣ ਵਾਲੇ ਸਰਧਾਲੂ ਉਪਰ ਬਾਜ਼ ਅੱਖ ਰੱਖੀ ਹੋਈ ਸੀ। ਗੌਰਤਲਬ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਤਮ ਸਮਰਪਣ ਕਰਨ ਦੀ ਦਿੱਤੀ ਸਲਾਹ ਤੋਂ ਬਾਅਦ ਪਿਛਲੇ ਕੁੱਝ ਦਿਨਾਂ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਉਹ ਵਿਸਾਖੀ ਮੌਕੇ ਦਮਦਮਾ ਸਾਹਿਬ ਦੀ ਧਰਤੀ ’ਤੇ ਪੁੱਜ ਸਕਦੇ ਹਨ। ਜਿਸਤੋਂ ਬਾਅਦ ਇੱਥੇ ਭਾਰੀ ਗਿਣਤੀ ਵਿਚ ਪੁਲਿਸ ਤੈਨਾਤ ਕਰਨ ਦੇ ਇਲਾਵਾ ਖੁਦ ਦੋ ਦਫ਼ਾ ਡੀਜੀਪੀ ਗੌਰਵ ਯਾਦਵ ਵਲੋਂ ਵੀ ਦੌਰਾ ਕੀਤਾ ਜਾ ਚੁੱਕਿਆ ਹੈ। ਉਧਰ ਤਖ਼ਤ ਸਾਹਿਬ ਉਪਰ ਅੱਜ ਸਭ ਤੋਂ ਪਹਿਲਾਂ ਸ਼੍ਰੀ ਅਖੰਠ ਪਾਠ ਸਾਹਿਬ ਦੇ ਭੋਗ ਪਾਏ, ਜਿਸਤੋਂ ਬਾਅਦ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸੰਗਤਾਂ ਨੂੰ ਵਿਸਾਖੀ ਮੌਕੇ ਸੰਦੇਸ਼ ਦਿੱਤਾ ਗਿਆ। ਇਸਤੋਂ ਬਾਅਦ ਸਾਰਾ ਦਿਨ ਦਰਬਾਰ ਸਾਹਿਬ ਅੰਦਰ ਕੀਰਤਨ ਪ੍ਰਵਾਹ ਚੱਲਦਾ ਰਿਹਾ ਤੇ ਨਾਲ ਹੀ ਅੰਮ੍ਰਿਤ ਸੰਚਾਰ ਦੀ ਮੁਹਿੰਮ ਵੀ ਚਲਾਈ ਗਈ, ਜਿੱਥੇ ਸੈਂਕੜੇ ਵਿਅਕਤੀਆਂ ਨੇ ਅੰਮ੍ਰਿਤ ਛਕਿਆ। ਇਸਤੋਂ ਇਲਾਵਾ ਬੀਤੀ ਰਾਤ ਦੀਵਾਨ ਹਾਲ ’ਚ ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀਆਂ ਨੂੰ ਸਮਰਪਿਤ ਕਵੀ ਦਰਬਾਰ ਵੀ ਕਰਵਾਇਆ ਗਿਆ। ਭਲਕੇ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਵਜੋਂ ਜਾਣੇ ਜਾਂਦੇ ਨਿਹੰਗ ਸਿੰਘਾਂ ਵਲੋਂ ਮੁਹੱਲਾ ਕੱਢਣ ਤੋਂ ਬਾਅਦ ਇਹ ਵਿਸਾਖ਼ੀ ਜੋੜ ਮੇਲਾ ਸਮਾਪਤ ਹੋ ਜਾਵੇਗਾ।
Share the post "ਵਿਸਾਖੀ ਦੇ ਦਿਹਾੜੇ ਉਪਰ ਦਿਖ਼ਾਈ ਦਿੱਤਾ ਭਾਈ ਅੰਮ੍ਰਿਤਪਾਲ ਸਿੰਘ ਵਿਵਾਦ ਦਾ ਪ੍ਰਛਾਵਾਂ, ਸੰਗਤਾਂ ਦੀ ਗਿਣਤੀ ਫਿੱਕੀ ਰਹੀ"